Home updates ਸੁਰ, ਸੋਚ ਤੇ ਸੋਜ਼ ਦਾ ਸ਼ਾਇਰ:- ਤ੍ਰੈਲੋਚਨ ਲੋਚੀ

ਸੁਰ, ਸੋਚ ਤੇ ਸੋਜ਼ ਦਾ ਸ਼ਾਇਰ:- ਤ੍ਰੈਲੋਚਨ ਲੋਚੀ

33 second read
0
0
82

ਮੈਨੂੰ ਪਰਖਣ ਆਏ ਸੀ ਜੋ  ਚਾਂਵਾਂ ਨਾਲ!

ਝੂੰਮਣ ਲੱਗੇ ਮੇਰੀਆਂ ਹੀ ਕਵਿਤਾਵਾਂ ਨਾਲ!
ਨਿੱਤ ਬੁਝਾਉਣ ਉਹ ਦੀਵੇ, ਮੈਂ ਫਿਰ ਬਾਲ ਦਿਆਂ,
ਅੱਜ ਕੱਲ ਮੇਰਾ ਇੱਟ ਖੜਿੱਕਾ ‘ਵਾਂਵਾਂ ਨਾਲ !
ਤੇਰੀ ਥਾਲੀ ਵਿੱਚ ਹੀ ਚੁੰਝਾਂ ਮਾਰ ਗੲੇ ,
 ਕੀ ਖੱਟਿਆ ਤੂੰ ਯਾਰੀ ਲਾਕੇ  ਕਾਂਵਾਂ ਨਾਲ !
ਭਰਮ ਹੈ ਤੇਰਾ, ਤੇਰੇ  ਲਈ ਕੋਈ ਹੋਰ ਲੜੂ ,
ਲੜਨਾ  ਪੈਂਦਾ  ਆਪਣੀਆਂ ਹੀ ਬਾਵ੍ਹਾਂ ਨਾਲ!
ਧੁੱਪਾਂ  ਵਿੱਚ ਨਾ ਤੁਰਨਾ ਔਖਾ ਹੋ ਜਾਵੇ ,
ਏਡਾ ਵੀ ਨਾ  ਰਿਸ਼ਤਾ  ਰੱਖੀਂ  ਛਾਂਵਾਂ ਨਾਲ!
ਜਿੱਥੇ  ਲੋਚੀ  ਤੇਰੀਆਂ ਗ਼ਜ਼ਲਾਂ  ਟਹਿਲਦੀਆਂ ,
ਅੱਜਕੱਲ੍ਹ ਮੋਹ ਜਿਹਾ ਆਉਂਦੈ ੳੁਹਨਾਂ ਰਾਵ੍ਹਾਂ ਨਾਲ!
********************************
ਸਜ਼ਾ ਕੈਸੀ ਮਿਲੀ ਇਹ ਸੋਚਦਾ ਹਾਂ!
ਮੈਂ ਖ਼ੁਦ ਤੋਂ ਹੀ ਬਗਾਨਾ ਹੋ ਰਿਹਾ ਹਾਂ!
ਮਖੌਟਾ ਹੀ ਨਜ਼ਰ ਚਿਹਰੇ ‘ਤੇ ਆਵੇ ,
ਮੈਂ ਜਿੰਨ੍ਹੀ ਵਾਰ ਸ਼ੀਸ਼ਾ  ਦੇਖਦਾ ਹਾਂ !
ਖ਼ੁਦਾ ਉਸਨੂੰ ਵੀ ਅੰਬਰ ਬਖ਼ਸ਼ ਦੇਵੇ,
ਮੈਂ ਜਿਸਦੀ ਅੱਖ ਦੇ ਵਿੱਚ ਰੜਕਦਾ ਹਾਂ!
ਜਿਉਂਦੇ ਹੋਣ ਦਾ ਅਹਿਸਾਸ  ਹੁੰਦੈ ,
ਮੈਂ ਦਿਲ ਦੇ ਬੂਹੇ ਖੁੱਲ੍ਹੇ ਰੱਖਦਾ ਹਾਂ!
ਮੇਰੇ ਅੰਦਰ ਹੈ ਸ਼ਬਦਾਂ ਦਾ ਕਬੀਲਾ,
ਮੈਂ ਅਪਣੇ ਆਪ ਵਿੱਚ ਹੀ ਕਾਫ਼ਲਾ ਹਾਂ!
ਕਿਤੇ ਮਿੱਟੀ ਨਾ ਮੈਨੂੰ ਭੁੱਲ ਜਾਵੇ ‌,
ਮੈਂ ਅਪਣੀ ਮਾਂ ਦੀ ਬੋਲੀ ਬੋਲਦਾ ਹਾਂ!
ਮੇਰੇ ਅੰਦਰ ਵੀ ਹੈ  ਲੋਚੀ  ਜਿਹਾ ਕੁਝ,
ਮੈਂ ਵੈਰੀ ਦੇ ਵੀ ਸੀਨੇ ਧੜਕਦਾ  ਹਾਂ!
*****************************
ਉਹਨੂੰ ਮਿੱਟੀ ਵੀ ਨਹੀਂ ਭਰਦੀ ਕਲਾਵੇ!
ਜੁ ਸੁੱਚੇ ਰਿਸ਼ਤਿਆਂ ਦੀ ਖੇਹ ਉਡਾਵੇ !
ਅਜੇ ਤੂੰ ਖੋਲ੍ਹ ਨਾ ਪੰਡ ਸ਼ਿਕਵਿਆਂ ਦੀ ,
ਅਜੇ ਤਾਂ ਬਿਰਖਾਂ ‘ਤੇ ਪੱਤਰ ਨੇ ਸਾਵੇ !
ਮੈਂ ਸੱਭੇ ਹਾਸੇ ਉਸ ਤੋਂ ਵਾਰ  ਦੇਵਾਂ  ,
ਕਦੇ ਤਾਂ ਹੱਸਕੇ ਉਹ ਮੈਨੂੰ  ਬੁਲਾਵੇ !
ਤੂੰ ਸਿਰ ਤੋਂ ਲਾਹ ਜ਼ਰਾ ਹਾਉਮੈਂ ਦੀ ਛੱਤਰੀ,
ਮੁਹੱਬਤ ਤੈਨੂੰ ਵੀ  ਕੁਝ  ਰਾਸ  ਆਵੇ !
ਤੇਰੇ ਅੰਦਰ ਕੋਈ ਦਰਵੇਸ਼ ‘ਲੋਚੀ’  ,
ਜੁ ਤੈਨੂੰ ਲਾਲਸਾਵਾਂ  ਤੋਂ  ਬਚਾਵੇ !
*****************************
ਕੈਸੇ ਰੰਗ ਦਿਖਾਏ ਵੇਖ ਮੁਕੱਦਰ ਨੇ !
ਸਭ ਕੁਝ ਹੁੰਦਿਆਂ ਸੁੰਦਿਆਂ ਵੀ ਘਰ ਖੰਡਰ ਨੇ!
ਤੁੰ ਫੁੱਲਾਂ ਦੇ ਸ਼ਹਿਰ ਦਾ ਵਾਸੀ ਕੀ ਜਾਣੇ ,
ਸਾਨੂੰ ਤਾਂ  ਖ਼ਾਬਾਂ  ਵਿੱਚ ਦਿੱਸਦੇ ਖੰਜਰ ਨੇ !
ਮਥੁਰਾ ਵਿੱਚ ਭਗਵਾਨ ਗੁਆਚਾ ਘਰ ਲੱਭੇ ,
ਘਰ ਕੀ ਲੱਭਣਾ, ਥਾਂ ਥਾਂ  ਬਣ ਗਏ ਮੰਦਰ ਨੇ !
ਜਿੰਨ੍ਹੇ ਮੇਰੇ ਚਿਹਰੇ ਤੋਂ  ਤੂੰ ਪੜ੍ਹ ਲੲੇ  ਨੇ ,
ਉਸ ਤੋਂ ਬਹੁਤੇ ਡਰ ਤਾਂ ਮੇਰੇ ਅੰਦਰ ਨੇ !
ਐਵੇਂ  ਲੋਚੀ ਹਵਾ  ‘ਚ  ਉੱਡਿਆ ਫਿਰਦਾ ਏਂ ,
ਇਸ ਮਿੱਟੀ  ਦੇ ਥੱਲੇ  ਬਹੁਤ  ਸਿਕੰਦਰ  ਨੇ !
****************************
ਹਾਊਮੈਂ ਦਾ ਨਾ ਕਿਧਰੇ ਕੋਈ ਖਿਲਾਰਾ ਸੀ !
ਨਿੱਕਾ ਸੀ ਪਰ ਸ਼ਹਿਰ ਉਹ ਕਿੰਨ੍ਹਾ ਪਿਆਰਾ ਸੀ !
ਨਿੱਕੀ ਨਿੱਕੀ ਗੱਲ ‘ਚੋਂ ਖੁਸ਼ੀਆਂ ਫੜਦੇ ਸੀ ,
ਮੇਰੇ ਵੱਡਿਆਂ ਦਾ ਵੀ  ਸ਼ਾਹੂਕਾਰਾ  ਸੀ !
ਇਹ ਗ਼ਜ਼ਲਾਂ ਤਾਂ ਟੋਟੇ ਟੁਕੜੇ ਓਸੇ ਦੇ ,
ਮੇਰੇ ਅੰਦਰੋਂ ਟੁੱਟਿਆ ਜੇਹੜਾ ਤਾਰਾ ਸੀ !
ਤੂੰ‌ ਤਾਂ ਐਵੇਂ ਢੇਰੀ ਢਾਹਕੇ  ਬੈਠ  ਗਿਓਂ,
ਤੇਰੇ ਨਾਲ਼ੋਂ ਸਭ ਦਾ ਦੁੱਖੜਾ  ਭਾਰਾ ਸੀ !
ਤੂੰ ਕਿਉਂ  ਲੋਚੀ  ਦਰਦ ਸੁਣਾਏ ਕੰਧਾਂ ਨੂੰ ,
ਹੂੰਗਰ ਸੀ ਨਾ ਕਿਧਰੇ ਕੋਈ ਹੁੰਗਾਰਾ ਸੀ !
     ਤ੍ਰੈਲੋਚਨ ਲੋਚੀ
20, ਸੈਕਿੰਡ ਫਲੋਰ, ਐੱਚ.ਆਈ.ਫਲੈਟਸ
ਰਾਜਗੁਰੂ ਨਗਰ, ਲੁਧਿਆਣਾ
 ਮੋਬਾਈਲ 98142 53315

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …