ਝੂੰਮਣ ਲੱਗੇ ਮੇਰੀਆਂ ਹੀ ਕਵਿਤਾਵਾਂ ਨਾਲ!
ਨਿੱਤ ਬੁਝਾਉਣ ਉਹ ਦੀਵੇ, ਮੈਂ ਫਿਰ ਬਾਲ ਦਿਆਂ,
ਅੱਜ ਕੱਲ ਮੇਰਾ ਇੱਟ ਖੜਿੱਕਾ ‘ਵਾਂਵਾਂ ਨਾਲ !
ਤੇਰੀ ਥਾਲੀ ਵਿੱਚ ਹੀ ਚੁੰਝਾਂ ਮਾਰ ਗੲੇ ,
ਕੀ ਖੱਟਿਆ ਤੂੰ ਯਾਰੀ ਲਾਕੇ ਕਾਂਵਾਂ ਨਾਲ !
ਭਰਮ ਹੈ ਤੇਰਾ, ਤੇਰੇ ਲਈ ਕੋਈ ਹੋਰ ਲੜੂ ,
ਲੜਨਾ ਪੈਂਦਾ ਆਪਣੀਆਂ ਹੀ ਬਾਵ੍ਹਾਂ ਨਾਲ!
ਧੁੱਪਾਂ ਵਿੱਚ ਨਾ ਤੁਰਨਾ ਔਖਾ ਹੋ ਜਾਵੇ ,
ਏਡਾ ਵੀ ਨਾ ਰਿਸ਼ਤਾ ਰੱਖੀਂ ਛਾਂਵਾਂ ਨਾਲ!
ਜਿੱਥੇ ਲੋਚੀ ਤੇਰੀਆਂ ਗ਼ਜ਼ਲਾਂ ਟਹਿਲਦੀਆਂ ,
ਅੱਜਕੱਲ੍ਹ ਮੋਹ ਜਿਹਾ ਆਉਂਦੈ ੳੁਹਨਾਂ ਰਾਵ੍ਹਾਂ ਨਾਲ!
********************************
ਸਜ਼ਾ ਕੈਸੀ ਮਿਲੀ ਇਹ ਸੋਚਦਾ ਹਾਂ!
ਮੈਂ ਖ਼ੁਦ ਤੋਂ ਹੀ ਬਗਾਨਾ ਹੋ ਰਿਹਾ ਹਾਂ!
ਮਖੌਟਾ ਹੀ ਨਜ਼ਰ ਚਿਹਰੇ ‘ਤੇ ਆਵੇ ,
ਮੈਂ ਜਿੰਨ੍ਹੀ ਵਾਰ ਸ਼ੀਸ਼ਾ ਦੇਖਦਾ ਹਾਂ !
ਖ਼ੁਦਾ ਉਸਨੂੰ ਵੀ ਅੰਬਰ ਬਖ਼ਸ਼ ਦੇਵੇ,
ਮੈਂ ਜਿਸਦੀ ਅੱਖ ਦੇ ਵਿੱਚ ਰੜਕਦਾ ਹਾਂ!
ਜਿਉਂਦੇ ਹੋਣ ਦਾ ਅਹਿਸਾਸ ਹੁੰਦੈ ,
ਮੈਂ ਦਿਲ ਦੇ ਬੂਹੇ ਖੁੱਲ੍ਹੇ ਰੱਖਦਾ ਹਾਂ!
ਮੇਰੇ ਅੰਦਰ ਹੈ ਸ਼ਬਦਾਂ ਦਾ ਕਬੀਲਾ,
ਮੈਂ ਅਪਣੇ ਆਪ ਵਿੱਚ ਹੀ ਕਾਫ਼ਲਾ ਹਾਂ!
ਕਿਤੇ ਮਿੱਟੀ ਨਾ ਮੈਨੂੰ ਭੁੱਲ ਜਾਵੇ ,
ਮੈਂ ਅਪਣੀ ਮਾਂ ਦੀ ਬੋਲੀ ਬੋਲਦਾ ਹਾਂ!
ਮੇਰੇ ਅੰਦਰ ਵੀ ਹੈ ਲੋਚੀ ਜਿਹਾ ਕੁਝ,
ਮੈਂ ਵੈਰੀ ਦੇ ਵੀ ਸੀਨੇ ਧੜਕਦਾ ਹਾਂ!
*****************************
ਉਹਨੂੰ ਮਿੱਟੀ ਵੀ ਨਹੀਂ ਭਰਦੀ ਕਲਾਵੇ!
ਜੁ ਸੁੱਚੇ ਰਿਸ਼ਤਿਆਂ ਦੀ ਖੇਹ ਉਡਾਵੇ !
ਅਜੇ ਤੂੰ ਖੋਲ੍ਹ ਨਾ ਪੰਡ ਸ਼ਿਕਵਿਆਂ ਦੀ ,
ਅਜੇ ਤਾਂ ਬਿਰਖਾਂ ‘ਤੇ ਪੱਤਰ ਨੇ ਸਾਵੇ !
ਮੈਂ ਸੱਭੇ ਹਾਸੇ ਉਸ ਤੋਂ ਵਾਰ ਦੇਵਾਂ ,
ਕਦੇ ਤਾਂ ਹੱਸਕੇ ਉਹ ਮੈਨੂੰ ਬੁਲਾਵੇ !
ਤੂੰ ਸਿਰ ਤੋਂ ਲਾਹ ਜ਼ਰਾ ਹਾਉਮੈਂ ਦੀ ਛੱਤਰੀ,
ਮੁਹੱਬਤ ਤੈਨੂੰ ਵੀ ਕੁਝ ਰਾਸ ਆਵੇ !
ਤੇਰੇ ਅੰਦਰ ਕੋਈ ਦਰਵੇਸ਼ ‘ਲੋਚੀ’ ,
ਜੁ ਤੈਨੂੰ ਲਾਲਸਾਵਾਂ ਤੋਂ ਬਚਾਵੇ !
*****************************
ਕੈਸੇ ਰੰਗ ਦਿਖਾਏ ਵੇਖ ਮੁਕੱਦਰ ਨੇ !
ਸਭ ਕੁਝ ਹੁੰਦਿਆਂ ਸੁੰਦਿਆਂ ਵੀ ਘਰ ਖੰਡਰ ਨੇ!
ਤੁੰ ਫੁੱਲਾਂ ਦੇ ਸ਼ਹਿਰ ਦਾ ਵਾਸੀ ਕੀ ਜਾਣੇ ,
ਸਾਨੂੰ ਤਾਂ ਖ਼ਾਬਾਂ ਵਿੱਚ ਦਿੱਸਦੇ ਖੰਜਰ ਨੇ !
ਮਥੁਰਾ ਵਿੱਚ ਭਗਵਾਨ ਗੁਆਚਾ ਘਰ ਲੱਭੇ ,
ਘਰ ਕੀ ਲੱਭਣਾ, ਥਾਂ ਥਾਂ ਬਣ ਗਏ ਮੰਦਰ ਨੇ !
ਜਿੰਨ੍ਹੇ ਮੇਰੇ ਚਿਹਰੇ ਤੋਂ ਤੂੰ ਪੜ੍ਹ ਲੲੇ ਨੇ ,
ਉਸ ਤੋਂ ਬਹੁਤੇ ਡਰ ਤਾਂ ਮੇਰੇ ਅੰਦਰ ਨੇ !
ਐਵੇਂ ਲੋਚੀ ਹਵਾ ‘ਚ ਉੱਡਿਆ ਫਿਰਦਾ ਏਂ ,
ਇਸ ਮਿੱਟੀ ਦੇ ਥੱਲੇ ਬਹੁਤ ਸਿਕੰਦਰ ਨੇ !
****************************
ਹਾਊਮੈਂ ਦਾ ਨਾ ਕਿਧਰੇ ਕੋਈ ਖਿਲਾਰਾ ਸੀ !
ਨਿੱਕਾ ਸੀ ਪਰ ਸ਼ਹਿਰ ਉਹ ਕਿੰਨ੍ਹਾ ਪਿਆਰਾ ਸੀ !
ਨਿੱਕੀ ਨਿੱਕੀ ਗੱਲ ‘ਚੋਂ ਖੁਸ਼ੀਆਂ ਫੜਦੇ ਸੀ ,
ਮੇਰੇ ਵੱਡਿਆਂ ਦਾ ਵੀ ਸ਼ਾਹੂਕਾਰਾ ਸੀ !
ਇਹ ਗ਼ਜ਼ਲਾਂ ਤਾਂ ਟੋਟੇ ਟੁਕੜੇ ਓਸੇ ਦੇ ,
ਮੇਰੇ ਅੰਦਰੋਂ ਟੁੱਟਿਆ ਜੇਹੜਾ ਤਾਰਾ ਸੀ !
ਤੂੰ ਤਾਂ ਐਵੇਂ ਢੇਰੀ ਢਾਹਕੇ ਬੈਠ ਗਿਓਂ,
ਤੇਰੇ ਨਾਲ਼ੋਂ ਸਭ ਦਾ ਦੁੱਖੜਾ ਭਾਰਾ ਸੀ !
ਤੂੰ ਕਿਉਂ ਲੋਚੀ ਦਰਦ ਸੁਣਾਏ ਕੰਧਾਂ ਨੂੰ ,
ਹੂੰਗਰ ਸੀ ਨਾ ਕਿਧਰੇ ਕੋਈ ਹੁੰਗਾਰਾ ਸੀ !
ਤ੍ਰੈਲੋਚਨ ਲੋਚੀ
20, ਸੈਕਿੰਡ ਫਲੋਰ, ਐੱਚ.ਆਈ.ਫਲੈਟਸ
ਰਾਜਗੁਰੂ ਨਗਰ, ਲੁਧਿਆਣਾ
ਮੋਬਾਈਲ 98142 53315


