ਕਾਲਜ ਦੇ ਵਿੱਚੋਂ ਵੀ ਡਿਗਰੀਆਂ ਕਰ ਲਈਆਂ |
ਪਰ ਇੰਨਾ ਕਰਕੇ ਵੀ ਬੇੜਾ ਪਾਰ ਨਾ ਲੱਗਿਆ ਜੀ,
ਇੰਟਰਵਿਊਂ ਹੋਈ ਪਰ ਰੁਜ਼ਗਾਰ ਨਾ ਲੱਗਿਆ ਜੀ |
ਫ਼ਿਰ ਏਜੰਟਾਂ ਦੇ ਨਾਲ ਗੱਲ ਕਰੀ ਸਾਰੀ ਜੀ,
ਨਿਆਈ ਵਾਲਾ ਕਿੱਲਾ ਵੇਚ ਕੇ ਭਰੀ ਉਡਾਰੀ ਜੀ |
ਕੈਨੇਡਾ ਜਾ ਕੇ ਕੀਤੀਆਂ ਮਿਹਨਤਾਂ ਬੜੀਆਂ ਜੀ,
ਡਾਲਰਾਂ-ਪੌਡਾਂ ਵਾਲੀਆਂ ਲਾ ਦਿੱਤੀਆਂ ਝੜੀਆਂ ਜੀ |
ਹੌਲੀ ਹੌਲੀ ਕੰਮ ਕਾਰ ਸੈੱਟ ਕਰ ਲਿਆ ਜੀ,
ਬੇਬੇ ਬਾਪੂ ਦੇ ਵੀਜ਼ੇ ਵਾਲਾ ਫਾਰਮ ਭਰ ਲਿਆ ਜੀ |
ਗੇਜਾ ਸਿਹੁੰ ਦਾ ਵੀ ਫਿਰ ਵੀਜ਼ਾ ਲੱਗਿਆ ਸੀ ,
ਖੁਸ਼ੀ ‘ਚ ਭੰਗੜੇ ਪਾਏ ਨਾਲੇ ਡੀ.ਜੇ. ਵੱਜਿਆ ਸੀ |
ਗੇਜਾ ਸਿਹੁੰ ਨੇ ਕਰੀ ਤਰੱਕੀ ਸਿੱਧੀ ਗੱਡੇ ‘ਤੋਂ ,
ਕੈਨੇਡਾ ਵਾਲਾ ਜ਼ਹਾਜ ਚੜ੍ਹਗੇ ਦਿੱਲੀ ਅੱਡੇ ਤੋਂ |
ਜ਼ਹਾਜ ਪਹੁੰਚਿਆ ਕੈਨੇਡਾ ਅੱਖ ਜਦ ਖੁੱਲੀ ਸੀ,
ਧੰਨ ਕੁਰ ਵੀ ਖੁਸ਼ੀ ਦੇ ਵਿੱਚ ਫਿਰਦੀ ਫੁੱਲੀ ਸੀ |
ਨੂੰਹ ਪੁੱਤ ਨੇ ਦੂਰੋਂ ਖੜੇ ਹੱਥ ਹਿਲਾਏ ਸੀ ,
ਬੇਬੇ ਬਾਪੂ ਨੂੰ ਲੈਣ ਲਈ ਏਅਰ-ਪੋਰਟ ਆਏ ਸੀ |
ਬੇਬੇ ਬਾਪੂ ਦੇ ਆਉਣ ਦੀ ਪੂਰੀ ਖੁਸ਼ੀ ਮਨਾਈ ਸੀ,
ਦੋ ਦਿਨ ਕੈਨੇਡਾ ਦੀ ਫਿਰ ਸੈਰ ਕਰਾਈ ਸੀ |
ਲੰਘ ਗਿਆ ਵੀਕ ਐਂਡ ਫਿਰ ਖਤਮ ਬਹਾਰਾਂ ਸੀ,
ਵਧੀਆਂ ਪਈਆਂ ਹੁਣ ਸਭ ਦੀਆਂ ਰਫ਼ਤਾਰਾਂ ਸੀ |
ਕੈਨੇਡਾ ਵਾਲੇ ਚਾਅ ‘ਚ ਬੇਬੇ ਬਾਪੂ ਫਿਰਦੇ ਭੱਜੇ ਸੀ,
ਉਹਨਾਂ ਲਈ ਵੀ ਪੁੱਤ ਨੇ ਹੁਣ ਕੰਮ ਕਾਰ ਲੱਭੇ ਸੀ |
ਸਰਪੰਚੀ ਕੀਤੀ ਪਿੰਡ ‘ਚ ਗੇਜਾ ਸਿਹੁੰ ਸੋਚੇ ਜੀ ,
ਗੋਰਿਆਂ ਦੇ ਸਟੋਰਾਂ ‘ਚ ਲਾਉਂਦਾ ਫਿਰਦਾ ਪੋਚੇ ਜੀ |
ਧੰਨ ਕੁਰ ਦੀ ਵੀ ਕੈਨੇਡਾ ਦੀ ਰੀਝ ਸੀ ਚਿਰ ਦੀ ਜੀ,
ਜੱਟੀ ਮੁਰੱਬਿਆਂ ਵਾਲੀ ਬੇਰੀਆਂ ਤੋੜਦੀ ਫਿਰਦੀ ਜੀ |
ਕਦੇ ਕੱਠੇ ਬਹਿ ਕੇ ਰੋਟੀ ਖਾਈਏ ਬੇਬੇ ਕਹਿੰਦੀ ਸੀ ,
ਸਿਫ਼ਟਾਂ ਵਾਲੇ ਕੰਮ ‘ਚ ਪਰ ਭੱਜ ਭਜਾਈ ਰਹਿੰਦੀ ਸੀ |
ਸਰਦਾਰ ਜੀ ਆਪੇ ਰੋਟੀ ਖਾ ਲ਼ਈ ਮੈਨੂੰ ਪੈਣਾ ਭੱਜਣਾ ਵੇ,
ਮੇਰਾ ਤਾਂ ਜੈਖਾਣੇ ਦਾ ਓਵਰ ਟੈਮ ਜਾ ਲੱਗਣਾ ਵੇ |
ਆਂਢ ਗੁਆਂਢ ‘ਚੋਂ ਨਾ ਕੋਈ ਆਉਂਦਾ ਮੁੱਖ ਦੇਖਾ ਕੀਹਦਾ ਵੇ,
ਆਹ ਬੇਸਮੈਂਟਾਂ ਦੇ ਵਿੱਚੋਂ ਮੈਨੂੰ ਤਾਂ ਰੱਬ ਵੀ ਨੀ ਦੀਹਦਾ ਵੇ |
ਬਾਪੂ ਦੀ ਸੂਰਤ ਵੀ ਨਾ ਨਿਕਲੀ ਓਏ ਪਿੰਡਾਂ ਦੇ ਖੁੰਡਾਂ ‘ਚੋਂ,
ਭਾਗ ਸਿਹੁੰ ਨੂੰ ਲੱਭਦਾ ਸੀ ਗੋਰਿਆਂ ਦੇ ਝੁੰਡਾਂ ‘ਚੋਂ |
ਫੇਰ ਬੈਠਾ ਸੋਚਦਾ ਕਿਧਰੇ ਨੀ ਸੂਲੀ ‘ਤੇ ਟੰਗੇ ਜੀ,
ਪਿਛਲਿਆਂ ਨਾਲੋਂ ਤਾਂ ਇੱਥੇ ਆ ਬਾਹਲੇ ਹੀ ਚੰਗੇ ਜੀ |
ਪਿੰਡ ਵਾਂਗ ਲੱਗਦਾ ਹੁਣ ਤਾਂ ਇਹ ‘ਸਰੀ’ ਜੀ ,
ਡਾਲਰਾਂ-ਪੌਡਾਂ ਨਾਲ ਇੱਥੇ ਹੀ ਝੋਲੀ ਭਰੀ ਜੀ |
ਪਿੰਡ ਫਿਰਨੀ ਵਾਲੇ ਮੋੜ ‘ਤੇ ਪੈ ਗਈ ਕੋਠੀ ਵੱਡੀ ਜੀ,
‘ਅੰਗਰੇਜ ਸਿੰਘ ਕੈਨੇਡਾ ਵਾਲੇ’ ਤਖ਼ਤੀ ਲੱਗੀ ਜੀ |
ਮਿਹਨਤਾਂ ਕਰਨ ਵਾਲਾ ਬੰਦਾ ਇੱਥੇ ਮੌਜ਼ਾਂ ਲੁੱਟਦਾ ਹੈ,
ਸਿਸਟਮ ਬੜਾ ਵਧੀਆ ਨਾ ਕਾਨੂੰਨ ਟੁੱਟਦਾ ਹੈ |
ਨਾ ਕੋਈ ਹੇਰਾ-ਫ਼ੇਰੀ ਨਾ ਕੋਈ ਕਿਸੇ ਨੂੰ ਠੱਗਦਾ ਏ,
ਹੁਣ ਇਹ ਕੈਨੇਡਾ ਵੀ ਆਪਣਾ ਹੀ ਲੱਗਦਾ ਏ |
ਦਿਲ ‘ਚ ਉੱਠੇ ਜਜ਼ਬਾਤਾਂ ਨੂੰ ਪਲਕਾਂ ਹੇਠ ਲਕੋਣਾ ਪੈਂਦਾ ਏ,
‘ਚਾਹਲ’ ਕੁਝ ਪਾਉਣ ਦੀ ਖਾਤਿਰ ਕੁਝ ਤਾਂ ਖੋਣਾ ਪੈਂਦਾ ਏ |
ਜਸਵਿੰਦਰ ਚਾਹਲ 9876915035


