ਬੜੇ ਚਿਰਾਂ ਬਾਦ ਗੇੜਾ ਲੱਗਾ ਸੀ ਉਸ ਪਿੰਡ ਦਾ ਜਿੱਥੇ ਕਦੀ ਮੇਰਾ ਨਾਨਾ ਰਹਿੰਦਾ ਹੁੰਦਾ ਸੀ। ਨਾਨੇ ਦੇ ਨੇੜਲੇ ਸਾਕਾਂ ਚੋਂ ਕਈ ਮਾਮੇ ਮਾਸੀਆਂ ਮਿਲੀਆਂ। ਬਾਪੂ ਬਲੀ ਸਿੰਘ ਗੁਰਾਇਆ ਦੇ ਭੋਗ ਤੇ ਕੱਠ ਏਨਾਂ ਸੀ ਕਿ ਤਿਲ ਧਰਨ ਦੀ ਥਾਂ ਨਹੀਂ ਸੀ। ਲੰਗਰ ਛਕ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਕੁਛ ਚਿਰ ਕੀਰਤਨ ਸੁਨਣ ਨੂੰ ਮਨ ਕੀਤਾ । ਅਜੇ ਜਾਕੇ ਬੈਠੀ ਹੀ ਸਾਂ ਕਿ ਇੱਕ ਦਮ ਕਿਸੇ ਨੇ ਆਕੇ ਪਿਛੋਂ ਦੀ ਮੇਰੇ ਮੋਢੇ ਉੱਤੇ ਹੱਥ ਰੱਖਿਆ । ਮੈਂ ਮੂੰਹ ਭੁਵਾਂ ਕੇ ਵੇਖਿਆ ਮੇਰੇ ਪਛਾਨਣ ਤੋਂ ਪਹਿਲਾਂ ਉਸ ਦੁਵਾਂ ਹੱਥਾਂ ਨਾਲ ਸਿਰ ‘ਤੇ ਪਿਆਰ ਦਿੱਤਾ ਤੇ ਆਖਣ ਲੱਗੀ ਤੂੰ ਸੁੱਚਾ ਸਿੰਘ ਦੀ ਦੋਹਤਰੀ ਭੈਣ ਜੱਸੋ ਦੀ ਧੀ ਏਂ ਨਾ । ਉਹਦੇ ਇਹਨਾਂ ਆਖਣ ਨਾਲ ਮੈਂ ਵੀ ਝੱਟ ਪਿਛਾਣ ਗਈ । ਉਹ ਮੇਰੀ ਛੋਟੀ ਮਾਸੀ ਦੀ ਬਚਪਨ ਦੀ ਸਹੇਲੀ ਸੀ ਤੇ ਮੈਂ ਜਦੋਂ ਛੋਟੀ ਹੁੰਦੀ ਨਾਨਕੇ ਜਾਂਦੀ ਸਾਂ ਤੇ ਮੈਨੂੰ ਸਾਂਵੇ ਖੇਡਣ ਨਾਲ ਲੈ ਜਾਂਦੀਆਂ ਸਨ ਉਨਾਂ ਆਪ ਨਈਂ ਸਨ ਨੱਚਦੀਆਂ ਜਿੰਨਾ ਮੈਨੂੰ ਨਚਾ ਲੈਂਦੀਆਂ ਸਨ।
ਇੰਝ ਜੀਅ ਕਰੇ ਕਿ ਤੀਹ ਸਾਲ ਪਹਿਲਾਂ ਇਸੇ ਘਰ’ਚ ਵੱਸਦੇ ਜੀਆ ਚੋਂ ਕੋਈ ਆਵੇ ਤੇ ਬਾਹੋਂ ਫੜਕੇ ਅੰਦਰ ਲੈ ਜਾਏ । ਅਸੀਂ ਆਪੇ ਅੰਦਰ ਵੜ ਕੇ ਛੱਤਾਂ ਕੰਧਾਂ ਨੂੰ ਵੇਖਿਆ ਤੇ ਫੇਰ ਮੱਝਾਂ ਗਾਵਾਂ ਵੱਲ ਹੋਈਆਂ !ਅਸੀਂ ਇੱਕ -ਇੱਕ ਸ਼ੈ ਨੂੰ ਮਹਿਸੂਸ ਕਰ ਰਹੀਆਂ ਸਾਂ !
1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਲੱਖਾਂ ਲੋਕਾਂ ਵਾਂਗੂੰ ਉੱਜੜ ਕੇ ਟੱਪਰੀਵਾਸਾਂ ਵਾਂਗ ਆਪਣੀ ਚੰਹੁ ਸਾਲਾਂ ਦੀ ਧੀ ਤੇ ਤਿੰਨਾਂ ਮਹੀਨਿਆਂ ਦੇ ਆਪਣੇ ਪੁੱਤਰ ਤੇ ਉਸਦੀ ਮਾਂ ਨਾਲ ਅਲਵਰ(ਰਾਜਸਥਾਨ)ਆ ਵੱਸਿਆ ਸੀ ਮੇਰਾ ਨਾਨਾ ਸਰਦਾਰ ਸੁੱਚਾ ਸਿੰਘ ਸ਼ਿਂਗਾਰੀ ।ਹੋਰ ਵੀ ਸ਼ਰੀਕਾ ਭਾਈਚਾਰਾ ਉਥੇ ਹੀ ਵੱਸ ਗਿਆ। ਰਲ ਮਿਲਕੇ ਜ਼ਿੰਦਗੀ ਬਸਰ ਹੋਣ ਲੱਗ ਪਈ ਸੀ। ਸਮਾਂ ਆਪਣੀ ਚਾਲੇ ਚੱਲਦਾ ਰਿਹਾ।
ਅਚਾਣਚੱਕ ਛੋਟੇ ਭਰਾ ਨੇ ਆਕੇ ਘੁੱਟ ਕੇ ਜੱਫੀ ਪਾਈ ਤੇ ਆਖਣ ਲੱਗਾ ਮੈਨੂੰ ਪਤਾ ਏ ਤੁਸੀਂ ਨਾਨੇ ਦੇ ਘਰੋਂ ਹੋ ਕੇ ਆਈਆਂ ਹੋ ! ਆਉ ਹੁਣ ਆਪਣੇ ਘਰ ਚੱਲੀਏ! ਹੋਰ ਵੀ ਕਈ ਆਪਣੇ ਜੀਆਂ ਨੂੰ ਮਿਲ ਕੇ ਅਸੀਂ ਆਪਣੀਆਂ-ਆਪਣੀਆਂ ਗੱਡੀਆਂ ਪੇਕੇ ਪਿੰਡ ਵੱਲ ਮੋੜ ਲਈਆਂ ! ਜਿੱਥੇ ਸੁੱਚਾ ਸਿੰਘ ਦੀ ਧੀ ਮੇਰੇ ਬੀਜੀ ਸਾਨੂੰ ਉਡੀਕ ਰਹੇ ਸਨ !






