ਸੁਪ੍ਰਸਿੱਧ ਨਾਟਕਕਾਰ ਨਿਰਦੇਸ਼ਕ ਡਾ:ਪਾਲੀ ਭੁਪਿੰਦਰ ਦੁਆਰਾ ਰਚਿਤ ਕਿੱਸਾ-ਰੌਕੀ -ਰੇਸ਼ਮਾ।ਪਾਠਕ ਪ੍ਰਤੀਕਰਮ। ਡਾ:ਖੁਸ਼ਨਸੀਬ ਕੌਰ ਸੂਰਿਆ

ਸਾਹਿਤ ਸਿਰਜਨਾ ਇਕ ਕਲਾ ਹੈ। ਸ਼ਬਦ/ਕਲਾ ਦਾ ਆਪਣੇ ਆਪ ਵਿਚ ਕੋਈ ਸੁਤੰਤਰ ਅਸਤਿਤਵ ਨਹੀਂ ਹੁੰਦਾ ਪਰ ਜਦੋ ਇਹ ਕਿਸੇ ਸਿਰਜਕ ਦੇ ਭਾਵਾਂ ਦਾ ਮਾਧਿਅਮ ਬਣਦਾ ਹੈ ਤਾਂ ਸ਼ਬਦ ਆਪ ਮੁਹਾਰੇ ਬੋਲ ਉਠਦੇ ਹਨ ਤੇ ਲੇਖਕ ਦੇ ਭਾਵਾਂ ਨੂੰ ਵਿਅਕਤ ਕਰ ਦਿੰਦੇ ਹਨ। ਨਵੀਂ ਉਸਾਰੀ ਹਮੇਸ਼ਾਂ ਪੁਰਾਣੇ ਤਜ਼ਰਬਿਆਂ ਤੋਂ ਸੇਧ ਗ੍ਰਹਿਣ ਕਰਕੇ ਹੀ ਸੰਭਵ ਹੈ। ਨਾਵਲ ਕਿੱਸਾ ਰੌਕੀ ਰੇਸ਼ਮਾ ਦੇ ਮੁਢਲੇ ਟਾਇਟਲ ਪੇਜ ਤੇ ਹੀ ਲਿਖਿਆ ਗਿਆ ਹੈ ਕਿ, “ਜੇ ਇਹ ਕਿੱਸਾ ਨਹੀ ਪੜ੍ਹਿਆ ਸਮਝੋ ਕੁਝ ਨਹੀਂ ਪੜ੍ਹਿਆ।” ਇਸ ਟੈਗ ਲਾਇਨ ਨੇ ਮੈਨੂੰ ਅਜਿਹਾ ਪ੍ਰਭਾਵਿਤ ਕੀਤਾ ਕਿ ਮੈਂ ਇਸ ਨੂੰ ਝੱਟਪਟ ਖਰੀਦ ਕੇ ਪੜ੍ਹਨ ਦਾ ਮਨ ਬਣਾ ਲਿਆ ਤੇ ਇਹ ਨਾਵਲ ਕਿੱਸਾ ਰੌਕੀ ਰੇਸ਼ਮਾ ਐਮਾਜੋਨ ਤੋਂ ਸਪੈਸ਼ਲ ਮੰਗਵਾਇਆ। ਬੜੇ ਜੋਸ਼- ਓ-ਖਰੋਸ਼ ਨਾਲ ਮੈਂ ਇਹ ਨਾਵਲ ਪੜ੍ਹਿਆ। ਕਹਿੰਦੇ ਨੇ ਕਈ ਵਾਰ ਕਿਸੇ ਨੂੰ ਸੇਧ ਦੇਣ ਲਈ ਕੇਵਲ ਲਫਜ਼ ਹੀ ਕਾਫੀ ਨਹੀ ਹੁੰਦੇ ਜੋ ਇਕ ਚੰਗੇ ਕਲਮਕਾਰ ਵਲੋਂ ਕਲਮਬੱਧ ਕੀਤੀ ਗਈ ਪੁਸਤਕ ਲਈ ਬੇਸ਼ੁਮਾਰ ਹੁੰਦੇ ਨੇ। ਕੋਈ ਸ਼ੱਕ ਨਹੀਂ, ਪਾਲੀ ਭੁਪਿੰਦਰ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਬਹੁਤ ਕੁੱਝ ਨਵੀਨ ਸਿਰਜਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿਚ ਉਸਦੀ ਸੂਖਮ ਦ੍ਰਿਸ਼ਟੀ ਸਮਾਜਿਕ ਰਾਜਨੀਤਿਕ ਯਥਾਰਥ ਨੂੰ ਮੁਖਾਤਿਬ ਹੁੰਦੀ ਹੈ। ਮੈਨੂੰ ਇਹ ਕਹਿਣ ਵਿੱਚ ਕੋਈ ਗੁਰੇਜ ਨਹੀ ਹੋਵੇਗਾ ਕਿ ਨਾਵਲ ਕਿੱਸਾ ਰੌਕੀ ਰੇਸ਼ਮਾ ਵਿਚਲਾ ਪ੍ਰਤੀਕਰਮ ਇਕ ਅਜਿਹੀ ਮਾਨਸਿਕਤਾ ਨੂੰ ਬੇਬਾਕ ਹੋ ਕੇ ਉਘਾੜਨਾ ਹੈ ਕਿ ਕਿੱਸੇ ਵਿਚਲੇ ਲੌਜਿਕ ਤੇ ਅਧਾਰਿਤ ਤੱਤ ਉਘੜ ਕੇ ਸਾਹਮਣੇ ਆ ਜਾਂਦੇ ਨੇ ਕਿ ਰਚਨਾਕਾਰ ਦਾ ਪ੍ਰਤੱਖ ਦ੍ਰਿਸ਼ਟੀਕੋਣ ਪ੍ਰਤੱਖ ਨਜ਼ਰੀ ਪੈਂਦਾ ਹੈ। ਕਿੱਸੇ ਵਿਚਲੇ ਸ਼ਬਦਾਂ ਦੀ ਜਾਦੂਗਰੀ ਨੇ ਮੇਰਾ ਕਪਾਟ ਖੋਲ ਕੇ ਰੱਖ ਦਿੱਤਾ।
‘ਕਿੱਸਾ ਰੌਕੀ ਰੇਸ਼ਮਾ’ ਵਿਚ ਜੀਵਨ ਦਾ ਸ਼ਾਇਦ ਕੋਈ ਪੱਖ ਅਜਿਹਾ ਨਹੀ ਜਿਸ ਨੂੰ ਲੇਖਕ ਨੇ ਆਪਣੀ ਤਹਿਰੀਰ ਨੂੰ ਸ਼ਾਮਿਲ ਨਾ ਕੀਤਾ ਹੋਵੇ। ਕੁੱਤਿਆਨਾ ਤੇ ਮਨੁੱਖਤਾ ਵਿਚਲੇ ਸਿਰਜੇ ਪ੍ਰਸੰਗ ਨੂੰ ਸ਼ਬਦਾਂ ਦੇ ਜਾਦੂਗਰੀ ਮਾਧਿਅਮ ਰਾਹੀਂ ਬੜੀ ਗੰਭੀਰਤਾ ਰਾਹੀਂ ਇਸ ਤਰ੍ਹਾਂ ਪਾਠਕਾਂ ਅੱਗੇ ਰੱਖਿਆ ਹੈ ਕਿ ਗੈਰ-ਮਨੁੱਖੀ ਸੋਚ ਜੇ ਕਿਤੇ ਕੁੱਤਿਆਨਾ ਹਰਕਤਾਂ ਤੋ ਸ਼ਰਮਸਾਰ ਹੋ ਜਾਵੇ ਤਾਂ ਸਮਝੋ ਇਹੀ ਇਸ ਕਿੱਸੇ ਦੀ ਪ੍ਰਾਪਤੀ ਹੋਵੇਗੀ। ਇਨਸਾਨੀਅਤ ਦੇ ਨਾਲ-ਨਾਲ ਕੁੱਤਿਆਨਾ ਹਰਕਤਾਂ ਰਾਹੀ ਅਫਲਾਤੂਨ, ਬਾਹੂਬਲੀ, ਸ਼ੇਰੂ, ਰੌਕੀ, ਰੇਸ਼ਮਾ ਦੀ ਅਵਾਰਗੀ ਹਰ ਥਾਂ ਗੁੰਝਲਾਂ ਹੀ ਪੈਦਾ ਕਰਦੇ ਨਜ਼ਰ ਆਉਂਦੇ ਹਨ। ਕਹਾਣੀ ਵਿਚਲੇ ਛੋਹੇ ਵਿਸ਼ੇ ਸੰਤਾਲੀ ਦੇ ਕੈਂਪ, ਸੰਘੀ ਸੋਚ, ਐਮਰਜੈਂਸੀ, ਰਜਾਈ ਵਿਦਵਾਨ ਤੇ ਅਨੁਮਾਨ ਵਿਦਵਾਨ, ਪ੍ਰੋਫ਼ੈਸਰਾਂ ਦੇ ਪ੍ਰਤੀਕਰਮ ਜਾਂ ਫੇਰ ਅਜੋਕੇ ਕਿਸਾਨ ਅੰਦੋਲਨਾਂ ਦੇ ਮੱਦੇਨਜ਼ਰ ਹੋਵੇ ਇਹ ਕਿਰਤ ਪਾਠਕਾਂ ਅੱਗੇ ਆਪ ਮੁਹਾਰੇ ਬੋਲ ਉੱਠਦੀ ਹੈ। ਮਨੁੱਖੀ ਹੰਕਾਰ ਕੁਪੱਤ ਕਰਾ ਕੇ ਆਪਣੇ ਭਰਮ ਨੂੰ ਤੋੜਦਾ ਨਜ਼ਰ ਆਉਂਦਾ ਹੈ। ਸੋ ਮੈਂ ਡਾ. ਖੁਸ਼ਨਸੀਬ ਸੂਰਿਆ ਪਾਠਕਾਂ ਨੂੰ ਇਹ ਨਾਵਲ ਪੜ੍ਹਣ ਲਈ ਪੁਰਜ਼ੋਰ ਅਪੀਲ ਕਰਦੀ ਹਾਂ ਜੀ। ਅਦਬ -ਓ-ਅਹਿਤਰਾਮ!
ਡਾ:ਖੁਸ਼ਨਸੀਬ ਕੌਰ ਸੂਰਿਆਅਸਿਸਟੈਂਟ ਪ੍ਰੋਫ਼ੈਸਰ (ਪੰਜਾਬੀ)
ਮੁੱਖੀ ਪੰਜਾਬੀ ਵਿਭਾਗ
ਗੁਰੂ ਨਾਨਕ ਕਾਲਜ ,ਕਿਲਿਆਂਵਾਲੀ
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ (ਪੰਜਾਬ)

