काव्य कुंज में आज के साहित्यकार जनाब
ਖੁਸ਼ੀ ਮੁਹੰਮਦ ‘ਚੱਠਾ’
Khushi Mohammed Chatha
9779025356
ਕਦੇ ਦਿੱਲੀ ਤੋਂ ਕੰਧਾਰ ਤੀਕਰ ਸੀ, ਰਾਜ ਪੰਜਾਬੀਆਂ ਦਾ
ਜਦੋਂ ਹੁੰਦਾ ਸੀ ਰਣਜੀਤ ਸਿੰਘ ਮਹਾਰਾਜ ਪੰਜਾਬੀਆਂ ਦਾ
ਅੱਜ ਪਈਆਂ ਵੰਡੀਆਂ ਦੇਖ ਕੇ ਜੀਅ ਕਰਦਾ ਕੁਰਲਾਣੇ ਨੂੰ
ਮੈਂ ਰੋ ਪਿਆ ਦੇਖ ਕੇ ਨਕਸ਼ੇ ‘ਤੇ, ਪੰਜਾਬ ਪੁਰਾਣੇ ਨੂੰ…?
ਇੱਕੋ ਸੀ ਧਰਤੀ ਮਾਂ ਸਾਡੀ, ਅਸੀਂ ਪੁੱਤ ਪੰਜਾਬੀ ਸੀ
ਬੜਾ ਪਿਆਰ ਦਿਲਾਂ ਵਿੱਚ ਹੁੰਦਾ ਸੀ, ਮਿਲਣਾ ਆਦਾਬੀ ਸੀ
ਕਿੰਝ ਲਫ਼ਜ਼ਾਂ ਨਾਲ ਬਿਆਨ ਕਰਾਂ, ਸੰਤਾਲੀ ਦੇ ਘਾਣੇ ਨੂੰ
ਮੈਂ ਰੋ ਪਿਆ ਦੇਖ ਕੇ ਨਕਸ਼ੇ ‘ਤੇ, ਪੰਜਾਬ ਪੁਰਾਣੇ ਨੂੰ…?
ਕੁੱਝ ਚੌਧਰ ਦਿਆਂ ਭੁੱਖਿਆਂ ਨੇ ਹੀ ਵੰਡ ਐਸੀ ਪਾਈ ਸੀ
ਸੀ ਵਿੱਛੜ ਗਏ ਪੁੱਤ ਮਾਵਾਂ ਤੋਂ, ਭਾਈਆਂ ਤੋਂ ਭਾਈ ਸੀ
ਕਈ ਤੜਪਣ ਜਾਮਾ ਮਸਜਿਦ ਨੂੰ, ਤੇ ਕਈ ਨਨਕਾਣੇ ਨੂੰ
ਮੈਂ ਰੋ ਪਿਆ ਦੇਖ ਕੇ ਨਕਸ਼ੇ ‘ਤੇ, ਪੰਜਾਬ ਪੁਰਾਣੇ ਨੂੰ…?
ਸਰਹੱਦ ਉੱਤੇ ਜਾ ਵੇਖਿਆ ਮੈਂ , ਉਸ ਪਾਰ ਨਜ਼ਾਰਾ ਜੋ
ਮੈਨੂੰ ਫਰਕ ਰਤਾ ਨਹੀਂ ਲੱਗਿਆ, ਏਥੇ ਵਰਗਾ ਈ ਸਾਰਾ ਉਹ
ਸੀ ਵੇਖ ਇੱਕੋ ਜਿਹੇ ਚੇਹਰੇ ਇੱਕੋ ਈ ਬੋਲੀ, ਬਾਣੇ ਨੂੰ
ਮੈਂ ਰੋ ਪਿਆ ਦੇਖ ਕੇ ਨਕਸ਼ੇ ‘ਤੇ, ਪੰਜਾਬ ਪੁਰਾਣੇ ਨੂੰ…?
ਐ ਮੌਲ਼ਾ ! ਲਹਿੰਦੇ-ਚੜ੍ਹਦੇ ਦੀ, ਲਕੀਰ ਮਿਟਾ ਦੇ ਤੂੰ
ਇਸ ਟੁਕੜੇ ਹੋਏ ਪੰਜਾਬ ਨੂੰ ਮੁੜ ਕੇ ਇੱਕ ਬਣਾ ਦੇ ਤੂੰ
ਕਿੰਝ “ਦੂਹੜਿਆਂ ਵਾਲਾ” ਮੰਨ ਕੇ ਬੈਠਾ, ਤੇਰੇ ਭਾਣੇ ਨੂੰ
ਮੈਂ ਰੋ ਪਿਆ ਦੇਖ ਕੇ ਨਕਸ਼ੇ ‘ਤੇ, ਪੰਜਾਬ ਪੁਰਾਣੇ ਨੂੰ…?
************************
ਯਾਦ ਆਉਂਦੀ ਬੜੀ ਗੱਲਾਂ ਉਹ ਪੁਰਾਣੀਆਂ ਦੀ ਗੱਲ
ਸਮੇਂ ਸੋਹਣੇ ਰੁੱਤਾਂ ਬੜੀਆਂ ਸੁਹਾਣੀਆਂ ਦੀ ਗੱਲ
ਨਵਾਂ ਚੱਲ ਪਿਆ ਦੌਰ ਇੱਥੇ ਸਰਕਾਰਾਂ ਦਾ
ਪਿੱਛੇ ਰਹਿ ਗਈ ਹੁਣ ਰਾਜੇ ਅਤੇ ਰਾਣੀਆਂ ਦੀ ਗੱਲ
ਰਹਿ ਗਏਂ ਉਲਝ ਕੇ ਜ਼ਿੰਦਗੀ ਦੇ ਤਾਣੇਬਾਣੇ ਵਿੱਚ
ਯਾਦ ਆਉਂਦੀ ਨਿੱਕੇ ਹੁੰਦੇ ਮੌਜਾਂ ਮਾਣੀਆਂ ਦੀ ਗੱਲ
ਸ਼ਾਨ ਚਾਟੀ ਤੇ ਮਧਾਣੀ ਹੁੰਦੀ ਸੀ ਰਸੋਈ ਦੀ
ਆ ਗਈ ਮਿਕਸੀ ਤੇ ਭੁੱਲ ਗਏ ਮਧਾਣੀਆਂ ਦੀ ਗੱਲ
ਮੁੱਦਾ ਬੜਾ ਹੈ ਗੰਭੀਰ, ਸਾਰੇ ਕਰੋ ਮਿਲ ਬੈਠ
ਦਿਨੋਂ-ਦਿਨ ਡੂੰਘੇ ਹੋਈ ਜਾਂਦੇ ਪਾਣੀਆਂ ਦੀ ਗੱਲ
ਨਾ ਕੋਈ ਭਰਦਾ ਹੁੰਗਾਰਾ ਨਾ ਹੀ ਪਾਉਂਦਾ ਕੋਈ ਬਾਤ
ਨਾ ਕੋਈ ਬੱਚਿਆਂ ਨਾ ਕਰਦਾ ਕਹਾਣੀਆਂ ਦੀ ਗੱਲ
ਹੁੰਦਾ ਬੜਾ ਹੈ ਪਿਆਰਾ ਹਾਣ, ਹਾਣ ਨੂੰ “ਖੁਸ਼ੀ”
ਤਾਹੀਓਂ ਲੱਗਦੀ ਪਿਆਰੀ ਬੜੀ ਹਾਣੀਆਂ ਦੀ ਗੱਲ…
*******************************
ਅੱਜ ਤੱਕ ਦੁਨੀਆਂ ‘ਤੇ ਜਿੰਨੀਆਂ ਵੀ ਹੋਈਆਂ ਜੰਗਾਂ
ਹੋਈ ਬਰਬਾਦੀ, ਕੋਈ ਨਿੱਕਲਿਆ ਹੱਲ ਨਹੀਂ
ਗੱਲੀਂ ਬਾਤੀਂ ਪਿਆਰ ਨਾ ਸੁਲਝ ਜਾਂਦੇ ਮਸਲੇ ਕਈ
ਪਿਆਰ ਵਾਲੀ ਥਾਂ ਦੇ ਉੱਤੇ, ਆਉਂਦਾ ਕੰਮ ਬੱਲ ਨਹੀਂ
ਹੁੰਦਾ ਉਹ ਸਿਆਣਾ ਜਿਹੜਾ ਸ਼ਾਂਤੀ ਦੀ ਗੱਲ ਕਰੇ
ਜੰਗਾਂ ‘ਚ ਜੋ ਮਰ ਜਾਂਦੇ , ਹੁੰਦੇ ਫੇਰ ਝੱਲ੍ਹ ਨਹੀਂ
ਦੋਸਤੀ ਲਈ ਹੁੰਦਾ ਹੈ ਵਧਾਉਣਾ ਹੱਥ ਦੋਸਤੀ ਦਾ
ਦੋਸਤੀ ਦੀ ਆੜ ‘ਚ ਪਰ, ਹੋਵੇ ਕੋਈ ਛੱਲ ਨਹੀਂ
ਜਿਨ੍ਹਾਂ ਲੀਡਰਾਂ ਨੂੰ ਡਰ ਕੁਰਸੀ ਗੁਆਵਣੇ ਦਾ
ਉਹੀਓ ਕਦੇ ਸ਼ਾਂਤੀ ਦੀ ਕਰਦੇ ਕੋਈ ਗੱਲ ਨਹੀਂ
ਜਿੰਨਾ ਚਿਰ ਜੰਗ ‘ਚ ਮਰਵਾਉਂਦੇ ਪੁੱਤ ਮਾਵਾਂ ਦੇ ਨਹੀਂ
ਓਨਾ ਚਿਰ ਲੀਡਰਾਂ ਨੂੰ ਪਚਦੀ ਏ ਭੱਲ ਨਹੀਂ
ਮਾੜੀ ਸੋਚ ਮਾੜੇ ਕੰਮੀਂ, ਹੁੰਦਾ ਹੈ ਨਤੀਜਾ ਮਾੜਾ
ਮਾੜੇ ਕਰਮਾਂ ਦਾ ਮਿਲੇ ਚੰਗਾ ਕਦੇ ਫਲ਼ ਨਹੀਂ
“ਦੂਹੜਿਆਂ ਦਾ ਖੁਸ਼ੀ” ਆਖੇ ਸੁਣੋ ਲੋਕੋ ਦੁਨੀਆਂ ਦਿਓ
ਅਮਨ-ਅਮਾਨ ਹੋਵੇ, ਵਰਗੀ ਕੋਈ ਗੱਲ ਨਹੀਂ
**********************************
ਚਰਖਾ
ਨਾ ਚਰਖ਼ਾ ਨਾ ਮੁਟਿਆਰ ਦਿਸੇ
ਨਾ ਤੀਆਂ ਦਾ ਤਿਉਹਾਰ ਦਿਸੇ
ਭੁੱਲ ਗਈਆਂ ਗਲੋਟੇ, ਪੂਣੀਆਂ ਨੂੰ
ਨਾ ਤ੍ਰਿੰਝਣਾਂ ਵਿੱਚ ਬਹਾਰ ਦਿਸੇ
ਹੁਣ ਘਰ ਵਿੱਚ ਖੱਡੀਆਂ ਲਾ ਲਾ ਕੇ
ਕੋਈ ਦਰੀਆਂ ਨਾਲ਼ੇ ਬੁਣਦੀ ਨਹੀਂ
ਅੱਜ ਯਾਦ ਕਰਨ ਲਈ ਮਾਹੀਏ ਨੂੰ
ਚਰਖੇ ਦੀ ਘੂਕਰ ਸੁਣਦੀ ਨਹੀਂ…
ਨਾ ਸਿਰ ਫੁਲਕਾਰੀ ਦਿਸਦੀ ਏ
ਨਾ ਮੱਥੇ ਚੰਨ ਸਜਾਉਂਦੀ ਕੋਈ
ਨਾ ਹੀ ਮਾਹੀਏ ਨੂੰ ਤੱਕਣੇ ਲਈ
ਚੁੱਕ ਚਰਖਾ ਗਲ਼ੀ ‘ਚ ਡਾਹੁੰਦੀ ਕੋਈ
ਅੱਜ ਚਿੜੀਆਂ, ਘੁੱਗੀਆਂ, ਮੋਰਨੀਆਂ
ਕੋਈ ਵੀਣੀ ਉੱਤੇ ਖੁਣਦੀ ਨਹੀਂ
ਅੱਜ ਯਾਦ ਕਰਨ ਲਈ ਮਾਹੀਏ ਨੂੰ
ਚਰਖੇ ਦੀ ਘੂਕਰ ਸੁਣਦੀ ਨਹੀਂ…
ਕਦੇ ਸੋਨੇ ਤੋਂ ਵੱਧ ਰੁੱਤਬਾ ਸੀ
ਹੁੰਦਾ ਜ਼ਿਕਰ ਸੀ ਜਦੋਂ ਦਹੇਜਾਂ ਦਾ
ਘਰ ਘਰ ਦਾ ਜੋ ਸ਼ਿੰਗਾਰ ਸੀ, ਅੱਜ
ਬਣ ਗਿਆ.. ਸ਼ਿੰਗਾਰ ਸਟੇਜਾਂ ਦਾ
ਗੱਲ ਕਰ ਰਿਹਾਂ ਸੋਹਣੇ ਵਿਰਸੇ ਦੇ
ਉਸ ਦੌਰ ਦੀ ਹਾਂ, ਇਹ ਹੁਣ ਦੀ ਨਹੀਂ
ਅੱਜ ਯਾਦ ਕਰਨ ਲਈ ਮਾਹੀਏ ਨੂੰ
ਚਰਖੇ ਦੀ ਘੂਕਰ ਸੁਣਦੀ ਨਹੀਂ…
ਚਰਖਾ ਹੀ ਸਿਰਫ਼ ਨਹੀਂ ਸੀ ਇਹ
ਘਰ ਦਾ ਸਰਮਾਇਆ ਹੁੰਦਾ ਸੀ
ਬੜਾ ਕਰਕੇ ਹਾਰ-ਸ਼ਿੰਗਾਰ ਇਹਦਾ
ਫੁੱਲਾਂ ਨਾਲ ਸਜਾਇਆ ਹੁੰਦਾ ਸੀ
ਅੱਜ ਮਰਨ ਕਿਨਾਰੇ ਬੈਠਾ ਏ, ਪਰ
ਕਦਰ ਕੋਈ ਇਸਦੇ ਗੁਣ ਦੀ ਨਹੀਂ
ਅੱਜ ਯਾਦ ਕਰਨ ਲਈ ਮਾਹੀਏ ਨੂੰ
ਚਰਖੇ ਦੀ ਘੂਕਰ ਸੁਣਦੀ ਨਹੀਂ…
ਅੱਜ ਰੋਂਦਾ ਚਰਖਾ ਬੈਠ ‘ਕੱਲਾ
ਰੋਂਦੇ ਨੂੰ ਕੌਣ ਵਰਾਵੇ ਗੀ
ਅੱਜ ਵੀ ਲੱਭਦਾ ਮੁਟਿਆਰ ਕੋਈ
ਜੋ ਆ ਚਰਖੇ ਤੰਦ ਪਾਵੇ ਗੀ
ਉਹਨੂੰ ਫਿਕਰ ‘ਖੁਸ਼ੀ’ ਹੈ ਵਿਰਸੇ ਦੀ
ਖੁਦ ਨੂੰ ਲੱਗੇ ਹੋਏ ਘੁਣ ਦੀ ਨਹੀਂ
ਅੱਜ ਯਾਦ ਕਰਨ ਲਈ ਮਾਹੀਏ ਨੂੰ
ਚਰਖੇ ਦੀ ਘੂਕਰ ਸੁਣਦੀ ਨਹੀਂ…
*************
ਧਰਮ ਨਿਰਪੱਖ ਜਾਂ ਧਰਮ ਪ੍ਰਧਾਨ…?
ਉਂਝ ਆਖਣ ਨੂੰ ਤਾਂ ਧਰਮ ਨਿਰਪੱਖ ਹੈ ਦੇਸ਼ ਮੇਰਾ
ਪਰ ਜਾਤ ਪਾਤ ਦੀ ਨਫ਼ਰਤ ਕੁੱਟ ਕੁੱਟ ਭਰੀ ਅੰਦਰ
ਕੁੱਝ ਆਪਣੇ ਆਪ ਨੂੰ ਸਮਝਣ ਉੱਚੀਆਂ ਜਾਤਾਂ ਦੇ
ਨਾ ਅਕਲ ਵੱਡੀ ਨਾ ਸੋਚ ਹੀ ਉੱਚੀ ਕਰੀ ਅੰਦਰ
ਇਹ ਵਾਂਗ ਲਾਹਣਤਾਂ ਜੱਗ ਵਿੱਚ ਭੇਸ ਮਨੁੱਖਾਂ ਦੇ
ਗੱਲ ਮਾਨਵਤਾ ਦੀ ਕਦੇ ਨਹੀਂ ਮਨ ਵੜੀ ਅੰਦਰ
ਹੈ ਨਹੀਂ ਕਿਸੇ ਦੇ ਪਿਓ ਦਾ ਭਾਰਤ ਦੇਸ਼ ਮੇਰਾ
ਹਰ ਧਰਮ ਦੇ ਲੋਕਾਂ ਜਾਨ ਦੀ ਬਾਜ਼ੀ ਧਰੀ ਅੰਦਰ
ਇੱਥੇ ਹਿੰਦੂ, ਮੁਸਲਿਮ, ਸਿੱਖ, ਇਸਾਈ ਭਾਈ ਸੀ
ਕਿਸ ਜਾਤ-ਪਾਤ ਮਜ਼੍ਹਬਾਂ ਦੀ ਨਫ਼ਰਤ ਭਰੀ ਅੰਦਰ
ਇਹ ਸੋਚਣ ਵਾਲੀ ਗੱਲ ਹੈ ‘ਖੁਸ਼ੀ’ ਮਖੌਲ ਨਹੀਂ
ਕਿਉਂ ਘੱਟ ਗਿਣਤੀ ਦੀ ਕੌਮ ਹੈ ਲੱਗਦੀ ਡਰੀ ਅੰਦਰ
ਜ਼ਮਾਨਾ ਬਦਲ ਗਿਆ……
ਕਰੀਏ ਕੀ ਇਤਬਾਰ, ਜ਼ਮਾਨਾ ਬਦਲ ਗਿਆ
ਝੂਠਿਆਂ ਦੀ ਭਰਮਾਰ, ਜ਼ਮਾਨਾ ਬਦਲ ਗਿਆ
ਦਿਲ ਨੇ ਜਦ ਵੀ ਪਿਆਰ ਕਿਸੇ ਨੂੰ ਕੀਤਾ ਏ
ਧੋਖੇ ਮਿਲੇ ਹਜ਼ਾਰ, ਜ਼ਮਾਨਾ ਬਦਲ ਗਿਆ
ਸੌਂਹਾਂ ਖਾ ਕੀਤੇ ਵਾਅਦੇ ਵੀ, ਭੁੱਲ ਜਾਂਦੇ
ਕਿੰਝ ਕਰੀਏ ਇਕਰਾਰ, ਜ਼ਮਾਨਾ ਬਦਲ ਗਿਆ
ਧਰਮ ਦੇ ਨਾਂਅ ‘ਤੇ ਮਰਨ ਮਾਰਨ ਨੂੰ ਫਿਰਦੇ ਨੇ
ਨਾ ਕਰ ਤੂੰ ਤਕਰਾਰ, ਜ਼ਮਾਨਾ ਬਦਲ ਗਿਆ
ਨੇਤਾ ਵੀ ਹੁਣ ਬਦਲੇ ਬਦਲੇ ਲੱਗਦੇ ਨੇ
ਬਦਲ ਗਈ ਸਰਕਾਰ, ਜ਼ਮਾਨਾ ਬਦਲ ਗਿਆ
ਸਿੱਟ ਲਈ ਗੋਡਿਆਂ ਭਾਰ ਜਵਾਨੀ ‘ਚਿੱਟੇ’ ਨੇ
ਕਿੰਝ ਹੋਊ ਪੱਬਾਂ ਭਾਰ, ਜ਼ਮਾਨਾ ਬਦਲ ਗਿਆ
ਅੱਜਕੱਲ੍ਹ ਏਥੇ ਹਰ ਇੱਕ ਰਿਸ਼ਤੇ ਨਾਤੇ ਦਾ
ਬਦਲ ਗਿਆ ਕਿਰਦਾਰ, ਜ਼ਮਾਨਾ ਬਦਲ ਗਿਆ
“ਖੁਸ਼ੀ ਮੁਹੰਮਦਾ” ਆਪਣਾ-ਉਪਣਾ ਕੋਈ ਨਹੀਂ
ਮਤਲਬ ਦੇ ਸਭ ਯਾਰ, ਜ਼ਮਾਨਾ ਬਦਲ ਗਿਆ
ਖੁਸ਼ੀ ਮੁਹੰਮਦ ‘ਚੱਠਾ’
Khushi Mohammed Chatha
9779025356


