Home updates ਜੁਗਨੀ ਚਲੀ ਗਈ ਕਿਸ ਦੇਸ਼… ਪੰਜਾਬੀਆਂ ਦੀਆਂ ਹਿੱਕਾਂ ਵਿਚ ਵਸੀ ਲੰਮੀ ਹੇਕ ਹੁਣ ਸਿਮਰਤੀਆਂ ਦਾ ਹਿੱਸਾ ਬਣ ਗਈ ਹੈ।

ਜੁਗਨੀ ਚਲੀ ਗਈ ਕਿਸ ਦੇਸ਼… ਪੰਜਾਬੀਆਂ ਦੀਆਂ ਹਿੱਕਾਂ ਵਿਚ ਵਸੀ ਲੰਮੀ ਹੇਕ ਹੁਣ ਸਿਮਰਤੀਆਂ ਦਾ ਹਿੱਸਾ ਬਣ ਗਈ ਹੈ।

6 second read
0
2
289

ਜੁਗਨੀ ਚਲੀ ਗਈ ਕਿਸ ਦੇਸ਼…

ਪੰਜਾਬੀਆਂ ਦੀਆਂ ਹਿੱਕਾਂ ਵਿਚ ਵਸੀ ਲੰਮੀ ਹੇਕ ਹੁਣ ਸਿਮਰਤੀਆਂ ਦਾ ਹਿੱਸਾ ਬਣ ਗਈ ਹੈ। ਲੱਗਭਗ ਅੱਧੀ ਸਦੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਗੁਰਮੀਤ ਬਾਵਾ ਜਿਸਮਾਨੀ ਤੌਰ ਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਆਪਣੇ ਪਿੱਛੇ ਸੁਰਾਂ ਅਤੇ ਸਰਗਮਾਂ ਦਾ ਇਕ ਸੁਨਹਿਰਾ ਇਤਿਹਾਸ ਛੱਡ ਗਈ ਹੈ…
ਹਵਾ ਵਿਚ ਵਿਲੀਨ ਹੋ ਗਈ ਹੈ ਸਾਡੇ ਵਿਰਸੇ ਦੀ ਸੱਚੀ ਸੁੱਚੀ ਹੇਕ..
ਹਮੇਸ਼ਾ ਯਾਦ ਆਉਂਦੀ ਰਹੇਗੀ ਉਸ ਦੀ ਜੁਗਨੀ..ਜਦ ਉਹ ਅਲਗੋਜ਼ਿਆਂ ਨਾਲ ਇਕ ਸੁਰ ਹੋ ਕੇ 45 ਸੈਕਿੰਡ ਲੰਮੀ ਹੇਕ ਉਸਾਰਦੀ ਸੀ ਤਾਂ ਸੁਰਾਂ ਖਲਾਅ ਵਿਚ ਤਰੰਗਾਂ ਵਾਂਗ ਤੈਰਦੀਆਂ ਸਨ ਤੇ ਉਸ ਦੇ ਬੋਲ ਗੁੰਜਦੇ ਸਨ। ਉਹਨਾਂ ਦਿਨਾਂ ਵਿਚ ਸਰਹੱਦਾਂ ਤੇ ਤਾਰਾਂ ਨਹੀਂ ਸੀ ਲੱਗੀਆਂ। ਰੱਸੀ ਟੱਪ ਕੇ ਲੋਕ ਇਧਰ-ਉਧਰ ਚਲੇ ਜਾਂਦੇ ਸਨ। ਆਲਮ ਲੁਹਾਰ ਅਤੇ ਗੁਰਮੀਤ ਬਾਵਾ ਦੋਵੇਂ ਆਪੋ ਆਪਣੇ ਅੰਦਾਜ਼ ਵਿਚ ਜੁਗਨੀ ਗਾਉਂਦੇ ਸਨ। ਜਦ ਵੀ ਉਹਨਾਂ ਨੂੰ ਦੂਜੇ ਪਾਸੇ ਦੇ ਪੰਜਾਬੀ ਆਵਾਜ਼ ਮਾਰਦੇ ਸਨ ਤਾਂ ਉਹ ਰੱਸੀ ਟੱਪ ਕੇ ਉਧਰ ਪਹੁੰਚ ਜਾਂਦੇ ਸਨ, ਪਰ ਉਹਨਾਂ ਦੀ ਆਵਾਜ਼ ਤਾਂ ਬਿਨਾ ਰੱਸੀ ਟੱਪਿਆਂ ਹੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਹੱਦਾਂ ਨੂੰ ਮੇਟ ਦਿੰਦੀ ਸੀ। ‘ਜੁਗਨੀ’ ਉਸ ਦੀ ਖਾਸ ਪਹਿਚਾਣ ਸੀ :
ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਉਹਦੇ ਮੂੰਹੋ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ
ਓ ਵੀਰ ਮੇਰਿਆ ਜੁਗਨੀ ਕਹਿੰਦੀ ਐ
ਜਿਹੜੀ ਨਾਮ ਸਾਈਂ ਦਾ ਲੈਂਦੀ ਐ…
ਮਰਨਾ ਭਾਵੇਂ ਸਭ ਨੇ ਹੈ, ਪਰ ਗੁਰਮੀਤ ਬਾਵਾ ਜਿਹੜਾ ਮੁਕਾਮ ਸਿਰਜ ਕੇ ਗਈ ਹੈ, ਉਹ ਹਰ ਕਿਸੇ ਦੇ ਹਿੱਸੇ ਨੀ ਆਉਂਦਾ..ਪੰਜਾਬੀਆਂ ਦੇ ਸਿਰ ਤੇ ਲਈ ਫੁਲਕਾਰੀ ਸੀ ਗੁਰਮੀਤ ਬਾਵਾ ਜਿਸ ਦੇ ਰੰਗ ਕਦੇ ਫਿੱਕੇ ਨਹੀਂ ਪਏ ਸਨ ਸਗੋਂ ਸਮੇਂ ਦੇ ਨਾਲ ਇਹ ਰੰਗ ਹੋਰ ਗੂੜ੍ਹੇ ਹੁੰਦੇ ਗਏ। ਉਹ ਗਾਉਂਦੀ ਹੁੰਦੀ ਸੀ :
ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ
ਓੜਕ ਨੂੰ ਉਏ ਯਾਰ ਮੁਹੰਮਦਾ ਸਭ ਨੇ ਖਾਕ ਸਮਾਣਾ..


ਜਦ ਉਹ ਨਿਰੋਲ ਲੋਕਧਾਰਾਈ ਅੰਦਾਜ਼ ਵਿਚ ਆਪਣੀਆਂ ਧੀਆਂ ਲਾਚੀ ਬਾਵਾ ਅਤੇ ਗਲੋਰੀ ਬਾਵਾ ਨਾਲ ਮਿਲਕੇ ‘ਹਰੀਏ ਨੀ ਰਸ ਭਰੀਏ ਖਜੂਰੇ’ ਅਤੇ ਲੋਕਗੀਤ ‘ਘੋੜੀ’ ਗਾਉਂਦੀ ਸੀ ਤਾਂ ਇਕ ਜਸ਼ਨਮਈ ਦ੍ਰਿਸ਼ ਪੈਦਾ ਹੁੰਦਾ ਸੀ ਅਤੇ ਸਾਰਾ ਜ਼ਹਾਨ ਵਿਆਹ ਵਰਗੇ ਜਸ਼ਨਾਂ ਦੇ ਲੋਕ ਰੰਗ ਵਿਚ ਰੰਗਿਆ ਜਾਂਦਾ ਸੀ :
ਚੀਰਾ ਤੇਰਾ ਵੇ ਮੱਲਾ ਸੋਹਣਾ
ਸੋਹਣਾ … ਸਜ਼ਦਾ ਕਲਗੀਆਂ ਨਾਲ
ਕਲਗੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆਂ ਸੁਰਜਣਾ
ਸੁਰਜਣਾ…ਵਿਚ ਬਾਗਾਂ ਦੇ ਤੁਸੀਂ ਆਇਓ
ਚੋਟ ਨਗਾਰਿਆਂ ਤੇ ਲਾਇਆ
ਖਾਣਾ ਰਾਜਿਆਂ ਦਾ ਖਾਇਓ
ਛੈਲ ਨਵਾਬਾਂ ਦੇ ਘਰ ਢੁੱਕਣਾ…
ਲੋਕਗੀਤਾਂ ਨੂੰ ਉਹਨਾਂ ਦੇ ਮੌਲਿਕ ਅੰਦਾਜ਼ ਅਤੇ ਕੰਪੋਜ਼ੀਸ਼ਨਾਂ ਵਿਚ ਸੁਰਖਿਅਤ ਰੱਖਣ ਦਾ ਜੋ ਵਿਰਾਸਤੀ ਕੰਮ ਗੁਰਮੀਤ ਬਾਵਾ ਨੇ ਕੀਤਾ ਹੈ ਉਹ ਦਸਤਵੇਜ਼ੀ ਮਹੱਤਵ ਵਾਲਾ ਕੰਮ ਹੈ ਜਿਸ ਨੂੰ ਪੰਜਾਬੀ ਜਗਤ ਕਦੇ ਨਹੀਂ ਭੁੱਲ ਸਕੇਗਾ। ਕਿੰਨੇ ਹੀ ਸੁਹਾਗ, ਘੋੜੀਆਂ, ਸਿਠਣੀਆਂ, ਢੋਲਕੀ ਤੇ ਗਈਆਂ ਜਾਣ ਵਾਲੀਆਂ ਹੋਰ ਵੰਨਗੀਆਂ ਗੁਰਮੀਤ ਬਾਵਾ ਦੀ ਮਿੱਠੀ ਆਵਾਜ਼ ਵਿਚ ਸਾਡੇ ਲਈ ਸਦਾ-ਸਦਾ ਲਈ ਮਹਿਫੂਜ਼ ਹੋ ਗਈਆਂ। ਕਦੇ ਆਲਮ ਲੁਹਾਰ ਨੇ ਕਿਹਾ ਸੀ ਕਿ ਬਾਘਿਓ ਪਾਰ ਤੋਂ ਗੁਰਮੀਤ ਬਾਵਾ ਦੀ ਸੁਣ ਰਹੀ ਆਵਾਜ਼ ਰਾਹੀਂ ਪੰਜਾਬੀ ਦੇ ਲੋਕਗੀਤ ਹਮੇਸ਼ਾ ਜਿਉਂਦੇ ਰਹਿਣਗੇ :
ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ
ਪਾ ਦਿਓ ਨੀ ਮੇਰੀ ਮਾਹੀਏ ਜੀ ਨੂੰ ਚਿੱਠੀਆਂ
ਜਾਂ ਪਹੁੰਚੀ ਚਿੱਠੀ ਵਿਚ ਨੀ ਕਚਹਿਰੀ ਦੇ
ਫੜ੍ਹ ਲਈ ਨੀ ਮਾਹੀਏ ਲੰਮੀ ਬਾਂਹ ਕਰਕੇ
ਪੜ੍ਹ ਲਈ ਨੀ ਮਾਹੀਏ ਪੱਟਾਂ ਉਤੇ ਧਰ ਕੇ
ਛੁੱਟ ਗਈਆਂ ਨੀ ਹੱਥੋਂ ਕਲਮ ਦਵਾਤਾਂ
ਲੈ ਲਈਆਂ ਨੀ ਮਾਹੀਏ ਸਾਹਬ ਕੋਲੋਂ ਛੁੱਟੀਆਂ
ਤੁਰ ਪਿਆ ਨੀ ਮਾਹੀਆ ਸ਼ਿਖਰ ਦੁਪਹਿਰੇ
ਚੜ੍ਹ ਗਿਆ ਨੀ ਮਾਹੀਆਂ ਗਿਆਰਾਂ ਵਾਲੀ ਗੱਡੀ ਤੇ
ਆਉਂਦੇ ਨੇ ਘੋੜਾ ਬੂਹੇ ਵਿਚ ਬੰਨ੍ਹਿਆ
ਦਸ ਗੋਰੀਏ ਨੀ ਸਾਨੂੰ ਹਾਲ ਦਿਲਾਂ ਦੇ
ਮੁਕ ਗਏ ਵੇ ਸਾਡੇ ਹਾਲ ਦਿਲਾਂ ਦੇ
ਦਸ ਗੋਰੀਏ ਨੀ ਸੱਟ ਕਿਥੇ ਕਿੱਥੇ ਲੱਗੀ ਆ
ਹਟ ਗਈਆਂ ਵੇ ਮੇਰੇ ਦਿਲਾਂ ਦੀਆਂ ਪੀੜਾਂ
ਉਸ ਲਈ ਉਹ ਸਦਮਾ ਬਹੁਤ ਵੱਡਾ ਸੀ ਜਦ ਉਸ ਦੀ ਵੱਡੀ ਧੀ ਲਾਚੀ ਬਾਵਾ 2020 ਵਿਚ ਉਸ ਦੇ ਜਿਉਂਦਿਆਂ ਇਸ ਦੁਨੀਆਂ ਤੋਂ ਚਲੀ ਗਈ ਸੀ। ਉਸ ਤੋਂ ਬਾਅਦ ਉਸ ਲਈ ਜ਼ਿੰਦਗੀ ਵਧੇਰੇ ਉਦਾਸ ਤੇ ਨਿਰਾਸ਼ ਹੋ ਗਈ ਸੀ ਤੇ ਸ਼ਾਇਦ ਉਸੇ ਦਿਨ ਹੀ ਅੱਜ ਦੇ ਮਨਹੂਸ ਦਿਨ ਦੀ ਇਬਾਰਤ ਲਿਖੀ ਗਈ ਸੀ। ਧੀਆਂ ਦਾ ਵਿਗੋਚਾ ਮਾਵਾਂ ਲਈ ਸਭ ਵਿਗੋਚਿਆਂ ਤੋਂ ਵੱਡਾ ਹੁੰਦਾ ਹੈ। ਉਸ ਨੇ ਆਪਣੀ ਧੀ ਵਿਚ ਸਾਹ-ਸਾਹ ਜਿਉਣ ਦੇ ਨਾਲ ਨਾਲ ਸ਼ਬਦ-ਸ਼ਬਦ ਅਤੇ ਸੁਰ-ਸੁਰ ਜੀਵਿਆ ਸੀ। ਉਸ ਲਈ ਇਹ ਸਦਮਾ ਬਹੁਤ ਗਹਿਰਾ ਸੀ।
ਪੰਜਾਬੀ ਗਾਇਕੀ ਵਿਚ ਜੇ ਕੋਈ ਗਾਇਕ ਪਰਿਵਾਰ ਇਹ ਦਾਅਵਾ ਕਰ ਸਕਦਾ ਹੈ ਕਿ ਉਸ ਨੇ ਨਿਰੋਲ ਪਰਿਵਾਰਿਕ ਅਤੇ ਲੋਕਗੀਤ ਹੀ ਗਾਏ ਹਨ ਤਾਂ ਉਹ ਗੁਰਮੀਤ ਬਾਵਾ ਦਾ ਪਰਿਵਾਰ ਹੀ ਹੈ। ਉਸ ਨੇ ਪੰਜਾਬੀਆਂ ਨੂੰ ਇਹ ਅਹਿਸਾਸ ਕਰਾ ਕੇ ਆਪਣੀ ਮਿੱਟੀ ਨਾਲ ਜੋੜਿਆ :
ਆਪਣੀ ਮਿੱਟੀ ਪੇ ਚਲਨੇ ਕਾ ਸਲੀਕਾ ਸੀਖੋ
ਸੰਗੇਮਰਮਰ ਪੇ ਚਲੋਗੇ ਤੇ ਫਿਸਲ ਜਾਓਗੇ
ਫਰਵਰੀ 1944 ਵਿਚ ਕੋਠੇ (ਗੁਰਦਾਸਪੁਰ) ਵਿਚ ਜਨਮੀ ਗੁਰਮੀਤ ਬਾਵਾ ਉਹਨਾਂ ਦਿਨਾਂ ਵਿਚ ਕਾਲਜ ਪੜ੍ਹਨ ਜਾਂਦੀ ਸੀ ਜਦ ਮਾਂ- ਬਾਪ ਆਪਣੀਆਂ ਧੀਆਂ ਘਰੋਂ ਬਾਹਰ ਤੋਰਨ ਲੱਗਿਆਂ ਸੌ ਵਾਰ ਸੋਚਦੇ ਸਨ। ਉਹ ਦਸਦੀ ਸੀ ਕਿ “ਮੈਂ ਤਿੰਨ ਪਿੰਡਾਂ ਵਿੱਚੋਂ ਇੱਕੋ ਇਕ ਲੜਕੀ ਸੀ ਜੋ ਕਾਲਜ ਵਿਚ ਪੜ੍ਹਨ ਗਈ ਅਤੇ ਮੇਰੇ ਪਿੰਡ ਦੇ ਲੋਕ ਮੇਰੇ ਪਿਤਾ ਸਰਦਾਰ ਉੱਤਮ ਸਿੰਘ ਨੂੰ ਕਹਿੰਦੇ ਸਨ ਕਿ ਸਰਦਾਰਾ ਤੇਰਾ ਦਿਮਾਗ਼ ਖ਼ਰਾਬ ਹੋ ਗਿਆ ਤੂੰ ਮੁਟਿਆਰ ਕੁੜੀ ਨੂੰ ਘਰੋਂ ਬਾਹਰ ਤੋਰ ਰਿਹਾ ਹੈਂ? ਤਾਂ ਮੇਰੇ ਪਿਤਾ ਨੇ ਕਿਹਾ ਸੀ, ਜਦ ਤੁਹਾਡਾ ਦਿਮਾਗ਼ ਖਰਾਬ ਹੋਇਆ ਤਾਂ ਤਦ ਮੈਂ ਤੁਹਾਨੂੰ ਦੱਸਾਂਗਾ।” ਜਿੰਨ੍ਹਾਂ ਲੋਕਾਂ ਦੇ ਉਸ ਦੌਰ ਵਿਚ ‘ਦਿਮਾਗ਼ ਖਰਾਬ’ ਹੋਏ ਉਹਨਾਂ ਦੇ ਬੱਚਿਆਂ ਨੇ ਜ਼ਿੰਦਗੀ ਦੇ ਉੱਚੇ ਮੁਕਾਮ ਹਾਸਿਲ ਕੀਤੇ ਅਤੇ ਜ਼ਿੰਦਗੀ ਦੇ ਹਰ ਰੰਗ ਨੂੰ ਮਾਣਿਆ। ਜੋ ਬਹੁਤੇ ‘ਸਿਆਣੇ’ ਬਣੇ ਰਹੇ ਉਹਨਾਂ ਘਰਾਂ ਵਿਚ ਧੀਆਂ ਘਰ ਦੀ ਚਾਰਦੀਵਾਰੀ ਤੱਕ ਸਿਮਟ ਗਈਆਂ।


ਜਲੰਧਰ ਦੂਰਦਰਸ਼ਨ ਉੱਤੇ ਪਹਿਲੀ ਔਰਤ ਗਾਇਕ ਦੇ ਰੂਪ ਵਿਚ ਗਾਉਣ ਦਾ ਮਾਣ ਗੁਰਮੀਤ ਬਾਵਾ ਨੂੰ ਪ੍ਰਾਪਤ ਹੈ। ਬੇਸ਼ਕ ਉਸ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ‘ਰਾਸ਼ਟਰਪਤੀ ਪੁਰਸਕਾਰ’ ਅਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਪੰਜਾਬ ਗੌਰਵ’ ਵਰਗੇ ਪੁਰਸਕਾਰ ਮਿਲ ਚੁੱਕੇ ਹਨ, ਪਰ ਉਹਨਾਂ ਨੂੰ ਇਸ ਗੱਲ ਦਾ ਮਲਾਲ ਰਿਹਾ ਕਿ ਉਹਨਾਂ ਨੂੰ ਉਸ ਦੇ ਮੁਲਕ ਨੇ ਪਦਮ ਸ਼੍ਰੀ ਵਰਗਾ ਪੁਰਸਕਾਰ ਕਿਉਂ ਨਹੀਂ ਦਿੱਤਾ। ਭਾਵੇਂ ਲੋਕਾਂ ਵੱਲੋਂ ਸਤਿਕਾਰੇ ਤੇ ਪ੍ਰਵਾਨੇ ਜਾਣ ਵਾਲੇ ਗਾਇਕ ਕਿਸੇ ਸਰਕਾਰੀ-ਦਰਬਾਰੀ ਐਵਾਰਡ ਦੇ ਮੁਹਤਾਜ਼ ਨਹੀਂ ਹੁੰਦੇ ਪਰ ਇਹ ਇਹ ਕਿਸੇ ਵੀ ਮੁਲਕ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਕਲਾ ਤੇ ਹੁੱਨਰ ਨੂੰ ਪਹਿਚਾਣੇ। ਪਰ ਆਪਣੇ ਮੁਲਕ ਵਿਚ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਮੰਤਰੀਆਂ ਨੂੰ ਤਾਂ ਇਨਾਮ ਮਿਲ ਜਾਂਦੇ ਹਨ ਪਰ ਆਪਣੀ ਕਲਾ ਨਾਲ ਦੇਸ਼ ਦਾ ਸਿਰ ਉੱਚਾ ਕਰਨ ਵਾਲੇ ਅਤੇ ਲੋਕ ਮਨਾਂ ‘ਤੇ ਰਾਜ ਕਰਨ ਵਾਲੇ ਲੋਕ ਇਸ ਦੌੜ ਵਿਚ ਅਕਸਰ ਪਿੱਛੇ ਰਹਿ ਜਾਂਦੇ ਹਨ।
ਗੁਰਮੀਤ ਬਾਵਾ ਨੇ ਆਪਣੀ 77 ਸਾਲਾਂ ਦੀ ਉਮਰ ਵਿੱਚੋਂ ਲੱਗਭਗ 60 ਸਾਲ ਲੋਕ ਗਾਇਕੀ ਦੇ ਲੇਖੇ ਲਾਏ। ਸਿਰਫ਼ ਆਪ ਹੀ ਨਹੀਂ ਆਪਣੀਆਂ ਧੀਆਂ ਅਤੇ ਅਗਾਂਹ ਦੋਹਤੀਆਂ ਤੱਕ ਨੂੰ ਸੰਗੀਤ ਦੀ ਜਾਗ ਲਾਈ। ਪੰਜਾਬੀਆਂ ਨੂੰ ਆਪਣੀ ਇਸ ਲੋਕ ਸੰਗੀਤ ਦੀ ਮਲਕਾ ਹੁੱਨਰਮੰਦ ਪੰਜਾਬਣ ਤੇ ਸਦਾ ਮਾਣ ਰਹੇਗਾ।


ਉਹ ਜਿਉਂਦਿਆਂ ਵੀ ਦੰਦਕਥਾ ਸੀ ਅਤੇ ਮਰ ਕੇ ਵੀ ਕਿਸੇ ਦੰਦਕਥਾ ਵਾਂਗ ਸਾਡੀਆਂ ਹਿੱਕਾਂ ਵਿਚ ਅਮਰ ਹੋ ਜਾਏਗੀ ਅਤੇ ਪੀੜ੍ਹੀ ਦਰ ਪੀੜ੍ਹੀ ਲੋਕ-ਬੁਲ੍ਹਾਂ ਤੇ ਗੁਣਗੁਣਾਈ ਜਾਇਆ ਕਰੇਗੀ।
ਸਰੀਰਕ ਤੌਰ ਤੇ ਪੰਜਾਬੀ ਦੀ ‘ਹਰੀ ਅਤੇ ਰਸਭਰੀ ਖਜੂਰ’ ਹੁਣ ਸਾਡੇ ਕੋਲੋਂ ਬਹੁਤ ਦੂਰ ਚਲੀ ਗਈ ਹੈ..ਜੀ ਕਰਦਾ ਉਸ ਨੂੰ ਹਾਕ ਮਾਰ ਕੇ ਆਖਾਂ :
ਹਰੀਏ ਨੀ ਰਸਭਰੀਏ ਖਜੂਰੇ, ਕੀਹਨੇ ਦਿੱਤਾ ਏਨੀ ਦੂਰੇ….


ਕੁਲਦੀਪ ਸਿੰਘ ਦੀਪ (ਡਾ.)
2891, ਫੇਜ਼ 2, ਅਰਬਨ ਅਸਟੇਟ ਪਟਿਆਲਾ
9876820600
#kisanmajdooriktazindabad
#gurmeetbawa

Leave a Reply

Your email address will not be published. Required fields are marked *

Check Also

विद्यार्थियों में शिक्षा की अलख जगाने के लिए वरच्युस ज्ञान कोष कार्यक्रम का आगाज -भव्य समारोह में 32 जरूरतमंद छात्राओं में निशुल्क पुस्तकों का किया वितरण

अभी उड़ना है ऊंचा पँखो को खोल के रख…. आज किताब दिवस पर डबवाली की प्रमुख सामाजिक संस्थ…