ਛਿੰਦਰ ਕੌਰ ਸਿਰਸਾ ਦੇ ਕਾਵਿ ਸੰਗ੍ਰਹਿ “ਯਾਰੜਿਆ” ‘ਤੇ ਹੋਵੇਗੀ ਚਰਚਾ

ਡਾ. ਹਰਵਿੰਦਰ ਸਿੰਘ ਸਿਰਸਾ ਨੂੰ “ਹਰਿਭਜਨ ਸਿੰਘ ਰੈਣੂ ਯਾਦਗਾਰੀ ਸਨਮਾਨ – 2026” ਨਾਲ ਕੀਤਾ ਜਾਵੇਗਾ ਸਨਮਾਨਿਤ

ਸਿਰਸਾ: 14 ਜਨਵਰੀ:
ਪੰਜਾਬੀ ਲੇਖਕ ਸਭਾ, ਸਿਰਸਾ ਵੱਲੋਂ 23 ਜਨਵਰੀ ਨੂੰ ਸ਼੍ਰੀ ਯੁਵਕ ਸਾਹਿਤਯ ਸਦਨ, ਸਿਰਸਾ ਵਿਖੇ “ਪੁਸਤਕ ਚਰਚਾ ਅਤੇ ਨਾਰੀ ਕਵੀ ਦਰਬਾਰ” ਪ੍ਰੋਗ਼ਰਾਮ ਦਾ ਆਯੋਜਨ ਕੀਤਾ ਜਾਵੇਗਾ। ਇਹ ਫ਼ੈਸਲਾ ਪੰਜਾਬੀ ਲੇਖਕ ਸਭਾ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਪੰਜਾਬੀ ਲੇਖਕ ਸਭਾ, ਸਿਰਸਾ ਦੇ ਸਕੱਤਰ ਸੁਰਜੀਤ ਸਿੰਘ ਸਿਰੜੀ ਅਤੇ ਵਿੱਤ ਸਕੱਤਰ ਅਨੀਸ਼ ਕੁਮਾਰ ਨੇ ਇਹ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੀਤ-ਪ੍ਰਧਾਨ ਡਾ. ਅਰਵਿੰਦਰ ਕੌਰ ਕਾਕੜਾ ਇਸ ਸਮਾਗਮ ਵਿੱਚ ਛਿੰਦਰ ਕੌਰ ਸਿਰਸਾ ਦੇ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ “ਯਾਰੜਿਆ” ‘ਤੇ ਪੇਪਰ ਪੇਸ਼ ਕਰਨਗੇ। ਇਸ ਮੌਕੇ ਆਯੋਜਿਤ ਨਾਰੀ ਕਵੀ ਦਰਬਾਰ ਵਿੱਚ ਡਾ. ਅਰਵਿੰਦਰ ਕੌਰ ਕਾਕੜਾ, ਨਰਿੰਦਰ ਪਾਲ ਕੌਰ, ਰਮਨਦੀਪ ਵਿਰਕ, ਕਮਲ ਸੇਖੋਂ, ਰਣਜੀਤ ਕੌਰ ਸਵੀ, ਛਿੰਦਰ ਕੌਰ ਸਿਰਸਾ ਅਤੇ ਕਰਮਜੀਤ ਦਿਉਣ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਕਰਨਗੇ। ਕਵੀ ਦਰਬਾਰ ਦਾ ਸੰਚਾਲਨ ਡਾ. ਹਰਮੀਤ ਕੌਰ ਦੁਆਰਾ ਕੀਤਾ ਜਾਵੇਗਾ। ਸਮਾਗਮ ਦੌਰਾਨ ਸਰਕਾਰੀ ਨੈਸ਼ਨਲ ਕਾਲਜ, ਸਿਰਸਾ ਦੇ ਪੰਜਾਬੀ ਵਿਭਾਗ ਵਿੱਚੋਂ ਸੇਵਾ-ਮੁਕਤ ਹੋਏ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਦੇ ਕੌਮੀ ਸਕੱਤਰੇਤ ਦੇ ਮੈਂਬਰ, ਪ੍ਰਲੇਸ ਹਰਿਆਣਾ ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੀਤ-ਪ੍ਰਧਾਨ ਡਾ. ਹਰਵਿੰਦਰ ਸਿੰਘ ਸਿਰਸਾ ਨੂੰ ‘ਹਰਿਭਜਨ ਸਿੰਘ ਰੈਣੂ ਯਾਦਗਾਰੀ ਸਨਮਾਨ – 2026’ ਨਾਲ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਉੱਘੇ ਅਗਾਂਹਵਧੂ ਚਿੰਤਕ ਅਤੇ ਪ੍ਰਲੇਸ ਦੇ ਕੌਮੀ ਪ੍ਰਧਾਨਗੀ ਮੰਡਲ ਦੇ ਮੈਂਬਰ ਕਾਮਰੇਡ ਸੁਵਰਨ ਸਿੰਘ ਵਿਰਕ ਕਰਨਗੇ। ਪੰਜਾਬੀ ਲੇਖਕ ਸਭਾ, ਸਿਰਸਾ ਦੇ ਅਹੁਦੇਦਾਰਾਂ ਨੇ ਸਿਰਸਾ ਜ਼ਿਲ੍ਹਾ ਅਤੇ ਨੇੜ-ਤੇੜ ਦੇ ਇਲਾਕਿਆਂ ਦੇ ਪਤਵੰਤੇ ਸੱਜਣਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਉਹ 23 ਜਨਵਰੀ ਨੂੰ ਸਵੇਰੇ 10:30 ਵਜੇ ਸ਼੍ਰੀ ਯੁਵਕ ਸਾਹਿਤਯ ਸਦਨ, ਸਿਰਸਾ ਵਿਖੇ ਵੱਧ ਤੋਂ ਵੱਧ ਤਾਦਾਦ ਵਿੱਚ ਆਪਣੀ ਸ਼ਮੂਲੀਅਤ ਦਰਜ਼ ਕਰਵਾਉਣ ਦੀ ਖੇਚਲ ਕਰਕੇ ਧੰਨਵਾਦੀ ਬਣਾਉਣ।

