Home updates ਧੀਆਂ ਤੇ ਰੁੱਖ

ਧੀਆਂ ਤੇ ਰੁੱਖ

39 second read
0
0
211
ਧੀਆਂ ਤੇ ਰੁੱਖ

ਧੀਆਂ ਤੇ ਰੁੱਖ ਜਿੱਥੇ ਮਰਜ਼ੀ 
ਖੱਗ ਕੇ ਲਾ ਦਿਉ
ਜੜ੍ਹਾਂ ਫੜ ਹੀ ਜਾਂਦੇ ਨੇ!
ਕੁਛ ਸਮ੍ਰਿਤੀਆਂ ਸੋਨੇ ਤੋਂ ਵੀ ਸੁਨਹਿਰੀ ਹੁੰਦੀਆਂ ਨੇ! ਬੜਾ ਚਿਰ ਪਹਿਲਾਂ ਜਗੀਰ ਕੌਰ ਸੰਧੂ ਜੀ ਦਾ ਇੱਕ ਨਾਵਲ ਪੜ੍ਹਿਆ ਸੀ ! ਜਿਹਦੇ ਵਿੱਚ ਮਾਂਵਾਂ ਧੀਆਂ ਦਾ ਆਪਣੇ ਵਿਹੜੇ ਵਿੱਚ ਲੱਗੀ ਬੇਰੀ ਨਾਲ ਬੜਾ ਮੋਹ ਸੀ ! ਬੇਰੀ ਥੱਲੇ ਬਹਿ ਕੇ ਦੋਂਵੇ ਜਣੀਆਂ ਰੱਜ-ਰੱਜ ਗੱਲਾਂ ਕਰ ਦੀਆਂ ਤੇ ਲਾਲ ਹੋਕੇ ਕਿਰੇ ਬੇਰ ਰਾਹੀਆਂ ਨੂੰ ਖਾਣ ਲਈ ਦੇਂਦੀਆਂ ਤੇ ਪਾਣੀ ਧਾਣੀ ਵੀ ਪੁੱਛ ਦੀਆਂ! ਨਾਲੇ ਗਲੀ ਗਵਾੰਢ ਦੇ ਨਿਆਣੀਆਂ ਨੂੰ ਵੀ ਰਸੇ ਮਿੱਠੇ ਬੇਰ ਦੇਂਦੀਆਂ! ਜਦੋਂ ਮਾਂ ਮਰ ਗਈ ਤੇ ਉਹ ਮੁਟਿਆਰ ਕੁੜੀ ਬੇਰੀ ਥੱਲੇ ਬਹਿ ਕੇ ਮਾਂ ਨੂੰ ਚੇਤੇ ਕਰਿਆ ਕਰੇ! ਬੇਰੀ ਨੂੰ ਜੱਫੀ ‘ਚ ਲੈ ਕੇ ਮਾਂ ਨੂੰ ਰੋਵੇ ਨਾਲੇ ਮਾਂ ਨੂੰ ਮਹਿਸੂਸ ਕਰਿਆ ਕਰੇ!
ਸਾਡੇ ਘਰ ਜਾਮੁਨ ਦਾ ਰੁੱਖ ਹੈ ਜੋ ਇਹਨੀਂ ਦਿਨੀਂ ਫਲ ਨਾਲ ਲੱਦਿਆ ਪਿਆ ਹੈ ! ਸਾਡਾ ਸਾਰਾ ਮੁਹੱਲਾ ਇਸ ਦਾ ਫਲ ਖਾਂਦਾ ਹੈ ਖਾਸਕਰ ਬੱਚੇ! ਮੇਰੇ ਬੱਚਿਆਂ ਦੇ ਦੋਸਤ ਵੀ 
ਸਪੇਸ਼ਲ ਆਉਂਦੇ ਨੇ ਜਾਮੁਨ ਖਾਣ!
ਦਰਅਸਲ ਇਹ ਬਾਰ੍ਹਾਂ ਸਾਲ ਪਹਿਲਾਂ ਭਾਪਾ ਜੀ ਨੇ ਆਪਣੀ ਪੈਲੀ ਚੋਂ ਖੱਗ ਕੇ ਮੈਨੂੰ ਦਿੱਤਾ ਸੀ ਤੇ ਆਥਣ ਲੱਗੇ ਕਿ ਪੁੱਤਰ ਆਪਣੇ ਘਰ ਲਾ ਛੱਡੀਂ ! ਬੜਾ ਫਲ ਦੇ ਗਾ !
ਨਿਆਣੇ ਖਾਣ ਗੇ ਨਾਲੇ ਨਾਨੇ ਨੂੰ ਯਾਦ ਕਰਨਗੇ !ਉਹਨਾ ਦੀ ਗੱਲ ਸੱਚੀ ਹੋਈ ! ਜਾਮੁਨ ਨੂੰ ਵੇਖ ਕੇ ਉਹ ਬਹੁਤ ਯਾਦ ਆਉਂਦੇ ਨੇ ! ਮੈਂ ਕਈ-ਕਈ ਘੰਟੇ ਇਹਦੇ ਥੱਲੇ ਬਹਿਕੇ ਉਹਨਾ ਨੂੰ ਯਾਦ ਕਰਦੀ ਰਹਿਨੀ ਆਂ ! 
   ਜਦੋਂ ਤੱਕ ਹਰਾ ਏ
   ਛਾਂ ਦੇ ਗਾ 
   ਫਲ ਦੇ ਗਾ 
   ਸੁੱਕ ਗਿਆ ਤੇ ਬਾਲਣ 
   ਦੇ ਕੰਮ ਆਏਗਾ!
ਅਸੀਂ ਜਦੋਂ ਛੇਟੇ ਹੰਦੇ ਸਾਂ ਤੇ ਜੂਨ ਦੀਆਂ ਛੁੱਟੀਆਂ ਦਾ ਕੰਮ ਰੁੱਖਾਂ ਥੱਲੇ ਬਹਿਕੇ ਹੀ ਕਰੀ ਦਾ ਸੀ ! ਘਰ ਦੇ ਵਿੱਚ ਹੀ ਮੋਟਰ ਲੱਗੀ ਹੁੰਦੀ ਸੀ ਰੁੱਖਾਂ ਦੇ ਥੱਲਿਉਂ ਭਰਿਆ ਖਾਲ ਵਗਦਾ ਹੁੰਦਾ ਸੀ !ਰੁੱਖਾਂ ਤੋਂ ਕਾਲੇ ਕੀੜੇ ਬੜੇ ਡਿੱਗਦੇ ਹੁੰਦੇ ਸਨ!ਅਸੀਂ ਸਾਰੇ ਭੈਣ ਭਰਾ ਛਾਨਣੀ ਨਾਲ ਕੀੜਿਆਂ ਨੂੰ ਰੁੜ੍ਹਣੋ ਬਚਾਉਂਦੇ ਸਾਂ! ਛੇਤੀ ਛੇਤੀ ਸਕੂਲ ਦਾ ਕੰਮ ਮੁਕਾਅ  ਕੇ ਵਿਹਲੇ ਹੋ ਜਾਈ ਦਾ ਸੀ ਤੇ ਫੇਰ ਸਾਰੀਆਂ ਛੁੱਟੀਆਂ ਘੁੰਮਣ ਤੇ ਰਹੀ ਦਾ ਸੀ ਉਦੋਂ ਸਾਡੇ ਅੰਗੂਰਾਂ ਦੇ ਵੀ ਬਾਗ ਹੁੰਦੇ ਸਨ ! ਬਾਗ ਬੌਰੀਆਂ ਨੂੰ ਠੇਕੇ ਦੇ ਦਈ ਸਨ ! ਕਿੰਨਾ -ਕਿੰਨਾ ਚਿਰ 
ਬਾਗ ਚ ਲਾਲੀਆਂ ਤੇ ਚਿੜੀਆਂ ਉਡਾਉਂਦੀਆਂ ਅੰਗੂਰਾਂ ਦੀ ਰਾਖੀ ਕਰਦੀਆਂ ਇਹਨਾਂ ਦੀਆ ਮਿਹਨਤੀ ਕੁੜੀਆਂ ਕੋਲ ਬੈਠੇ ਰਹੀਦਾ ਸੀ! ਜਿੰਨਾ ਚਿਰ ਘਰੋਂ ਵਾਜ ਨਾ ਪੈਣੀ ਅਸੀਂ ਘਰ ਈ ਨਾ ਜਾਣਾ! ਕਈ ਵਾਰੀ ਰੋਟੀ ਵੀ ਉਹਨਾਂ ਕੋਲੋਂ ਹੀ ਖਾ ਲੈਣੀਂ! ਉਹ ਕੁੜੀਆਂ ਕੱਚੇ ਅੰਗੂਰਾਂ ਦੀ ਸਬਜ਼ੀ ਬੜੀ ਵਧੀਆ ਬਣਾਉਂਦੀਆਂ ਸਨ!ਉਸ ਸਬਜ਼ੀ ਦਾ ਸਵਾਦ ਅਜੇ ਵੀ ਯਾਦ ਏ!ਚਿੜੀਆ ਉਡਾਉਣ ਲੱਗਿਆਂ ਉਹ ਇੱਕ ਦੂਜੇ ਨੂੰ ਜ਼ੋਰ ਦੀ ਵਾਜ ਮਾਰਦੇ ਸਨ ! ਮੈਨੂੰ ਯਾਦ ਹੈ ਅੱਜ ਵੀ!
ਰੋਟੀਆਂ ਪਕਾਉਂਦੀ ਉਹ ਕੁੜੀ ਆਪਣੇ ਭਰਾ ਨੂੰ ਜ਼ੋਰ ਦੀ ਵਾਜ ਮਾਰਕੇ ਆਖਿਆ ਕਰੇ,,,
( ਜੱਗਾ……. ਟਾਹਲੀ ਕੀ ਚੁੰਡੈ ਚਿੱਕਲੀਆਂ ਡਾਓ !
ਓਹ ਮੋਹ ਖੋਰੀਆਂ ਤੇ ਮਿਹਨਤੀ ਕੁੜੀਆਂ ਬੜਾ ਯਾਦ ਆਉਂਦੀਆਂ ਨੇ!ਉਹ ਰੋਟੀ ਪਾਣੀ ਦਾ ਕੰਮ ਕਰਕੇ ਵੀ ਆਪਣੇ ਪਿਉ ਤੇ ਭਰਾ ਦੇ ਬਰਾਬਰ ਅੰਗੂਰ ਤੋੜਕੇ ਟੋਕਰੀਆਂ ‘ਚ ਪੈਕ ਵੀ ਕਰ ਦੀਆਂ ਸਨ ਤੇ ਸਾਡੇ ਨਾਲ ਗੱਲਾਂ ਬਾਤਾਂ ਵੀ ਮਾਰ ਦੀਆਂ ਸਨ! ਆਪਣੇ ਵਾਸਤੇ ਜਾਮਨੀ ਰੰਗ ਦੇ ਮੋਟੇ ਅੰਗੂਰ ਅਸੀਂ ਛਾਂਟ -ਛਾਂਟ ਕੇ ਹੱਥੀਂ ਤੋੜ ਕੇ ਘਰ ਲਿਆਉੰਦੇ ਸਾਂ!
ਅਗਲੇ ਸਾਲ ਬਾਗ ਫਿਰ ਏਸੇ ਪਾਰਟੀ ਨੂੰ ਠੇਕੇ ‘ਤੇ ਦਿੱਤੇ ਗਏ! ਪਰ ਐਤਕੀਂ ਉਹਨਾਂ ਨਾਲ ਉਹ ਕੁੜੀਆਂ ਦੀ ਥਾਂਵੇਂ ਦੋ ਨਵੀਂਆਂ ਵਿਆਹੀਆਂ ਵਹੁਟੀਆਂ ਸਨ ! ਅਸੀਂ ਪੁੱਛਿਆਂ ਕਿ ਉਹ ਭੈਣਾਂ ਕਿਉਂ ਨਹੀਂ ਆਈਆਂ ! ਉਹਨਾ ਦੱਸਿਆ ਕਿ ਉਹਨਾਂ ਦੇ ਵਿਆਹ ਹੋ ਗਏ ਨੇ ਤੇ ਹੁਣ ਉਹ ਆਪਣੇ ਸਹੁਰਿਆਂ ਨਾਲ ਕਿਸੇ ਹੋਰ ਪਿੰਡ ਬਾਗ ਦੀ ਰਾਖੀ ਵਾਸਤੇ ਗਈਆਂ ! ਜਿਵੇਂ ਸਾਡੀਆਂ ਨਵੀਂਆਂ ਵਿਆਹੀਆਂ ਨੂਹਾਂ ਸਾਡੇ ਨਾਲ ਇਹਨਾਂ ਬਾਗਾਂ ‘ਚ ਕੰਮ ਕਰਨ ਗੀਆਂ !ਉਸੇ ਤਰ੍ਹਾਂ ਸਾਡੀਆਂ ਕੁੜੀਆਂ ਵੀ ਸਹੁਰਿਆਂ ਨਾਲ ਕੰਮ ਕਰਨ ਗੀਆਂ ! ਮੈਂ ਉਹਨਾਂ ਦੇ ਹੱਥੀਂ ਪਾਏ ਸੱਜਰੇ ਚੂੜੇ ਵੱਲ ਵੇਖਾਂ ਤੇ ਸੋਚਾਂ ! ਇਹ ਹੁੰਦਾ ਏ ਵਿਆਹ ! 
ਅੰਗੂਰ ਦੇਣ ਅਸੀਂ ਕਦੀ ਭੁਆ ਕੋਲ ਜਾਣਾ ਕਦੀ ਮਾਸੀਆਂ ਕੋਲ ਜਾਣਾ!ਮੇਰੇ ਮਾਮੇ ਨਹੀਂ ਸਨ ਤੇ ਮੇਰੀ ਤਾਈ ਨੇ ਮੈਨੂੰ ਆਪਣੇ ਪੇਕੇ ਗੰਗਾਨਗਰ ਚੱਕ 27 ਲੈ ਜਾਣਾ ! ਕਦੀ ਆਪਣੇ ਨਾਲ ਆਪਣੇ ਦੂਜੇ ਭਰਾਵਾਂ ਕੋਲ ਲੈ ਜਾਣਾ ! ਮੇਰੀ ਤਾਈ ਦੇ ਆਪਣੇ ਬੱਚੇ ਨਹੀਂ ਸਨ ਉਦੋਂ ! ਤਾਈ ਮੈਨੂੰ ਆਪਣੇ ਬੱਚਿਆ ਵਾਂਗ ਆਪਣੇ ਨਾਲ -ਨਾਲ ਰੱਖਦੀ ਸੀ !
ਸਮਾਂ ਪਤਾ ਨਹੀਂ ਕੀ-ਕੀ ਵਿਖਾ ਦੇਵੇ ! 
ਮੇਰੀ ਇਸ ਤਾਈ ਦਾ ਤੇ ਨਾਂ ਹੀ ਬੜਾ ਪਿਆਰਾ ਹੈ ਪਿਆਰ ਕੌਰ !ਹੁਣ ਇੱਕ ਦਿਨ ਤਾਈ ਪਿਆਰ ਕੌਰ ਨੂੰ ਮੈਂ ਮਿਲਣ ਗਈ ਤੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਛੱਡੇ ਈ ਨਾ ! ਮੈਂ ਆਖਿਆਂ ਤਾਈ ਜੀ : ਮੈਨੂੰ ਪਿਛਾਣਿਆ ਜੇ 
ਕਹਿੰਦੇ ਹਾਂ ਤੂੰ ਮੇਰੀ ਪਿਛਲੇ ਜਨਮ ਦੀ ਭੈਣ ਏਂ ਤੇ ਮਿਲਣ ਆਈ ਏਂ! ਉਹਨਾ ਦੀ ਯਾਦਾਸ਼ਤ ਬਹੁਤ ਘਟ ਗਈ ਏ! 
ਮੈਂ ਆਖਿਆ ਨਹੀਂ ਤਾਈ ਜੀ ਮੈਂ ਤੁਹਾਡੀ ਸਿੰਦਰ !
ਮੇਰਾ ਨਾਂ ਸੁਣਦਿਆਂ ਹੀ ਮੈਨੂੰ ਫੇਰ ਚੰਬੜ ਕੇ ਰੋਣ ਲੱਗ ਪਈ!
ਮੇਰੇ ਬੀਜੀ ਤੇ ਮੇਰੀ ਇਹ ਤਾਈ ਭੈਣਾਂ ਵਾਂਗ ਰਹਿੰਦੀਆਂ ਨੇ ਸਦਾ! ਹੁਣ ਵੀ ਇੱਕ ਦੂਜੀ ਦੀਆਂ ਸਖੀਆਂ ਤੇ ਸਕੀਆਂ ਨੇ!
ਇਸ ਤਾਈ ਨੂੰ ਵੀ ਰੁੱਖਾਂ ਨਾਲ ਬੜਾ ਪਿਆਰ ਸੀ ਇਹਨਾਂ ਆਪਣੇ ਘਰ ਸਾਰੇ ਰੁੱਖ ਲਾਏ ਨੇ ! ਜੋ ਫਲ ਦੇਂਦੇ ਨੇ! ਜਦੋਂ ਵੀ ਪੇਕੇ ਜਾਈ ਦਾ ਏ ! ਛਾਲ ਮਾਰ ਕੇ ਚੜ੍ਹ ਜਾਨੀਆਂ ਵਾਂ 
ਅੰਬਾਂ ,ਅਮਰੂਦਾਂ ਤੇ ਜਾਮੁਨ ਦੇ ਰੁੱਖਾਂ ‘ਤੇ!
ਮੈਨੂੰ ਆਪਣੀਆਂ ਤਾਈਆਂ ਨਾਲ ਬੜਾ ਮੋਹ ਏ! ਇੱਕ ਮੇਰੀ ਤਾਈ ਮੇਰੀ ਸਿਰਨਾਵੀਂ ਹੁੰਦੀ ਸੀ ਜੋ ਗ਼ਜ਼ਲਗੋ ਜਗਜੀਤ ਸਿੰਘ ਦੀ ਭੈਣ ਹੁੰਦੀ ਸੀ! ਉਹ ਵੀ ਬੜੇ ਰੁੱਖ ਲਾਉਂਦੀ ਸੀ ! ਇੱਕ ਤਾਈ ਨੂੰ ਟਾਹਲੀ ਵਾਲੀ ਤਾਈ ਆਖੀ ਦਾ ਸੀ ਕਿਉਂਕਿ ਉਹਨਾਂ ਦੇ ਘਰ ਇੱਕ ਬੜੀ ਵੱਡੀ ਟਾਹਲੀ ਸੀ!
ਭਾਪਾ ਜੀ ਵੀ ਰੁੱਖਾਂ ਨੂੰ ਬੜਾ ਪਿਆਰ ਕਰਦੇ ਸਨ!
ਅੱਜ ਜਦੋਂ ਪੇਕੇ ਜਾਈਦਾ ਹੈ ਉਹਨਾਂ ਦੇ ਹੱਥੀਂ ਲਾਏ ਬੂਟਿਆਂ 
ਚੋਂ ਉਹਨਾਂ ਨੂੰ ਮਹਿਸੂਸ ਕਰੀ ਦਾ ਹੈ!
ਮੇਰੇ ਆਪਣੇ ਵਿਹੜੇ ਲੱਗਾ ਉਹਨਾਂ ਵੱਲੋਂ ਦਿੱਤਾ ਗਿਆ ਇਹ ਜਾਮੁਨ ਦਾ ਬੂਟਾ ਵੀ ਉਹਨਾਂ ਦੇ ਨੇੜੇ ਤੇੜੇ ਹੋਣ ਦੀ ਸ਼ਾਹਦੀ ਭਰਦਾ ਏ ਸਦਾ! 
      ਇਹ ਸਮਿਆਂ ਦੇ ਹੇਰ-ਫੇਰ ਨੇ
      ਤੇ ਸਾਨੂੰ ਸਮਿਆਂ ਨਾਲ 
      ਹੇਰਵੇ ਨੇ
      ਕੁਛ ਮਨ ‘ਤੇ ਲੱਗੀਆਂ ਦੇ
      ਤੇ ਕੁਛ ਤਨ’ ਲੱਗੀਆਂ ਦੇ
      ਕਲਮ ਦੇ ਹੱਥੋਂ 
      ਵੇਰਵੇ ਨੇ!  Chhinder kaur (Shinder)

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …