Home updates काव्य कुंज:-ਖੂਬਸੂਰਤ ਸ਼ਾਇਰੀ ਦਾ ਸੁਮੇਲ ਰਿਸ਼ੀ ਹਿਰਦੇਪਾਲ

काव्य कुंज:-ਖੂਬਸੂਰਤ ਸ਼ਾਇਰੀ ਦਾ ਸੁਮੇਲ ਰਿਸ਼ੀ ਹਿਰਦੇਪਾਲ

12 second read
0
0
26

ਸਾਹਿਤ ਕਲਾ ਅਤੇ ਅਧਿਆਪਨ ਨਾਲ ਜੁੜਿਆ, ਜ਼ਿੰਦਾਦਿਲ ਅਤੇ ਮਿਲਾਪੜਾ ਇਨਸਾਨ ਰਿਸ਼ੀ ਹਿਰਦੇਪਾਲ। ਤਿੰਨ ਪ੍ਰਕਾਸ਼ਿਤ ਕਿਤਾਬਾਂ, ਸੈਂਕੜੇ ਖੋਜ ਪੱਤਰ ਅਤੇ ਯੂਥ ਆਇਕਨ ਐਵਾਰਡ 2019 ਵਿਜੇਤਾ। ਆਓ ਮਾਣੀਏ ਉਹਨਾਂ ਦੀ ਖੂਬਸੂਰਤ ਸ਼ਾਇਰੀ:


बे-टिकट
स्टेशन पर बैठा हुं
गाड़ी के इंतजार में, शायद
कहीं जाना है मुझे
गाड़ी आ चुकी है
सवारियाँ ऊतर-चढ रहीं हैं
लोगों में हफ्ड़ा दफ्ड़ी मची है
मैं वहीं बैठा हुं
जाती गाड़ी को देखते
बैंच पर छोड़, टिकट
बाहर आ गया हुं
पटरियां बहुत हैं मेरे भीतर
अपनी गाड़ी पर स्वार
ख़ुद के सफ़र पर हुं मैं ।
****************
ਘਾਚੇ-ਮਾਚੇ
ਕੰਧਾਂ, ਕਾਪੀਆਂ ‘ਤੇ
ਵਿੰਗ ਤੜਿੰਗੀਆਂ ਲਾਈਨਾਂ ਵਾਹੁੰਦੀ
ਧੀ ਨੂੰ
ਜਦ ਪੁੱਛਦਾ
” ਅਦਬ, ਇਹ ਕੀ ਕਰਦਾ ਮੇਰਾ ਬੱਚਾ ? “
‘ ਕੁਝ ਨਹੀਂ
ਘਾਚੇ ਮਾਚੇ ‘
ਪੋਲ਼ੀ ਜਿਹੀ ਤਾੜੀ ਮਾਰ
ਹੱਸ ਕੇ ਆਖਦੀ
ਹੱਸ ਪੈਂਦਾ ਮੈਂ ਵੀ
ਲਿਖਣ ਬੈਠੇ ਦੀ
ਗੋਦੀ ਆ ਵੜਦੀ
ਹੈਰਾਨ ਹੁੰਦੀ ਵੇਖਦੀ
ਕਾਗ਼ਜ਼ ‘ਤੇ ਵਹਿ ਰਹੇ ਅੱਖਰਾਂ ਨੂੰ
ਪੋਲ਼ੀ ਜਿਹੀ ਤਾੜੀ ਮਾਰ ਆਖਦੀ
” ਪਾਪਾ, ਆਹ ਕੀ ਘਾਚੇ ਮਾਚੇ
ਮਾਰੀ ਜਾਨੇ ਓ ? “
ਮੈਂ ਕਾਪੀ ਪੈਨੱ ਰੱਖ ਦਿੰਦਾ
ਉਹਦੇ ਘਾਚੇ ਮਾਚੇ ਵਿੱਚੋਂ
ਅਦਬ ਲੱਭਣ ਲੱਗਦਾਂ  ।
****************
ਉਸਦੇ ਘਰ ਜਾ
ਚੁੱਕ ਲਿਆਇਆਂ, ਉਹ ਕਿਤਾਬ
ਜਿਹੜੀ, ਉਹਦੇ ਤੁਰ ਜਾਣ ਤੋਂ
ਕੁਝ ਦਿਨ ਪਹਿਲਾਂ ਹੀ, ਭੇਂਟ
ਕੀਤੀ ਸੀ ਮੈਂ
ਘਰ ਆ ਕਿਤਾਬ ਖੋਲ੍ਹ, ਪੜ੍ਹਿਆ
ਪਹਿਲਾ ਪੰਨਾ, ਮੇਰੀ
ਹੱਥ-ਲਿਖਤ ਸੀ
” ਕਵਿਤਾ ਜਿਹੇ ਸੱਜਣ ਨੂੰ
ਮੁਹੱਬਤ ਨਾਲ, ਉਹਦੇ
ਆਮਦ ਦਿਵਸ ਮੌਕੇ “
ਪੁਸਤਕ ਦੇ ਪੰਨੇ
ਫਰੋਲਣ ਤੋਂ ਪਹਿਲਾਂ
ਉਹਨੂੰ ਹਾਕ ਮਾਰ ਲਈ
ਉਹਨੇ ਮੇਰੀ ਹਾਕ ਦੀ ਉਂਗਲ
ਫੜ ਲਈ, ਚੁੱਪ ਚਾਪ
ਆਣ ਬਹਿ ਗਿਆ ਮੇਰੇ ਕੋਲ
ਬਿਨ ਖੜਾਕ
ਹੁਣ
ਦੋਵੇਂ ਡੋਲ ਰਹੇ ਹਾਂ
ਕਵਿਤਾ ਦੇ ਦੇਸ ਵਿਚ
***************
ਵੇਖ ਮੇਰੀ ਕਮਜ਼ੋਰੀ ਸਜਣਾ
ਹੋ ਗਈ ਸੀਨਾਜੋਰੀ ਸਜਣਾ
ਵਿੱਚ ਵਿਚਾਲੇ ਸਾਹੋਂ ਟੁੱਟ ਗਈ
ਗੱਲ ਅਸਾਂ ਜੋ, ਟੋਰੀ ਸਜਣਾ
ਸਾਨੂੰ ਦੇ ਕੇ ਕੁੰਜੀਆਂ ਖ਼ੁਦ ਤੂੰ
ਕੀਤਾ ਏ ਦਿਲ ਚੋਰੀ ਸਜਣਾ
ਤੇਰੇ ਬੋਲ ਵੀ ਅੈਦਾਂ  ਜਾਪਣ
ਜਿਦਾਂ ਮਾਂ ਦੀ ਲੋਰੀ ਸਜਣਾ
ਸੱਚੇ  ਰੱਬ  ਨੂੰ  ਧੋਖਾ  ਦੇ ਕੇ 
ਲੰਘੇਂਗਾ ਕਿਸ ਮੋਰੀ ਸਜਣਾ
ਲੈ ਕੇ ਦਰਦ ਹਜ਼ਾਰਾਂ ਤੈਥੋਂ
ਪੀੜ ਤਿਰੇ ਵੱਲ ਤੋਰੀ ਸਜਣਾ
********************
ਸੁਫ਼ਨੇ ਮਾਰੀ ਜਾਨਾ ਏਂ ਸੁਖ ਤਾਂ ਹੈ
ਦਿਲ ਤੋਂ ਹਾਰੀ ਜਾਨਾ ਏਂ ਸੁਖ ਤਾਂ ਹੈ
ਜੋ ਮੁਸ਼ਕਿਲ ਨਾਲ ਮਿਲੇ ਸੀ ਤੈਨੂੰ ਉਹ
ਚਾਅ ਖਿਲਾਰੀ ਜਾਨਾ ਏਂ ਸੁਖ ਤਾਂ ਹੈ
ਪਹਿਨੇ ਪਹਿਲਾਂ ਲੱਖਾਂ ਚਿਹਰੇ ਤੇ ਹੁਣ
ਆਪ ਉਤਾਰੀ ਜਾਨਾ ਏਂ ਸੁਖ ਤਾਂ ਹੈ
ਢੁੱਕਾ ਸੀ ਮਿੱਟੀ ਪਾਵਣ ਬੀਤੇ ‘ਤੇ
ਕੰਧ ਉਸਾਰੀ ਜਾਨਾ ਏਂ ਸੁਖ ਤਾਂ ਹੈ
ਭੋਲਾ ਬਣ ਮਗਰੇ ਲਾ ਕੇ ਸਾਨੂੰ ਫ਼ਿਰ
ਕਰ ਹੁਸ਼ਿਆਰੀ ਜਾਨਾ ਏਂ ਸੁਖ ਤਾਂ ਹੈ
*********************
ਚੌਗਿਰਦਾ
ਕੂੜੇ ਨਾਲ ਭਰਿਆ 
ਢੇਰ ਵਿਚੋਂ
ਇਕ ਫੁੱਲ ਉੱਗ ਆਇਆ ਹੈ
ਤਿਤਲੀਆਂ ਆਣ ਬੈਠੀਆਂ ਨੇ
ਕਵਿਤਾ ਵਗਣ ਲਗ ਪਈ ਹੈ
******************
ਸਬਜ਼ੀ ਕੱਟਦਿਆਂ
ਮਾਂ ਦੇ ਹੱਥ ਫਿਰ ਗਿਆ ਚਾਕੂ
ਪੱਟੀ ਕਰਦਿਆਂ
ਲੈ ਆਇਆ ਮਾਂ ਦੀ ਪੀੜ
ਆਪਣੇ ਨਾਲ, ਚੁੱਪ ਚਾਪ
ਮਾਂ ਨੂੰ ਹੁਣ ਆਰਾਮ ਹੈ
ਸਫ਼ਾਈ ਕਰਦਿਆਂ
ਪਤਨੀ ਦਾ ਹੱਥ ਹੋ ਗਿਆ ਲਹੂ ਲੂਹਾਨ
ਪੱਟੀ ਕਰਦਿਆਂ ਉਸਦੀ ਪੀੜ ਵੀ
ਸਮੇਟ ਲਈ ਆਪਣੇ ਅੰਦਰ 
ਚੁੱਪ ਚਾਪ
ਘਰਦੀ ਸ਼ਾਂਤ ਹੈ ਹੁਣ
ਚੁੱਪ ਚਾਪ
ਕਵਿਤਾ ਨੂੰ ਦੇ ਆਇਆਂ
ਉਹਨਾਂ ਦੋਹਾਂ ਦੀ ਪੀੜ ਨਾਲ
ਆਪਣੀ ਪੀੜ
ਮੈਂ ਹੁਣ ਹੌਲਾ ਫੁੱਲ ਹਾਂ
ਮੇਰੀ ਪੀੜ 
ਕਵਿਤਾ ਨੇ ਸਾਂਭ ਲਈ ਹੈ
ਮੇਰੀ ਧੀ ਵਾਂਗ
******************
ਨਫ਼ਰਤ ਵਾਲੀ ਅੱਗ ਤੋਂ ਪਾਸੇ
ਹੋਣਾ ਚਾਹਵਾਂ   ਜੱਗ ਤੋਂ ਪਾਸੇ
ਠੱਗਿਆ ਜਿਸਨੇ ਦਿਲ ਤੋਂ ਰੂਹ ਤੱਕ
ਕੀਕਣ ਹੋਵਾਂ    ਠੱਗ ਤੋਂ ਪਾਸੇ
ਹਰ ‘ਲੜ’ ਤੋਂ ਕੁਝ ‘ਸਿੱਖਿਆ’ ਉਹਨੇ
ਹੋ ਨਹੀਂ ਸਕਦਾ  ਪੱਗ ਤੋਂ ਪਾਸੇ
ਜਿੰਨ੍ਹਾਂ ਮਰਜ਼ੀ ਜ਼ੋਰ ਲਾ ਹਿਰਦੇ
ਭੇਡ ਤੁਰੇ ਨਾ ਵੱਗ ਤੋਂ ਪਾਸੇ
ਚੰਗਾ ਏ ਜੇ ਰਹੋ ਖਲ੍ਹੋ ਕੇ
ਰਿਸ਼ੀ ਜਿਹੇ ਲਾਈਲੱਗ ਤੋਂ ਪਾਸੇ
ਰਿਸ਼ੀ ਹਿਰਦੇਪਾਲ

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …