Home updates ਮੈਂ ਦੁਆਵਾਂ ਕੀਤੀਆਂ ਕੀ ਬੱਚੇ ਮਿੱਟੀ ਦਾ ਮੋਹ ਨਾ ਛੱਡਣ ਤੇ ਆਪਣੀ ਜੰਮਣ ਭੋਂਇਂ ਨਾ ਭੁੱਲਣ ਕਦੀ। :- Chhinder kaur Sirsa

ਮੈਂ ਦੁਆਵਾਂ ਕੀਤੀਆਂ ਕੀ ਬੱਚੇ ਮਿੱਟੀ ਦਾ ਮੋਹ ਨਾ ਛੱਡਣ ਤੇ ਆਪਣੀ ਜੰਮਣ ਭੋਂਇਂ ਨਾ ਭੁੱਲਣ ਕਦੀ। :- Chhinder kaur Sirsa

6 second read
0
0
149

 

ਮਿੱਟੀ ਦਾ ਮੋਹ

ਮਿਲਦਾ ਹੈ ਓਸ ਮੁਲਖ ਵੀ ਡੱਬਾ ਬੰਦ ਖਾਣਾ
ਪਰ ਨਹੀਂ ਮਿਲਦੀ ਮਾਂ ਵਾਲੀ ਪੁਚਕਾਰ ਉੱਥੇ
ਬਹੁਤ ਕੁਛ ਹੈ ਇਸ ਮੁਲਖ ਵਿੱਚ ਵੀ ਥਾਂ-ਥਾਂ
ਪਰ ਨਹੀਂ ਹੈ ਨੌਂਜੁਆਨਾ ਲਈ ਰੁਜ਼ਗਾਰ ਇੱਥੇ

ਮੈਨੂੰ ਹਰ ਸੁਬ੍ਹਾ ਉਡੀਕ ਰਹਿੰਦੀ ਹੈ ਪਰਦੇਸ ਗਏ ਬੱਚਿਆਂ ਦੇ ਫ਼ੋਨ ਆਉਣ ਦੀ। ਬੱਚਿਆਂ ਨਾਲ ਗੱਲ ਕਰਕੇ ਹਿੰਮਤ ਆ ਜਾਂਦੀ ਹੈ। ਦਿਨ ਭਰ ਦੇ ਰੁਝੇਵਿਆਂ ਵਾਸਤੇ ! ਪਰ ਅੱਜ ਉੱਠਕੇ ਜਦੋਂ ਫ਼ੋਨ ਫੜਿਆ ਤੇ ਪਤਾ ਲੱਗਾ ਕਿ ਛੋਟੇ ਬੇਟੇ ਦਾ ਫ਼ੋਨ ਆਇਆ ਹੋਇਆ ਸੀ। ਝੱਟ-ਪੱਟ ਬੇਟੇ ਨੂੰ ਵਾਪਸੀ ਫੋਨ ਕੀਤਾ। ਖ਼ੈਰ ਸੁੱਖ ਪੁੱਛੀ ਪਰ ਬੇਟਾ ਕੁਛ ਉਦਾਸ ਸੀ ਤੇ ਆਖਣ ਲੱਗਾ ਕਿ ਮੰਮਾ ਜੀ ਅੱਜ ਤੁਸੀਂ ਬਹੁਤ ਯਾਦ ਆ ਰਹੇ ਹੋ। ਜੀਅ ਕਰਦਾ ਹੈ ਕਿ ਹੁਣੇ ਤੁਹਾਨੂੰ ਮਿਲਣ ਆ ਜਾਵਾਂ। ਅੱਗੋਂ ਮੈਂ ਬੜੀ ਹਿੰਮਤ ਨਾਲ ਬੱਚੇ ਨੂੰ ਹੌਂਸਲਾ ਦਿੱਤਾ ਕਿ ਕੋਈ ਨਹੀਂ ਪੁੱਤਰ ਪੜ੍ਹਾਈ ਤੋਂ ਬਾਦ ਛੇਤੀ ਗੇੜਾ ਮਾਰ ਜਾਵੀਂ।

ਮੈਂ ਵੀ ਆਪਣੀ ਤੜਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਬੱਚਿਆਂ ਨੂੰ ਪਰਦੇਸ ਭੇਜ ਕੇ ਅਸੀ ਦੋਵੇਂ ਜੀਅ ਕਿੰਨੇ ਉਦਾਸ ਹੋ ਗਏ ਸਾ। ਖ਼ੈਰ ਬੱਚੇ ਨੂੰ ਲੱਖਾਂ ਦੁਆਵਾਂ ਦੇ ਕੇ ਫ਼ੋਨ ਕੱਟਣ ਹੀ ਵਾਲੀ ਸੀ ਕਿ ਬੇਟੇ ਨੇ ਬੜੇ ਪਿਆਰ ਨਾਲ ਫਿਰ ਆਖਿਆ ਕਿ ਮਿਸ ਯੂ ਸੋ ਮੱਚ ਮੌਮ ।ਤੁਹਾਨੂੰ ਪਤਾ ਏ ਮੰਮਾ ਜੀ । ਅੱਜ ਮੈਂ ਖਿੜਕੀ ਚੋਂ ਬਾਹਰ ਦੂਰ ਸੜਕ ਦੇ ਕੰਢੇ ਇੱਕ ਰੁੱਖ ਨੂੰ ਲੱਗੀ ਤੁਹਾਡੀ ਪਸੰਦ ਦੀ ਇੱਕ ਚੀਜ਼ ਵੇਖੀ । ਮੈਨੂੰ ਸਾਰੀ ਰਾਤ ਨੀੰਦ ਨਹੀਂ ਆਈ ਤੁਸੀ ਯਾਦ ਆਉਂਦੇ ਰਹੇ । ਸਵੇਰੇ ਜਾ ਕੇ ਵੇਖਾਂ ਗਾ ਕਿ ਕੈਨੇਡਾ ਵਿੱਚ ਵੀ ਇਸ ਤਰ੍ਹਾਂ ਦੀ ਚੀਜ਼ ਹੋ ਸਕਦੀ ਹੈ । ਮੈਂ ਸਵੇਰੇ ਉੱਠ ਕੇ ਜਲਦੀ ਜਲਦੀ ਉਸ ਰੁੱਖ ਕੋਲ ਚਲਾ ਗਿਆ । ਪਰ ਮੰਮਾ ਦੁਰੋਂ ਮਲ੍ਹਿਆਂ ਦੇ ਬੇਰਾਂ ਵਰਗੇ ਦਿੱਸਣ ਵਾਲੇ ਇਹ ਨਾਨਾ ਜੀ ਦੇ ਘਰ ਲੱਗੇ ਸ਼ਹਿਤੂਤ ਵਰਗੇ ਸ਼ਹਿਤੂਤ ਸਨ। ਮੈਂ ਬੜੇ ਧਿਆਨ ਨਾਲ ਵੇਖਿਆ ਕਿ ਇਹ ਪੱਕੇ ਨੇ ਫਿਰ ਵੀ ਕਿਸੇ ਨੇ ਨਹੀਂ ਤੋੜੇ ।
ਤੇ ਜੇ ਕਿਤੇ ਇਹ ਬੂਟਾ ਭਾਰਤ ਵਿੱਚ ਕਿਤੇ ਲੱਗਿਆ ਹੁੰਦਾ ਤਾਂ ਅੱਧੇ ਤੇ ਕੱਚੇ ਹੀ ਬੱਚਿਆਂ ਨੇ ਤੋੜ ਲੈਣੇ ਸਨ ਤੇ ਮੰਮਾ ਨਾਲੇ ਇੱਕ ਗੱਲ ਹੋਰ ਇੱਥੇ ਮੈਂ ਜਿੱਦਣ ਦਾ ਆਇਆ ਬੱਚੇ ਵੀ ਨਹੀਂ ਵੇਖੇ ਤੇ ਇਹ ਸ਼ਹਿਤੂਤ ਕੀਹਨੇ ਤੋੜਣੇ ਸਨ। ਸ਼ਾਇਦ ਇੱਥੇ ਬੱਚਿਆਂ ਕੋਲ ਐਨਾ ਟਾਈਮ ਹੀ ਨਹੀਂ। ਮੰਮਾ ਜੀ ਸ਼ਹਿਤੂਤਾਂ ਦਾ ਰੰਗ ਐਨਾ ਗੂੜ੍ਹਾ ਸੀ ਕਿ ਦੋ ਦਿਨ ਮੇਰੇ ਹੱਥਾਂ ਨੂੰ ਲੱਗਾ ਰਿਹਾ । ਤੁਹਾਨੂੰ ਯਾਦ ਹੈ ਮੰਮਾ ਜੀ। ਜਦੋਂ ਆਪਾ ਪਿੰਡ ਜਾਂਦੇ ਸੀ ਤੇ ਰਸਤੇ ਵਿੱਚ ਵੀ ਤੁਸੀਂ ਬੇਰ ਲੱਗੇ ਵੇਖ ਕੇ ਗੱਡੀ ਰੋਕ ਕੇ ਕਿੰਨੇ ਬੇਰ ਤੋੜਦੇ ਸੀ ਤੇ ਮੈੰ ਵੀ ਤੁਹਾਡੇ ਤੋੰ ਬੇਰ ਤੋੜਣੇ ਸਿੱਖੇ ਸੀ । ਮੈਂ ਇੱਕ -ਇੱਕ ਸ਼ਹਿਤੂਤ ਤੋੜ ਰਿਹਾ ਸਾਂ ਨਾਲੇ ਤੁਹਾਨੂੰ ਯਾਦ ਕਰ ਕਿਹਾ ਸਾਂ ਕਿ ਜਦੋੰ ਮੰਮਾ ਆਉਣਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਇਸ ਰੁੱਖ ਕੋਲ ਲੈ ਕੇ ਆਵਾਂਗਾ । ਕਿਉਂਕਿ ਤੁਸੀਂ ਰੁੱਖਾਂ ਵਿੱਚੋਂ ਆਪਣੇ ਪਾਪਾ ਨੂੰ ਵੇਖਦੇ ਹੋ । ਮੰਮਾ ਤੁਸੀਂ ਆਪਣੇ ਘਰ ਇੱਕ ਸ਼ਹਿਤੂਤ ਵੀ ਲਾਓ । ਨਾਲੇ ਪੁੱਛਣ ਲੱਗ ਪਿਆ ਕਿ ਜ਼ਾਮਨ ਜੇ ਪੱਕ ਗਏ ਨੇ ਤੇ ਮੈਨੂੰ ਫੋਟੋ ਭੇਜੋ ।
ਮੈਂ ਤੁਹਾਨੂੰ ਸ਼ਹਿਤੂਤਾਂ ਦੀਆਂ ਫੋਟੋਆਂ ਭੇਜ ਰਿਹਾ ਹਾਂ । ਚੱਲਦੇ ਫੋਨ’ ਚ ਗੈਲਰੀ ਖੋਲ੍ਹ ਕੇ ਮੈਂ ਪਿਛਲੇ ਸਾਲ ਵਾਲੀਆਂ ਫੋਟੋਆਂ ਵੇਖਣ ਲੱਗ ਪਈ। ਜੀਹਦੇ ਵਿੱਚ ਅਸੀ ਘਰ ਲੱਗੇ ਜ਼ਾਮਨ ਦੇ ਬੂਟੇ ਤੋਂ ਜ਼ਾਮਨ ਤੋੜ ਰਹੇ ਸਾਂ ਤੇ ਫ਼ਟਾਫ਼ਟ ਆਪਣੇ ਬੇਟੇ ਨੂੰ ਭੇਜ ਦਿੱਤੀਆਂ ਤੇ ਆਖਿਆ ਬੇਟਾ ਰੁੱਖ ਦੇ ਉੱਤੇ ਨਾ ਚੜ੍ਹੀਂ ।


ਡਿੱਗ ਪਵੇਂਗਾ । ਅੱਗੋਂ ਬੇਟੇ ਨੇ ਬੜੀ ਹੌਲੀ ਜਿਹੀ ਕਿਹਾ ਕਿ ਨਹੀਂ ਮੰਮਾ ਜੀ ਇਹ ਇੰਡੀਆ ਨਹੀਂ ਹੈ ਤੇ ਨਾ ਹੀ ਮੇਰਾ ਇੱਥੇ ਆਪਣਾ ਘਰ ਹੈ ਨਾ ਹੀ ਇਹ ਰੁੱਖ ਮੇਰਾ ਹੈ ਜੋ ਮੈਂ ਰੁੱਖ ਉੱਤੇ ਚੜ੍ਹਾਂਗਾ ਪਰ ਇਹ ਰੁੱਖ ਬਹੁਤ ਪਿਆਰੇ ਨੇ ਤੁਹਾਡੇ ਵਰਗੇ । ਤੁਸੀਂ ਫ਼ਿਕਰ ਨਾ ਕਰੋ ਪਰ ਪਿੰਡ ਆ ਕੇ ਜ਼ਾਮਨ ‘ਤੇ ਚੜ੍ਹ ਕੇ ਜ਼ਾਮਨ ਤੋੜਾਂਗਾ ਨਾਲੇ ਤੁਹਾਨੂੰ ਵੀ ਤੋੜ ਕੇ ਦਿਆਂਗਾ। ਉਹ ਜਿੰਨੀ ਵਾਰ ਮੰਮਾ ਮੰਮਾ ਕਹਿ ਰਿਹਾ ਸੀ ਮੇਰੀਆਂ ਆਂਦਰਾਂ ਨੂੰ ਖਿੱਚ ਪੈ ਰਹੀ ਸੀ ਤੇ ਦਿਲ ਕਰਦਾ ਸੀ ਕਿ ਹੁਣੇ ਪੁੱਤਰ ਨੂੰ ਘੁੱਟ ਕੇ ਗਲ ਨਾਲ ਲਾ ਲਵਾਂ।
ਪਰ ਪ੍ਰਦੇਸਾਂ ਦੇ ਇਹੀ ਦੁੱਖ ਨੇ ਕਿ ਚਾਹ ਕੇ ਵੀ ਨਹੀਂ ਮਿਲ ਸਕਦੇ ਆਪਣੇ ਬੱਚਿਆਂ ਨੂੰ ।
ਬੱਸ ਕਰ ਪੁੱਤਰ, ਹੁਣ ਰੁਆ ਕੇ ਛੱਡੇਂਗਾ । ਜਦੋਂ ਆਏਂਗਾ ਜੋ ਮਰਜ਼ੀ ਖਾ ਲਵੀਂ ਜਿੰਨੇ ਮਰਜ਼ੀ ਜ਼ਾਮਨ ਤੇੜ ਲਵੀਂ। ਘਰ ਦਾ ਹਰ ਕੋਨਾ ,ਹਰ ਬੂਹਾ ਤੁਹਾਡਾ ਰਾਹ ਵੇਖ ਰਿਹਾ ਹੈ । ਬੇਟਾ ਪੜਾਈ ਦੀਆ ਗੱਲਾਂ ਕਰ ਰਿਹਾ ਸੀ ਤੇ ਛੇਤੀ ਮਿਲਣ ਦੇ ਦਿਲਾਸੇ ਦੇ ਵੀ ਰਿਹਾ ਸੀ। ਉਹ ਆਪਣੀ ਉਦਾਸੀ ਨੂੰ ਛੁਪਾ ਰਿਹਾ ਸੀ ਪਰ ਮਾਂ ਸਭ ਕੁਝ ਬੁੱਝ ਲੈਂਦੀ ਹੈ ।
ਐਨੀ ਛੋਟੀ ਉਮਰ ਵਿੱਚ ਉਹ ਐਨੀਆਂ ਸਿਆਣੀਆਂ ਗੱਲਾ ਕਰਕੇ ਮੈਨੂੰ ਨੂੰ ਰਾਹਤ ਦੇ ਰਿਹਾ ਸੀ।


 1. ਮੈਂ ਆਪਣੇ ਬੱਚੇ ਦੀਆਂ ਗੱਲਾਂ ਵੀ ਸੁਣ ਰਹੀ ਸੀ ਤੇ ਸੋਚ ਰਹੀ ਸੀ ਕਿ ਬੱਚਿਆਂ ਬਿਨਾ ਤਾਂ ਐਤਕੀਂ ਘਰ ਲੱਗਾ ਅੱਧਿਓਂ ਜ਼ਿਆਦਾ ਫਲ ਬਿਨਾ ਤੋੜਿਆਂ ਪੱਕ ਕੇ ਆਪੇ ਝੜ ਗਿਆ । ਨਾ ਕਿਸੇ ਤੋੜਿਆ ਨਾ ਖਾਧਾ । ਹਾਂ ਗਲੀ ਦੇ ਬੱਚਿਆਂ ਨੂੰ ਵਾਜ ਮਾਰ ਕੇ ਚੁਗ ਕੇ ਲੈ ਜਾਣ ਲਈ ਅਕਸਰ ਹੀ ਕਹਿੰਦੀ ਰਹਿੰਦੀ ਹਾਂ। ਲੰਮੀ
  ਗੱਲ-ਬਾਤ ਤੋਂ ਬਾਦ ਫ਼ੋਨ ਕੱਟ ਕੇ ਮੈਂ ਸੋਚ ਰਹੀ ਸੀ ਕਿ
  ਸਿਰਫ ਫਲ ਹੀ ਨਹੀਂ ਬਹੁਤ ਕੁਛ ਧਰਿਆ ਹੀ ਰਹਿ ਜਾਂਦਾ ਹੈ ਬੱਚਿਆਂ ਦੇ ਪਰਦੇਸ ਜਾਣ ਤੋਂ ਬਾਦ । ਮੈਂ ਦੁਆਵਾਂ ਕੀਤੀਆਂ ਕੀ ਬੱਚੇ ਮਿੱਟੀ ਦਾ ਮੋਹ ਨਾ ਛੱਡਣ ਤੇ ਆਪਣੀ ਜੰਮਣ ਭੋਂਇਂ ਨਾ ਭੁੱਲਣ ਕਦੀ। ਆਪਣੀ ਡੂੰਘੀ ਉਦਾਸੀ ਚੋਂ ਨਿਕਲਣ ਵਾਸਤੇ ਅੱਜ ਆਪਣੇ ਰੇਡੀਓ ਦੇ ਖਾਸ ਪ੍ਰੋਗਰਾਮ ਵਾਸਤੇ ਗੱਲ-ਬਾਤ ਲਈ ਵਿਸ਼ਾ ਚੁਣਿਆ — ਪਰਦੇਸ ਗਏ ਬੱਚਿਆਂ ਦੇ ਮਾਪਿਆਂ ਦਾ ਦਰਦ
  ਮਿਲਦਾ ਹੈ ਓਸ ਮੁਲਖ ਵੀ ਡੱਬਾ ਬੰਦ ਖਾਣਾ
  ਪਰ ਨਹੀਂ ਮਿਲਦੀ ਮਾਂ ਵਾਲੀ ਪੁਚਕਾਰ ਉੱਥੇ
  ਬਹੁਤ ਕੁਛ ਹੈ ਇਸ ਮੁਲਖ ਵਿੱਚ ਵੀ ਥਾਂ-ਥਾਂ
  ਪਰ ਨਹੀਂ ਹੈ ਨੌਂਜੁਆਨਾ ਲਈ ਰੁਜ਼ਗਾਰ ਇੱਥੇ
  Chhinder kaur Sirsa

Leave a Reply

Your email address will not be published. Required fields are marked *

Check Also

सख़्त राहों में आसां सफर लगता है ये मेरी मां की दुआओं का असर लगता है- डॉ वेदप्रकाश भारती

  मां ममता की मूर्त है और त्याग और तप की देवी है, मां की ममता में कोई मिलावट नहीं होत…