
ਬਲਵੀਰ ਜਲਾਲਾਬਾਦੀ ਜੀ ਵੱਲੋਂ “ਸੰਦਲੀ ਬਾਗ਼” ਬਾਰੇ ਕੁਝ ਅਹਿਸਾਸ…
ਪੁਸਤਕ “ਸੰਦਲੀ ਬਾਗ਼” ਦਾ ਪਾਠ ਕਰਦਿਆਂ
ਪੁਸਤਕ ਦਾ ਨਾਮ : ਸੰਦਲੀ ਬਾਗ਼
ਲੇਖਕ ਦਾ ਨਾਮ : ਪ੍ਰਭਜੋਤ ਸਿੰਘ ਸੋਹੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ ਪਟਿਆਲਾ
ਪੰਨੇ : 112
ਕੀਮਤ : 200 ਰੁਪਏ
ਪ੍ਰਭਜੋਤ ਸਿੰਘ ਸੋਹੀ ਨੇ 2005 ਵਿੱਚ “ਕਿਵੇਂ ਕਹਾਂ” ਕਾਵਿ ਸੰਗ੍ਰਹਿ ਰਾਹੀਂ ਆਪਣੇ ਸਾਹਿਤਕ ਸਫ਼ਰ ਦਾ ਆਗਾਜ਼ ਕਰਦਿਆਂ “ਰੂਹ ਰਾਗ” (ਕਾਵਿ ਸੰਗ੍ਰਹਿ) 2014 ਤੋਂ ਸੱਤ ਸਾਲ ਬਾਅਦ ਹੁਣ “ਸੰਦਲੀ ਬਾਗ” ਗੀਤ ਸੰਗ੍ਰਹਿ ਰਾਹੀਂ ਆਪਣੀ ਤੀਜੀ ਪੁਸਤਕ ਨਾਲ ਸਾਹਿਤਕ ਪਿੜ ਵਿੱਚ ਦਸਤਕ ਦਿੱਤੀ ਹੈ। ਪੰਜਾਬੀ ਸੱਭਿਆਚਾਰ ਦੀ ਧਰਾਤਲ ਅਤੇ ਸਦਾਚਾਰਕ ਜ਼ਿੰਦਗੀ ਨਾਲ ਜੁੜੇ ਇਸ ਸੰਵੇਦਨਸ਼ੀਲ ਅਤੇ ਸਾਹਿਤਕ ਸੁਭਾਅ ਵਾਲੇ ਸ਼ਾਇਰ ਕੋਲ ਜਿੱਥੇ ਸ਼ਬਦਾਂ ਅਤੇ ਅਲੰਕਾਰਾਂ ਦਾ ਅਥਾਹ ਭੰਡਾਰ ਹੈ ਉੱਥੇ ਉਹਦੀ ਅਵਾਜ਼ ਵਿੱਚ ਸੋਜ਼ ਵੀ ਹੈ ਤੇ ਗਲ਼ੇ ਵਿੱਚ ਰਵਾਨਗੀ ਵੀ। ਅਧਿਆਪਨ ਉਹਦੀ ਕਰਮ ਭੂਮੀ ਹੈ ਪਰ ਮਨ ਦੀ ਕੈਨਵਸ ਤੇ ਉਹ ਸ਼ਬਦਾਂ ਰਾਹੀਂ ਨਜ਼ਮਾਂ ਅਤੇ ਗੀਤਾਂ ਦੇ ਖੂਬਸੂਰਤ ਨਕਸ਼ ਚਿਤਰਦਾ ਹੈ। ਸਮਾਜ ਵਿੱਚ ਦਿਨ—ਬ—ਦਿਨ ਵਾਪਰਦੀਆਂ ਘਟਨਾਵਾਂ ਨੂੰ ਕਦੇ ਉਹ ਬਿੰਬ ਬਣਾ ਕੇ ਨਜ਼ਮਾਂ ਵਿੱਚ ਢਾਲਦਾ ਹੈ ਤੇ ਕਦੇ ਉਹ ਵਣਜਾਰਨ ਦੇ ਨੱਕ ਦੇ ਕੋਕੇ ਵਾਂਗ ਆਪਣੇ ਗੀਤਾਂ ਦੇ ਮੁਖੜਿਆਂ ਵਿੱਚ ਸਜਾਉਂਦਾ ਹੈ। ਬੁੱਧ ਵਾਂਗ ਮੁੰਦੀਆਂ ਹੋਈਆਂ ਪਲਕਾਂ *ਚ ਸੁਪਨੇ ਸਜਾਉਂਦਾ ਹੋਇਆ ਆਪਣੀ ਬੇਪਨਾਹ ਮੁਹੱਬਤ ਦੇ ਸੁੱਕ ਗਏ ਬੁੱਲ੍ਹਾਂ ਲਈ ਦਰਿਆ ਬਣਨਾ ਤਸੱਵਰ ਕਰਦਾ ਹੈ ਤੇ ਕਦੇ ਉਹ ਤਰੇੜੀ ਹੋਈ ਧਰਤ ਲਈ ਮੋਹ ਦੀ ਬਰਸਾਤ ਬਣਕੇ ਉਮੜ ਆਉਣਾ ਲੋਚਦਾ ਹੈ, ਗੀਤ ਦੇ ਬੋਲ ਹਨ :—
ਪਲਕਾਂ ਦੀਆਂ ਨੋਕਾਂ ਤੇ ਕੋਈ ਸੁਪਨ ਸਜਾ ਸੱਜਣਾਂ,
ਤੂੰ ਪਿਆਸੇ ਹੋਠਾਂ ਲਈ ਬਣ ਜਾ ਦਰਿਆ ਸੱਜਣਾਂ,
ਰੂਹ ਧਰਤ ਤਰੇੜੀ ਹੈ ਮਨ ਅੰਬਰੀਂ ਗਰਦ ਚੜ੍ਹੀ,
ਠੰਡ ਸੀਨੇ ਪੈ ਜਾਵੇ ਉਹ ਬਾਤ ਸਣਾ ਸੱਜਣਾਂ,
ਤੂੰ ਪਿਆਸੇ ਹੋਠਾਂ ਲਈ ਬਣ ਜਾ ਦਰਿਆ ਸੱਜਣਾਂ ………… (ਪੰਨਾ—21)
ਮਨੁੱਖੀ ਰਿਸ਼ਤਿਆਂ ਰਾਹੀਂ ਸਮਾਜ ਦੇ ਤਾਣੇ—ਬਾਣੇ ਨੂੰ ਨੇੜਿਓਂ ਦੇਖਿਆ ਤੇ ਸਮਝਿਆ ਜਾ ਸਕਦਾ ਹੈ। ਚੰਗੇ ਰਿਸ਼ਤਿਆਂ ਦੀ ਬਦੌਲਤ ਦੁਨੀਆਂ ਹੋਰ ਨੇੜੇ ਤੇ ਮਾਣਨਯੋਗ ਲਗਦੀ ਹੈ। ਪ੍ਰਭਜੋਤ ਸਮਾਜਿਕ ਸਰੋਕਾਰਾਂ ਰਾਹੀਂ ਰੂਹਾਂ ਦੀ ਪਵਿਤਰਤਾ ਦੇ ਸਮਾਨੰਤਰ ਆਪਣੇ ਗੀਤਾਂ ਦੇ ਜ਼ਰੀਏ ਰਿਸ਼ਤਿਆਂ ਦੀ ਰੇਤਲੀ ਇਬਾਰਤ ਦੀ ਬਾਤ ਪਾਉਂਦਾ ਹੋਇਆ ਦੱਸਦਾ ਹੈ ਕਿ ਮਾਇਆ ਹੁਣ ਕਿਵੇਂ ਰਿਸ਼ਤਿਆਂ ਤੇ ਭਾਰੂ ਹੋ ਗਈ ਹੈ ਤੇ ਮਾਇਆ ਦੇ ਮੋਹ—ਜਾਲ਼ *ਚ ਦਿਨੋ ਦਿਨ ਰਿਸ਼ਤੇ ਕਿਵੇਂ ਤਿੜਕ ਰਹੇ ਹਨ। ਸਰਾਪ ਬਣ ਰਹੇ ਹਨ, ਦਵੰਦ, ਈਰਖਾ, ਹਾਊਮੈਂ ਤੇ ਨਿੱਜਵਾਦ ਨੇ ਰਿਸ਼ਤਿਆਂ ਨੂੰ ਨਿਗਲ ਲਿਆ ਹੈ। ਰਿਸ਼ਤਿਆਂ ਅਤੇ ਭਾਈਚਾਰਕ ਸਾਂਝ ਦੇ ਅੰਦਰ ਬੇਗਾਨਗੀ ਨੇ ਘਰ ਕਰ ਲਿਆ ਹੈ ਇਸ ਗੀਤ ਵਿੱਚ ਗੀਤਕਾਰ ਆਪਣੇ ਮਨੋਭਾਵਾਂ ਨੂੰ ਇਸ ਤਰ੍ਹਾਂ ਪ੍ਰਗਟਾਉਂਦਾ ਹੈ :—
ਪਹਿਲਾਂ ਵਰਗੀ ਪਾਕ ਮੁਹੱਬਤ ਅੱਜ ਕੱਲ੍ਹ ਕਿੱਥੇ ਲੱਭਦੀ ਆ
ਮਾਇਆ ਭਾਰੂ ਪਿਆਰ ਤੇ ਹੋਗੀ ਸਿੱਕਿਆਂ ਤੇ ਅੱਖ ਸਭਦੀ ਆ
ਆਪਣੇ ਘਰ ਨੂੰ ਸੇਕ ਲੱਗੇ ਤਾਂ ਹੋ ਜਾਂਦੀ ਹੈ ਗੱਲ ਜੁਦਾ
ਦੂਜੇ ਦੇ ਲੱਗੀ ਹੋਈ ਸਭ ਨੂੰ ਅੱਗ ਬਸੰਤਰ ਲਗਦੀ ਆ
ਯਾਰੀ ਪਿੱਛੇ ਜਾਨ ਗੁਆਉਣੀ ਗੱਲ ਹੈ ਬੀਤੇ ਸਮਿਆਂ ਦੀ
ਪੱਗ ਵਟਾ ਫਿਰ ਛੁਰੀ ਚਲਾਉਣੀ ਇਹ ਕਹਾਣੀ ਅੱਜ ਦੀ ਆ…….. (ਪੰਨਾ—47)
ਪ੍ਰਭਜੋਤ ਦੀ ਕਲਮ ਗੰਧਲੀ ਸਿਆਸਤ ਅਤੇ ਕੋਝੀ, ਰਾਜਨੀਤੀ ਨੂੰ ਨਿਸ਼ਾਨਾ ਬਣਾਉਂਦੀ ਹੈ। ਪੰਜਾਬ ਦੀ ਧਰਤੀ ਤੇ ਚੱਲ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਬਾਰੇ ਫਿਕਰਮੰਦੀ ਜ਼ਾਹਰ ਕਰਦਾ ਹੋਇਆ ਕਵੀ ਹੋਕਾ ਦਿੰਦਾ ਹੈ ਕਿ ਪੰਜਾਬ ਦੇ ਅੰਮ੍ਰਿਤਮਈ ਪਾਣੀਆਂ *ਚ ਇਹ ਨਸ਼ਿਆਂ ਦਾ ਕੋਹੜ ਕੀਹਨੇ ਰੋੜ੍ਹ ਦਿੱਤਾ ਹੈ। ਇਸ ਪਾਵਨ ਧਰਤ ਦੀ ਮੂੰਹ—ਜ਼ੋਰ ਜਵਾਨੀ ਨੂੰ ਕੀਹਦੀ ਨਜ਼ਰ ਲੱਗ ਗਈ। ਛਿੰਝਾਂ ਅਖਾੜਿਆਂ *ਚ ਨੱਚਦੇ ਗੱਭਰੂਆਂ ਨੂੰ ਨਸ਼ਿਆਂ ਨੇ ਕਿਵੇਂ ਵਰ ਲਿਆ। ਜਿਨ੍ਹਾਂ ਨੇ ਆਪਣੇ ਬੁੱਢੇ ਮਾਪਿਆਂ ਦੀ ਡੰਗੋਰੀ ਬਣਨਾ ਸੀ, ਉਹ ਮਾਵਾਂ ਦੇ ਗੱਭਰੂ ਪੁੱਤ ਆਏ ਦਿਨ ਸਿਵਿਆਂ ਦੀ ਭੇਟ ਚੜ੍ਹ ਰਹੇ ਹਨ। ਅਜੋਕੀ ਸੌੜੀ ਸਿਆਸਤ ਦੀ ਮਾਨਸਿਕਤਾ ਅਤੇ ਭ੍ਰਿਸ਼ਟ ਜੰਡਲੀ ਤੇ ਉਂਗਲ ਧਰਦਾ ਹੋਇਆ ਕਵੀ ਉਹਨਾਂ ਦੀ *ਕੱਠੀ ਕੀਤੀ ਬੇਹਿਸਾਬ ਦੌਲਤ ਅਤੇ ਕਾਰੋਬਾਰੀ ਕੁਚਾਲਾਂ ਤੇ ਬਖੀਏ ਉਧੇੜਦਾ ਹੋਇਆ ਉਹਨਾਂ ਨੂੰ ਗਰੀਬਾਂ ਦੇ ਮੂੰਹ *ਚੋ ਬੁਰਕੀ ਖੋਹ ਲੈਣ ਵਾਲੇ ਗਰਦਾਨਦਾ ਹੈ, ਤੇ ਸਮਾਜ ਵਿਚੋਂ ਪੰਜਾਬ ਦੇ ਜਿਸਮ ਤੇ ਲੱਗੇ ਜ਼ਖਮਾਂ ਨੂੰ ਧੋਣ ਵਾਲੇ ਮਰਜੀਵੜਿਆਂ ਦੀ ਏਦਾਂ ਤਲਾਸ਼ ਕਰਦਾ ਹੈ :—
ਮੇਰਾ ਵਤਨ ਪਿਆ ਅੱਜ ਖੂਨ ਦੇ ਅੱਥਰੂ ਚੋਵੇ
ਹੈ ਕੋਈ ਮਰਜੀਵੜਾ ਇਹਦੇ ਜ਼ਖਮ ਜੋ ਧੋਵੇ
ਹੀਰਿਆਂ ਵਰਗੇ ਗੱਭਰੂ ਨਸ਼ਿਆਂ ਨੇ ਖਾ ਲਏ,
ਦੂਜੇ ਪਾਸੇ ਲੀਡਰਾਂ ਬਹੁ—ਮੰਜ਼ਲੇ ਪਾ ਲਏ
ਕਰੋ ਸ਼ਨਾਖਤ ਉਸ ਦੀ ਜੋ ਰੋਟੀ ਖੋਹਵੇ
ਮੇਰਾ ਵਤਨ ਪਿਆ ਅੱਜ ਖੂਨ ਦੇ ਅੱਥਰੂ ਚੋਵੇ………. (ਪੰਨਾ 71—72)
ਗੁਰੂ ਨਾਨਕ ਦੇ ਫ਼ਲਸਫ਼ੇ ਨੂੰ ਅਕੀਦਤ ਭੇਟ ਕਰਦਿਆਂ ਕਵੀ ਆਪਣੇ ਗੀਤ ਰਾਹੀਂ ਬਿਆਨ ਕਰਦਾ ਹੈ ਕਿ ਬਾਬਾ ਨਾਨਕ ਨੇ ਉਸ ਸਮੇਂ ਦੇ ਜਾਬਰਾਂ/ਜਰਵਾਣਿਆਂ ਦੇ ਹਕੂਮਤੀ ਫਤਵਿਆਂ ਦਾ ਕਰਾਮਾਤੀ ਢੰਗ ਦੀ ਬਜਾਏ ਤਰਕ ਨਾਲ ਵਿਰੋਧ ਕਰਦਿਆਂ ਨਿਤਾਣਿਆਂ ਤੇ ਨਿਮਾਣਿਆਂ ਲਈ ਨਾਬਰੀ ਦਾ ਸੰਕਲਪ ਸਿਰਜਿਆ ਸੀ। ਜਾਤ ਪਾਤ ਦੀ ਪ੍ਰਥਾ ਦਾ ਖੰਡਨ ਕਰਦਿਆਂ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਸੀ। ਕਵੀ ਸੁਚੇਤ ਕਰਦਾ ਹੈ ਕਿ ਅਸੀਂ ਅੱਜ ਗੁਰੂ ਨਾਨਕ ਦੀ ਬਾਣੀ ਨੂੰ ਤਾਂ ਪੂਜਦੇ ਹਾਂ ਪਰ ਅਮਲੀ ਰੂਪ ਵਿੱਚ ਉਹਨਾਂ ਦੀ ਵਿਚਾਰਧਾਰਾ ਤੋਂ ਮੁਨਕਰ ਹੁੰਦੇ ਜਾ ਰਹੇ ਹਾਂ। ਅਸੀਂ ਗੁਰੂ ਨਾਨਕ ਦੇ ਸ਼ਬਦ ਦੀ ਸਾਰਥਿਕਤਾ ਨੂੰ ਜੀਵਨ ਦਾ ਆਧਾਰ ਕਿਉਂ ਨਹੀਂ ਬਣਾ ਰਹੇ ? ਵਿਡੰਬਨਾਂ ਇਹ ਹੈ ਕਿ ਆਪਣੇ ਮੁਫ਼ਾਦ ਲਈ ਅਸੀਂ ਮਾਨਵਵਾਦੀ ਹੋਣ ਦਾ ਢੌਂਗ ਰਚਦੇ ਹੋਏ ਜਾਤ—ਪਾਤੀ ਪ੍ਰਸਥਿਤੀਆਂ ਨੂੰ ਉਭਾਰ ਕੇ ਸਮਾਜਿਕ ਪੱਧਰ ਤੇ ਭਾਈਚਾਰਕ ਵਖਰੇਵੇਂ ਪੈਦਾ ਕਰ ਰਹੇ ਹਾਂ। ਲੋਕਾਂ ਦੇ ਇਸ ਤਰ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਅਮਾਨਵੀ ਵਰਤਾਰੇ ਨੂੰ ਨਕਾਰਦਾ ਹੋਇਆ ਕਵੀ ਆਪਣੇ ਗੀਤਾਂ ਰਾਹੀਂ ਆਖਦਾ ਹੈ :—
ਅਸੀਂ ਭੁੱਲ ਗਏ ਮਾਤ ਪੰਜਾਬੀ ਨੂੰ
ਉਸ ਸ਼ਾਇਰ ਅਤੇ ਰਬਾਬੀ ਨੂੰ
ਉਹ ਦੂਰ ਸੀ ਜਾਤਾਂ ਪਾਤਾਂ ਤੋਂ
ਜੋ ਇੱਕ ਦਾ ਪਾਠ ਪੜਾਉਂਦਾ ਸੀ
“ਸੋਹੀ” ਸੋਚ ਨਾਬਰੀ ਸੀ ਉਸਦੀ,
ਜੋ ਜਾਬਰ ਸੰਗ ਟਕਰਾਉਂਦਾ ਸੀ……………….. (ਪੰਨਾ 98—99)
ਪ੍ਰਭਜੋਤ ਸੋਹੀ ਦੀ ਗੀਤਕਾਰੀ ਦੇ ਅਨੇਕਾਂ ਸਰੋਕਾਰ ਹਨ ਜਿਨ੍ਹਾਂ ਨੂੰ ਸਮਝਣ ਤੇ ਵਿਚਾਰਨ ਦੀ ਲੋੜ ਹੈ ‘ਸੋਹੀ’ ਨੇ ਸਮਕਾਲੀ ਸਮੇਂ ਦੀ ਲਗਭਗ ਹਰ ਅਲਾਮਤ ਨੂੰ ਆਪਣੇ ਗੀਤਾਂ ਦਾ ਕੇਂਦਰ ਬਿੰਦੂ ਬਣਾਇਆ ਹੈ। ਗੀਤਾਂ ਵਿਚੋਂ ਕਲਾ ਦੀ ਨਿਸ਼ਾਨਦੇਹੀ ਕਰਦਿਆਂ ਪ੍ਰਚੱਲਿਤ ਗੀਤਕਾਰੀ ਦੇ ਸਮਾਨੰਤਰ ਇਹਨਾਂ ਗੀਤਾਂ ਦਾ ਹਾਂਦਰੂ ਪੱਖ ਇਹ ਵੀ ਹੈ ਕਿ ਕਵੀ ਨੇ ਗੀਤਾਂ ਵਿੱਚ ਰਫਲਾਂ ਅਤੇ ਗੰਡਾਸਿਆਂ ਵਾਲੇ਼ ਅਖੌਤੀ ਜੱਟ ਪਾਤਰ ਦੇ ਚਰਿੱਤਰ ਵਾਲ਼ੀ ਕੁਰਾਹੇ ਪਾਉਂਦੀ ਗੀਤਕਾਰੀ ਨੂੰ ਵਡਿਆਉਣ ਤੋਂ ਪਰਹੇਜ਼ ਹੀ ਕੀਤਾ ਹੈ। ਆਪਣੀ ਗੀਤਕਾਰੀ ਰਾਹੀਂ ‘ਸੋਹੀ’ ਨੇ ਅੱਜ ਦੇ ਗੀਤਕਾਰਾਂ ਨੂੰ ਇੱਕ ਸੁਨੇਹਾ ਵੀ ਦਿੱਤਾ ਹੈ ਕਿ ਜੇਕਰ ਸਾਫ ਸੁਥਰੇ ਅਤੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਗੀਤਾਂ ਦੀ ਰਚਨਾ ਕੀਤੀ ਜਾਵੇ ਤਾਂ ਗੀਤਾਂ ਦੀ ਉਮਰ ਲੰਬੀ ਹੋ ਸਕਦੀ ਹੈ। ਕਵੀ ਆਪਣੀ ਕਲਮ ਰਾਹੀਂ ਗੀਤਕਾਰਾਂ ਨੂੰ ਇਸ ਗੀਤ ਦੇ ਬੋਲਾਂ ਰਾਹੀਂ ਹਲੂਣਦਾ ਨਜ਼ਰ ਆਉਂਦਾ ਹੈ :—
ਕੋਈ ਐਸਾ ਗੀਤ ਹੋਵੇ ਜੀਹਨੂੰ ਸੁਣ ਮਨ ਠਰ ਜਾਵੇ
ਰੱਜ ਰੂਹ ਨੂੰ ਆ ਜਾਵੇ ਚਿੱਤ ਚਾਅ ਨਾਲ ਭਰ ਜਾਵੇ
ਉਸ ਗੀਤ ਦੇ ਬੋਲਾਂ ਨੂੰ ਸ਼ਰਮਾਂ ਦੀ ਸਾਰ ਹੋਵੇ
*ਕੱਠੇ ਬਹਿ ਕੇ ਸੁਣ ਸਕਦਾ ਸਾਰਾ ਪਰਵਾਰ ਹੋਵੇ
ਠੰਡ ਸੀਨੇ ਪੈ ਜਾਣੇ ਸਭ ਪੀੜਾਂ ਹਰ ਜਾਵੇ
ਕੋਈ ਐਸਾ ਗੀਤ ਹੋਵੇ ਜੀਹਨੂੰ ਸੁਣ ਮਨ ਠਰ ਜਾਵੇ।….. (ਪੰਨਾ— 104—105)
ਪ੍ਰਭਜੋਤ ਜ਼ਮੀਨ ਨਾਲ਼ ਜੁੜਿਆ ਹੋਇਆ ਗੀਤਕਾਰ ਤੇ ਸ਼ਾਇਰ ਹੈ ਉਸਦੀ ਪੁਸਤਕ “ਸੰਦਲੀ ਬਾਗ਼” ਦੀ ਮਹਿਕ ਨੂੰ ਮਾਣਦਿਆਂ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਗੀਤਾਂ ਦੀ ਸ਼ਿਲਪਕਾਰੀ ਤੇ ਸ਼ਬਦ—ਜੜਤ ਕਮਾਲ ਦੀ ਹੈ। ਉਹਦੇ ਗੀਤਾਂ ਵਿੱਚ ਸੁਹਜ ਹੈ, ਸੁਰ ਹੈ ਤੇ ਦਰਿਆਵਾਂ ਵਰਗੀ ਰਵਾਨਗੀ ਦੇ ਨਾਲ਼ ਨਾਲ਼ ਰਿਦਮ ਵੀ। ਵਿਸ਼ੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਸੋਹੀ ਨੇ ਸਮਕਾਲੀ ਸਮੇਂ ਦੀਆਂ ਸਮੱਸਿਆਵਾਂ ਵਿੱਚੋਂ, ਵਿਸ਼ੇਸ਼ ਤੌਰ ਤੇ ਬੇਰੁਜ਼ਗਾਰੀ, ਨਸ਼ਿਆਂ ਦੀ ਅਲਾਮਤ, ਸੌੜੀ ਤੇ ਸੰਧਲੀ ਸਿਆਸਤ, ਨਾਰੀ ਸਮੱਸਿਆ ਅਤੇ ਅਜੋਕੇ ਰਿਸ਼ਤਿਆਂ ਦੀ ਤਿੜਕ ਰਹੀ ਮਾਨਸਿਕਤਾ ਆਦਿ ਵਿਸ਼ਿਆਂ ਨੂੰ ਬਾਖੂਬੀ ਆਪਣੇ ਗੀਤਾਂ ਵਿਚ ਫੜਿਆ ਹੈ। ਇੱਕ ਪਾਠਕ ਨੇ ਨਜ਼ਰੀਏ ਤੋਂ ਵਾਚਿਆ ਜਾਵੇ ਤਾਂ ਸਮੁੱਚੀ ਪੁਸਤਕ ਪੜ੍ਹਨਯੋਗ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬੀ ਦੇ ਸੁਹਿਰਦ ਪਾਠਕ ਇਸ ਪੁਸਤਕ ਨੂੰ ਜ਼ਰੂਰ ਆਪਣੇ ਕਲਾਵੇ *ਚ ਲੈਣਗੇ।
ਬਲਬੀਰ ਜਲਾਲਾਬਾਦੀ,
ਆਨੰਦ ਨਗਰ ਏ (ਐਕਸ)
ਪਟਿਆਲਾ। ਮੋ: 96461—02122
ਕੋਈ ਐਸਾ ਗੀਤ ਹੋਵੇ —
ਗੀਤ ਮੁੱਢ ਕਦੀਮੋਂ ਹੀ ਲੋਕ ਮਨਾਂ ਦੇ ਨੇੜੇ ਰਹੇ ਹਨ । ਸਾਡੇ ਵਿਰਸੇ ‘ਚ ਤਾਂ ਪਹਿਲੀ ਕਿਲਕਾਰੀ ਤੋਂ ਚਿਖ਼ਾ ਤੀਕ ਦੀਆਂ ਰਸਮਾਂ ਦੇ ਗੀਤ ਪਏ ਹਨ । ਗੀਤਕਾਰੀ ਦੇ ਅਜੋਕੇ ਦੌਰ ਤੇ ਦ੍ਰਿਸ਼ ਅੰਦਰ ਸਭ ਅੱਛਾ ਨਹੀਂ ਹੈ । ਪ੍ਰਚੱਲਿਤ ਗੀਤਾਂ ਦੇ ਵਿਸ਼ੇ ਜ਼ਿਆਦਾ ਕਰ ਕੇ ਕਾਰਾਂ, ਨਾਰਾਂ ਅਤੇ ਹਥਿਆਰਾਂ ਦੁਆਲੇ ਹੀ ਕੇਂਦਰਿਤ ਹਨ।
ਸਾਡੀ ਪੀੜ੍ਹੀ ’ਚ ਬੜੀ ਤੇਜ਼ੀ ਨਾਲ ਫੈਲਦੀ ਜਾ ਰਹੀ ਮਾਨਸਿਕ ਅਰਾਜਕਿਤਾ, ਕਾਹਲਾਪਣ, ਸਵੈ-ਕੇਂਦਰਿਤ ਅਤੇ ਅਪਰਾਧਿਕ ਬ੍ਰਿਤੀ ਪਿੱਛੇ ਬਹੁਤ ਹੱਦ ਤੀਕ ਅਜੋਕੀ ਗੀਤਕਾਰੀ ਤੇ ਗਾਇਕੀ ਦਾ ਵੀ ਹੱਥ ਹੈ । ਸਾਡੇ ਨੌਜਵਾਨਾਂ ਦੇ ਅੱਲੜ ਜਜ਼ਬਿਆਂ ਨੂੰ ਵਰਗਲਾ ਰਹੇ ਨੇ ਇਹ ਗੀਤ, ਸਾਫ਼ ਸ਼ਫ਼ਾਫ਼ ਤੇ ਕੋਰੀਆਂ ਸਲੇਟਾਂ ’ਤੇ ਉੱਘੜ-ਦੁੱਘੜੀਆਂ ਝਰੀਟਾਂ ਪਾ ਰਹੇ ਨੇ ਇਹ ਗੀਤ ਤੇ ਸਭ ਤੋਂ ਵੱਡੀ ਗੱਲ ਕਿ ਸਾਡੇ ਅੰਦਰੋਂ ਸੰਵੇਦਨਾ ਮੁਕਾ ਰਹੇ ਨੇ ਇਹ ਗੀਤ ।
ਦੋਸਤੋ ! ਕਿਸੇ ਵੀ ਲਕੀਰ ਨੂੰ ਛੋਟਾ ਕਰਨ ਦਾ ਰਚਨਾਤਮਿਕ ਤਰੀਕਾ ਉਸ ਦੇ ਬਰਾਬਰ ਇਕ ਵੱਡੀ ਲਕੀਰ ਖਿੱਚਣਾ ਹੀ ਹੈ । ਜੇ ਅਸੀਂ ਸੋਚਦੇ ਹਾਂ ਕਿ ਸਾਡੀ ਆਉਣ ਵਾਲੀ ਨਸਲ ਨਰੋਈਆਂ ਅਤੇ ਸਿਹਤਮੰਦ ਕਦਰਾਂ-ਕੀਮਤਾਂ ਦੀ ਧਾਰਨੀ ਬਣੇ, ਚੰਗਾ ਗੀਤ-ਸੰਗੀਤ ਸੁਣੇ ਤੇ ਚੰਗਾ ਸਾਹਿਤ ਪੜ੍ਹੇ ਤਾਂ ਸਾਨੂੰ ਸਮਾਨੰਤਰ ਅਜਿਹੇ ਉਸਾਰੂ ਵਿਸ਼ਿਆਂ ਵਾਲੇ ਗੀਤ ਲਿਖਣੇ ਤੇ ਗਾਉਣੇ ਪੈਣਗੇ । ਮੈਂ ‘ਸੰਦਲੀ ਬਾਗ਼’ ਬਾਰੇ ਕਿਸੇ ਵੀ ਕਿਸਮ ਦਾ ਦਾਅਵਾ ਕਰਨ ਤੋਂ ਬਚਦਾ ਹੋਇਆ ਏਨਾ ਹੀ ਕਹਾਂਗਾ ਕਿ ਇਨ੍ਹਾਂ ਗੀਤਾਂ ‘ਚੋਂ ਤੁਹਾਨੂੰ ਮਾਰ ਧਾੜ, ਲਲਕਾਰੇ ਜਾਂ ਗੋਲੀਆਂ ਦੀ ਆਵਾਜ਼ ਨਹੀਂ ਸਗੋਂ ਆਨੰਦਮਈ ਸਭਿਅਕ ਹੇਕ ਸੁਣਾਈ ਦੇਵੇਗੀ ।
ਆਖ਼ਰ ਵਿਚ ਧੰਨਵਾਦੀ ਹਾਂ ਆਪਣੀ ਸਾਹਿਤ ਸਭਾ ਜਗਰਾਉਂ ਦਾ, ਜਿੱਥੋਂ ਮੈਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ, ਬਹੁਤ ਕੁੱਝ ਸਿੱਖਿਆ ਤੇ ਸਿੱਖ ਰਿਹਾ ਹਾਂ । ਧੰਨਵਾਦੀ ਹਾਂ ਸਤਿਕਾਰਯੋਗ ਗੁਰਭਜਨ ਗਿੱਲ ਜੀ ਦਾ, ਜਿਨ੍ਹਾਂ ਨੇ ਇਸ ਕਿਤਾਬ ਦਾ ਖਰੜ੍ਹਾ ਵਾਚਿਆ ਤੇ ਵਡਮੁੱਲੇ ਸੁਝਾਅ ਦਿੱਤੇ । ਤੁਹਾਡੀਆਂ ਵਡਮੁੱਲੀਆਂ ਰਾਵਾਂ ਤੇ ਹੁੰਗਾਰੇ ਦੀ ਉਡੀਕ ਵਿਚ ।
— ਪ੍ਰਭਜੋਤ ਸਿੰਘ ਸੋਹੀ tothepointshaad ज़िन्दगी ज़िंदाबाद ।।