ਪਿਤਾ ਦਾ ਨਾਮ ਸਰਦਾਰ ਜੀਤ ਸਿੰਘ
ਸਨਮਾਨ :-ਅੰਤਰ ਰਾਸ਼ਟਰੀ ਨਾਰੀ ਸਨਮਾਨ ਸਾਹਿਤ ਚ ਯੋਗਦਾਨ ਲਈ,ਆਲ ਰਾਊਂਡਰ ਅਵਾਰਡ ਜਿਲ੍ਹਾ ਬਠਿੰਡਾ,ਜਿਲ੍ਹਾ ਖੇਡਾਂ ‘ਕੁਸ਼ਤੀਆਂ’ ਚ ਲਗਾਤਾਰ ਦੋ ਸਾਲ ਤੱਕ ਸਟੇਟ ਪੱਧਰ ਤੇ ਵਿਸ਼ੇਸ਼ ਪ੍ਰਦਰਸ਼ਨ ਲਈ ਜਿਲ੍ਹਾ ਪੱਧਰ ਅਵਾਰਡ,TEACHER INNOVATION AWARD SRI AUROBINDO SOCIETY
ਸ਼ੌਂਕ ਸਾਹਿਤ ਪੜ੍ਹਨਾ,ਖੇਡਾਂ,ਕਵਿਤਾ,ਕਹਾਣੀਆਂ ਤੇ ਲੇਖ ਲਿਖਣਾ,ਕਿਤਾਬਾਂ ਪੰਜਾਬੀ ਹਾਇਕੂ ਰਿਸ਼ਮਾਂ,ਇੱਕੋ ਰਾਹ ਦੇ ਪਾਂਧੀ,ਨਾਰੀ ਹਾਇਕੂ,ਕਾਵਿਕ ਵੰਗਾਂ,ਕਾਵਿ ਰਿਸ਼ਮਾਂ ਪੁਸਤਕਾਂ ਚ ਸਾਂਝੀਵਾਲਤਾ ਤੇ ਅਜੇ ਹੋਰ ਵੀ।
ਕਿੱਤਾ ਅਧਿਆਪਕ
ਵਿੱਦਿਅਕ ਯੋਗਤਾਵਾਂ ਐਮ ਏ (ਪੋਲੀਟੀਕਲ ਸਾਇੰਸ,ਪੰਜਾਬੀ)ਬੀ ਐਡ ;ਨੈਟ
ਦਰਦਾਂ ਨਾਲ ਜੰਮੇ ਪਾਲੇ
ਗੋਦੀ ਉਹ ਚੁੱਕ ਖਿਡਾਵੇ
ਆਪੂੰ ਉਹ ਭੁੱਖਣ ਭਾਣੀ
ਮੈਨੂੰ ਉਹ ਦੁੱਧ ਪਿਆਵੇ
ਲੋਕੀ ਉਹਨੂੰ ਕਹਿੰਦੇ ਔਰਤ
ਮੇਰੀ ਉਹ ਮਾ ਕਹਾਵੇ
ਜਦ ਵੀ ਮੈਂ ਰੋਵਾਂ ਬਾਹਲਾ
ਸੀਨੇ ਨਾਲ ਚੁੱਕ ਕੇ ਲਾਵੇ
ਦੁੱਖਾਂ ਦੀ ਜਦ ਪੈਂਦੀ ਬਾਜ਼ੀ
ਮੈਨੂੰ ਉਹ ਗੋਦ ਛਿਪਾਵੇ
ਲੋਕੀ ਉਹਨੂੰ ਕਹਿੰਦੇ ਔਰਤ
ਮੇਰੀ ਉਹ ਮਾਂ ਕਹਾਵੇ
ਆਪੂੰ ਉਹ ਗਿੱਲੀ ਥਾਵੇਂ
ਮੈਨੂੰ ਉਹ ਸੁੱਕੇ ਪਾਵੇ
ਦਿੰਦੀ ਉਹ ਢੇਰ ਅਸੀਸਾਂ
ਆਸਾਂ ਦੇ ਪੰਛੀ ਪਾਲੇ
ਲੋਕੀ ਉਹਨੂੰ ਕਹਿੰਦੇ ਔਰਤ
ਮੇਰੀ ਉਹ ਮਾਂ ਕਹਾਵੇ
ਤੈਥੋਂ ਲੈ ਛਾਂ ਉਧਾਰੀ
ਰੱਬ ਨੇ ਵੀ ਸੁਰਗ ਬਣਾ ਲਏ
ਬਾਕੀ ਸਭ ਰਿਸ਼ਤੇ ਗਰਜ਼ਾਂ
ਤੇਰਾ ਹੀ ਉੱਚ ਕਹਾਵੇ
ਲੋਕੀ ਤੈਨੂੰ ਕਹਿੰਦੇ ਔਰਤ
ਮੇਰੀ ਤੂੰ ਮਾਂ ਕਹਾਵੇਂ
ਜਦ ਵੀ ਮੈਂ ਮੰਜੀ ਹੋਵਾਂ
ਆਪੂੰ ਉਹ ਡਾਕਟਰ ਬਣਜੇ
ਬਚਪਨ ਸੀ ਉਹਦਾ ਗੁੰਮਿਆ
ਮੈਨੂੰ ਉਹ ਰੋਜ਼ ਖਿਡਾਵੇ
ਲੋਕੀ ਉਹਨੂੰ ਕਹਿੰਦੇ ਔਰਤ
ਮੇਰੀ ਉਹ ਮਾਂ ਕਹਾਵੇ
ਮਮਤਾ ਦਾ ਕਰਜ਼ਾ ਚੜ੍ਹਿਆ
ਤਾਂ ਵੀ ਮੈਂ ਉਡਿਆ ਫਿਰਦਾ
ਮੈਨੂੰ ਉਹ ਸ਼ਹਿਨਸ਼ਾਹ ਜਾਪੇ
ਪਰਜਾ ਮੈਂ ਉਹਦੀ ਹੋਵਾਂ
ਲੋਕੀ ਉਹਨੂੰ ਕਹਿੰਦੇ ਔਰਤ
ਮੇਰੀ ਉਹ ਮਾਂ ਕਹਾਵੇ
*************************
‘ਕਲਮ ਮੇਰੀ’
ਕਲਮ ਮੇਰੀ ਨਿੱਤ
ਨਜਮਾਂ ਹੈ ਘੜਦੀ
ਕਦੇ ਮੇਰੇ ਖੁਦ ਦੇ
ਤੇ ਕਦੇ ਦੁੱਖ ਤੇਰੇ
ਸ਼ਬਦਾਂ ਚ ਮੜ੍ਹਦੀ
ਕਦੇ ਜੰਮੇ ਬਿਰਹਾ ਤੇ
ਕਦੇ ਹੂਕ ਚੰਡੀ ਦੀ
ਕਦੇ ਗੂੰਗੇ ਵੈਣ ਪਾਵੇ
ਕਦੇ ਫਰਿਆਦ ਕਰੇ
ਧੀ ਅਣਜੰਮੀ ਦੀ
ਕਦੇ ਕਰੇ ਪਹਿਰੀ
ਗੁਆਚੀਆਂ ਧੂੜਾਂ ਦੀ
ਕਦੇ ਸਾਰ ਲੈਂਦੀ ਫਿਰੇ
ਅਣਜਾਣੀਆਂ ਪੈੜਾਂ ਦੀ
ਮਾਰ ਮਾਰ ਫੂਕਾਂ
ਅੱਗ ਢਿੱਡ ਦੀ ਵੀ ਠਾਰਦੀ
ਕਾਮਿਆਂ ਦੀ ਚੇਤਨਾ ਨੂੰ
ਟੁੰਬ ਟੁੰਬ ਰੱਖਦੀ
ਕਦੇ ਕਦੇ ਹਾਮੀ ਉਹਦੀ
ਜਿੱਤ ਦੀ ਵੀ ਭਰਦੀ
ਇਹ ਕਲਮ ਮੇਰੀ
ਨਿੱਤ ਨਜਮਾਂ ਹੈ ਘੜਦੀ ….ਲਾਜਵਿੰਦਰ
**************************
ਇਨਸਾਨ
ਨਾਗਣੀਆਂ ਜੀਭਾਂ ਤੇ
ਜ਼ਹਿਰੀਲੀਆਂ ਕਲਮਾਂ ਦੇ ਨਾਲ
ਤਿੱਖੀਆਂ ਛੁਰੀਆਂ ਘੜ ਲਈਆਂ
ਮੈਨੂੰ ਢਾਅ ਲਾਉਣ ਲਈ
ਜਖਮੀ ਬਣਾਉਣ ਲਈ
ਥੋਥੀਆਂ ਤੇ ਸੌੜੀਆਂ
ਰਸਮਾਂ ਮੜ੍ਹ ਲਈਆਂ
ਭਰਮ ਭੁਲੇਖਿਆਂ ਚ
ਸੱਤਾ ਦੇ ਦਹਾਕਿਆ ਚ
ਮਰਜ਼ੀ ਦੀਆਂ “ਮੂਰਤਾਂ “ਘੜ ਲਈਆਂ
ਪਿੰਜਰ ਆਸਾਂ
ਖੰਡਰ ਇਰਾਦਿਆਂ ਨੂੰ
ਤੇ”ਸੰਗਦੀਆਂ ਸੋਚਾਂ” ਵੀ
ਗਹਿਣੇ ਧਰ ਲਈਆਂ
ਮੈਂ ਵੀ ਡਰਨ ਤੋਂ ਡਰ ਕੇ
ਤੇ ਮਰਨ ਤੋਂ ਮਰ ਕੇ
ਡੂੰਘੀਆਂ ਚੁੱਪਾਂ ਵਟ ਲਈਆਂ
ਵਰਕਾ ਵਰਕਾ ਪਾੜ
ਬੰਦ ਦਰਵਾਜਾ ਖੋਲ
ਜਖਮੀ ਹੋਇਆ ਹਰ ਇਨਸਾਨ
ਇਸ ਚਕਰਵਿਊ ਨੂੰ
ਹੁਣ ਤਾਂ ‘ਮੰਨੂੰ” ਤੋੜ
..ਲਾਜ
**************
ਜੋਗੀ
ਵਰਕਾ ਵਰਕਾ ਫੋਲ
ਜੋਗੀ ਜੀਵਨ ਜੋਤੀ ਦੇ ਵੱਲ ਤੋਰ
ਹਰ ਅੱਖਰ ਵਿੱਚ
ਸਾਹ ਨੇ ਮੇਰੇ
ਸ਼ਬਦਾਂ ਦੇ ਵਿੱਚ
ਚਾਅ ਨੇ ਮੇਰੇ
ਮਣਕਾ ਮਣਕਾ ਨਾਮ ਹੈ ਤੇਰੇ
ਲੁਕੇ ਪਏ ਨੇ ਤੇਰੇ ਤਿੜਕੇ ਹੋਏ ਬੋਲ
ਵਰਕਾ ਵਰਕਾ ਫੋਲ਼
ਜੋਗੀ ਜੀਵਨ ਜੋਤੀ ਦੇ ਵੱਲ ਤੋਰ
ਅਰਥੋਂ ਸੱਖਣੇ
ਨੱਪੀ ਰੱਖਦੇ
ਅਰਥਾਂ ਵਾਲੇ
ਸਾਥ ਨਿਭਾਉਂਦੇ
ਐਸੇ ਸ਼ਬਦ ਹੀ
ਸਿਖਰ ਪਚਾਉਂਦੇ
ਦੋ ਅਰਥਾਂ ਦੇ ਮਾਅਨੇ
ਤੂੰ ਰੱਖੀਂ ਖੋਲ੍ਹ
ਵਰਕਾ ਵਰਕਾ ਫੋਲ਼
ਜੋਗੀ ਜੀਵਨ ਜੋਤੀ ਦੇ ਵੱਲ ਤੋਰ
ਸਾਗਰ ਨੂੰ
ਬੁੱਕ ਵਿੱਚ ਭਰਕੇ
ਭਾਵਾਂ ਨੂੰ
ਕਲਮ ਚ ਪਿਰੋ ਕੇ
ਕਿਤਾਬ ਚ
ਚੀਣਾ ਚੀਣਾ ਚਿਣ ਕੇ
ਰਿੜਕ ਖਜਾਨਾ
ਰੱਖਿਆ ਮੂਹਰੇ ਟੋਲ
ਵਰਕਾ ਵਰਕਾ ਫੋਲ਼
ਜੋਗੀ ਜੀਵਨ ਜੋਤੀ ਦੇ ਵੱਲ ਤੋਰ
ਲਾਜਵਿੰਦਰ
********************
ਮੇਰੀਆਂ ਪੈੜਾਂ
ਕਦ ਤੱਕ ਰੇਤ ਤੇ ਰਹਿਣਗੀਆਂ
ਕਦੇ ਤਾਂ ਫਿੱਕੀਆਂ ਪੈਣਗੀਆਂ
ਕੋਈ ਐਸਾ ਦੀਪ ਧਰੋ
ਜੋ ਮੇਰੀ ਸੋਚ ਨੂੰ ਚਾਨਣ ਦੇਵੇ
ਵਕਤ ਦੇ ਹਰ ਝੱਖੜ ਦਾ ਮੂੰਹ ਮੋੜੇ
ਇਹ ਚੰਦ ਤਾਰੇ
ਕਦ ਤੱਕ ਚਮਕਣਗੇ
ਕਦੇ ਤਾਂ ਰਾਤਾਂ ਪੈਣਗੀਆਂ
ਕੋਈ ਐਸਾ ਦੀਪ ਧਰੋ
ਜੋ ਗਿਆਨ ਦਾ ਚਾਨਣ ਦੇਵੇ
ਵਕਤ ਦੇ ਹਰ ਝੱਖੜ ਦਾ ਮੂੰਹ ਮੋੜੇ
ਮੇਰੀਆਂ ਗੁੱਡੀਆਂ
ਕਦ ਤੱਕ ਬਿਨ ਡੋਰ ਉੱਡਣਗੀਆਂ
ਕਦੇ ਤਾਂ ਝਾੜੀਂ ਫਸਣਗੀਆਂ
ਕੋਈ ਐਸਾ ਦੀਪ ਧਰੋ
ਜੋ ਅੰਬਰ ਧਰਤੀ ਤੇ ਲੈ ਆਵੇ
ਵਕਤ ਦੇ ਹਰ ਝੱਖੜ ਦਾ ਮੂੰਹ ਮੋੜੇ
ਮੇਰੀਆਂ ਸੋਚਾਂ
ਕਦ ਤੱਕ ਬਾਗੀ ਰਹਿਣਗੀਆਂ
ਕਦੇ ਤਾਂ ਢੋਈ ਮੰਗਣਗੀਆਂ
ਕੋਈ ਐਸਾ ਦੀਪ ਧਰੋ
ਜੋ ਧਿਆਨ ਦੀ ਹਾਮੀ ਦੇਵੇ
ਵਕਤ ਦੇ ਹਰ ਝੱਖੜ ਦਾ ਮੂੰਹ ਮੋੜੇ
ਮੇਰੀਆਂ ਮੰਜ਼ਲਾਂ
ਕਦ ਤੱਕ ਅਣਮਿਥੀਆਂ ਰਹਿਣਗੀਆਂ
ਕਦੇ ਤਾਂ ਸਾਹੀਂ ਆਉਣਗੀਆਂ
ਕੋਈ ਐਸਾ ਦੀਪ ਧਰੋ
ਜੋ ਮੀਲ ਦਾ ਪੱਥਰ ਬਣ ਜਾਵੇ
ਵਕਤ ਦੇ ਹਰ ਝੱਖੜ ਦਾ ਮੂੰਹ ਮੋੜੇ
ਲਾਜਵਿੰਦਰ
**************************
ਬੁੱਝ ਬੁੱਝ
ਮੈਂ ਬੁਝਾਰਤ ਹੋਇਆ
ਜਦ ਉਹ ਇੱਥੇ ਮੈਂ ਉੱਥੇ ਹੋਇਆ
ਜਦ ਮੈਂ ਨੇੜੇ ਉਹ ਦੂਰ ਹੋਇਆ
ਕਦੇ ਸਖਾ ਹੈਂ
ਕਦੇ ਉਹ ਭਾਈ
ਕਦੇ ਪਿਤਾ ਹੈਂ
ਕਦੇ ਉਹ ਮਾਈ
ਹੁਣ ਬੁੱਝ ਬੁਝਾਰਤ ਮੇਰੇ ਭਾਈ
ਜਾਤ ਧਰਮ ਨਾ ਮੰਦਰ ਮਸਜਿਦ
ਉੱਚੇ ਗੁੰਬਦ ਨਾ ਨੀਵੇਂ ਕੰਦਰ
ਕਦੇ ਉਹ ਰਾਜਾ ਕਦੇ ਕਲੰਦਰ
ਵੱਸਦਾ ਦਿਸੇ ਉਹ ਅੰਦਰੋ ਅੰਦਰ
ਕਦੇ ਉਹ ਬੂੰਦ
ਕਦੇ ਉਹ ਸਾਗਰ ਹੋਇਆ
ਕਦੇ ਉਹ ਅੱਗ
ਕਦੇ ਬੱਦਲੀ ਬਣ ਛਾਈ
ਹੁਣ ਬੁੱਝ ਬੁਝਾਰਤ ਮੇਰੇ ਭਾਈ
ਕਦੇ ਮੇਰੇ ਨਾਲ ਗੱਲਾਂ ਪਿਆ ਕਰਦਾ
ਕਦੇ ਜਹਾਨੋਂ ਦੂਲ ਉਹ ਵੱਸਦਾ
ਕਦੇ ਵਿਹੜੇ ਵਿੱਚ ਨੱਚਦਾ ਦਿੱਸੇ
ਕਦੇ ਮੇਰੇ ਤੋਂ ਦੂਰ ਉਹ ਨੱਸੇ
ਕਦੇ ਉਹ ਧਰਤੀ
ਕਦੇ ਉਹ ਅੰਬਰ
ਕਦੇ ਉਹ ਚੁੱਪ
ਕਦੇ ਚਾਂਗਰ ਹੋਈ
ਹੁਣ ਤਾਂ ਬੁੱਝ ਬੁਝਾਰਤ ਮੇਰੇ ਭਾਈ
ਲਾਜਵਿੰਦਰ
************************
ਇੱਕ ਚਿੱਠੀ ਪੁਰਾਣੀ
ਜਦ ਵੀ ਮੈਂ ਪੜ੍ਹਦੀ ਸੀ
ਦਿਲ ਵਿੱਚ ਸੀ
ਰੋਸ ਹਜਾਰਾਂ
ਅੱਖੀਆਂ ਚੋਂ
ਵਗਦੀ ਧਾਰਾ
ਸ਼ਿਕਵੇ ਸਾਰੇ ਦੇ ਸਾਰੇ
ਮਾਪਿਆਂ ਤੇ ਹੁੰਦੇ ਭਾਰੇ
ਸਾਰੀ ਦੀ ਸਾਰੀ
ਪੱਥਰ ਹੋ ਜਾਂਦੀ ਸੀ
ਇੱਕ ਚਿੱਠੀ ਪੁਰਾਣੀ
ਜਦ ਵੀ ਮੈਂ ਪੜ੍ਹਦੀ ਸੀ
ਨਫਰਤ ਸੀ
ਨਾਲ ਓਨ੍ਹਾਂ ਦੇ
ਜਿੰਨ੍ਹਾ ਦੀ ਮੈਂ
ਹੋ ਕੇ ਵੀ ਨਹੀਂ ਸੀ
ਸ਼ਿਕਵਾ ਸੀ ਨਾਲ ਓਨ੍ਹਾਂ ਦੇ
ਜੋ ਮੇਰੇ ਹੋ ਕੇ ਵੀ
ਮੇਰੇ ਨਹੀਂ ਸੀ
ਸਾਰੀ ਦੀ ਸਾਰੀ
ਅਣਘੜਤ ਸ਼ਿਲਾ ਹੋ ਜਾਂਦੀ ਸੀ
ਇੱਕ ਚਿੱਠੀ ਪੁਰਾਣੀ
ਜਦ ਵੀ ਮੈਂ ਪੜ੍ਹਦੀ ਸੀ
ਕੁੱਝ ਪਰਛਾਵਿਆਂ ਦਾ
ਆਪਣੇ ਹੋ ਜਾਣਾ
ਹੱਥ ਛੈਣੀ ਦੇ
ਘਾੜਤ ਘੜ ਜਾਣਾ
ਗਿੱਲੇ ਸੁੱਕੇ ਮੌਸਮ
ਦਾ ਆਉਣਾ ਜਾਣਾ
ਝੱਖੜਾਂ ਦਾ ਆ ਕੇ ਮੁੜਨਾ
ਸਾਰੀ ਦੀ ਸਾਰੀ
ਬਿਨਛਪੀ ਲਿਖਤ ਹੋ ਜਾਂਦੀ ਸੀ
ਇੱਕ ਚਿੱਠੀ ਪੁਰਾਣੀ
ਜਦ ਵੀ ਮੈਂ ਪੜ੍ਹਦੀ ਸੀ
ਮਾਂ ਦਾ ਪਰਛਾਵਾਂ ਦਿੱਸਿਆ
ਅੱਖੀਆਂ ‘ਚ ਹੰਝੂ
ਲੈ ਕੇ ਹੱਸਿਆ
ਸ਼ਿਕਵੇ ਸਭ
ਧਰੇ ਈ ਰਹਿ ਗਏ
ਰੋਸੇ ਸਭ
ਖੋਟੇ ਹੋ ਗਏ
ਸਾਰੀ ਦੀ ਸਾਰੀ
ਸਾਗਰ ਹੋ ਜਾਂਦੀ ਸੀ
ਇੱਕ ਚਿੱਠੀ ਪੁਰਾਣੀ
ਜਦ ਵੀ ਮੈਂ ਪੜ੍ਹਦੀ ਸੀ
ਚਿੱਠੀ ਡਾਕਖਾਨੇ
ਸੁੱਟ ਕੇ
ਮਮਤਾ ਨੂੰ
ਦਾਗ ਨਾ ਲਾਇਆ
ਫਰਮਾਨ ਮੈਂ ਮਾਪਿਆਂ
ਫਰਜਾਂ ਦੇ
ਨਾਲ ਨਿਭਾਇਆ
ਭਾਵਾਂ ਦੀ ਮੂਰਤ
ਨਾ ਬਣਦੀ
ਰਿਸ਼ਤਿਆਂ ਦੀ ਸਾਰ
ਨਾ ਰੱਖਦੀ
ਸਾਰੀ ਦੀ ਸਾਰੀ
ਕੋਰੀ ਕਿਤਾਬ
ਰਹਿ ਜਾਣਾ ਸੀ
ਇੱਕ ਚਿੱਠੀ ਪੁਰਾਣੀ
ਜਦ ਵੀ ਮੈਂ ਪੜ੍ਹਦੀ ਸੀ
ਲਾਜ
*************************
ਰਿਸ਼ਤਿਆਂ ਨੂੰ ਗੈਰ ਕਰਕੇ
ਮਿਸਰੀਆਂ ਦੇ ਕਬਰਸਤਾਨਾਂ ਵਰਗੇ ਹੋ ਗਏ ਲੋਕ
ਤਾਜਾ ਕਮਾਉਣਾ ਤਾਜਾ ਖਾ ਲੈਣਾ
ਖਾਲੀ ਮਰਤਬਾਨਾਂ ਵਰਗੇ ਹੋ ਗਏ ਲੋਕ
ਬਹੁਤਾ ਸੁਣਨਾ ਥੋੜਾ ਬੋਲਣਾ
ਗੂੰਗੇ ਬਹਿਰੇ ਰੌਸ਼ਨਦਾਨਾਂ ਵਰਗੇ ਹੋ ਗਏ ਲੋਕ
ਸੁਪਨਿਆਂ ਦਾ ਤਿੜਕਣਾ ਰੀਝਾਂ ਦਾ ਟੁੱਟਣਾ
ਰਿੜਦੇ ਸੁਰਮੇਦਾਨਾਂ ਵਰਗੇ ਹੋ ਗਏ ਲੋਕ
ਜੇਬੋਂ ਖਾਲੀ ਬਿਨ ਰੁਜ਼ਗਾਰੋਂ
ਬੁੱਝੇ ਸ਼ਮਾਦਾਨਾਂ ਵਰਗੇ ਹੋ ਗਏ ਲੋਕ
ਕਾਗਜ਼ਾਂ ਦਾ ਢਿੱਡ ਭਰਦੇ ਭਰਦੇ
ਟੁੱਟੇ ਕਲਮਦਾਨਾਂ ਵਰਗੇ ਹੋ ਗਏ ਲੋਕ
ਖੁਸ਼ਨੂਰੀ ਤੋਂ ਅਨਪੜ੍ਹ ਰਹਿ ਕੇ
ਅਣਗੌਲੀਆਂ ਯਾਦਗਾਰਾਂ ਵਰਗੇ ਹੋ ਗਏ ਲੋਕ
ਵੇਲੇ ਕੁਵੇਲੇ ਵਿੱਚ ਮੈਂ ਠੋਕਦੇ
ਸਿਆਸਤਦਾਨਾਂ ਵਰਗੇ ਹੋ ਗਏ ਲੋਕ
ਲਾਜਵਿੰਦਰ
**************************
ਜਦ ਵੀ ਤੂਫਾਨਾਂ ਨੇ ਮੈਨੂੰ ਝੰਬਿਆ
ਤਾਂ ਬਹਾਰਾਂ ਤੇ ਖਿੜਨ ਦਾ ਏਤਬਾਰ ਕੀਤਾ
ਜਦ ਵੀ ਮੇਰੇ ਘਰ ਦੀਆਂ ਕੰਧਾਂ ਹਿੱਲੀਆਂ
ਤਾਂ ਗਾਰੇ ਦੀਆਂ ਨੀਹਾਂ ਤੇ ਏਤਬਾਰ ਕੀਤਾ
ਜਦ ਵੀ ਬਹਾਰਾਂ ਚ ਫੁੱਲ ਮੁਰਝਾਏ
ਤਾਂ ਅਗਲੇ ਮੌਸਮ ਚ ਖਿੜ ਆਉਣ ਦਾ ਏਤਬਾਰ ਕੀਤਾ
ਜਦ ਵੀ ਬਦਲੀ ਬਿਨ ਵਰ੍ਹੇ ਗੁਜ਼ਰੀ
ਤਾਂ ਅਗਲੇ ਸਾਉਣ ਚ ਵਰ੍ਹਨ ਦਾ ਏਤਬਾਰ ਕੀਤਾ
ਜਦ ਵੀ ਤੇਰੇ ਘਰ ਦੀ ਦੂਰੀ ਦੇਖੀ
ਤਾਂ ਅਗਲਾ ਹਿੰਦਸਾ ਮਿਟਾ ਨੇੜੇ ਹੋਣ ਦਾ ਏਤਬਾਰ ਕੀਤਾ
ਜਦ ਵੀ ਜ਼ਖਮੀ ਕਬੂਤਰ ਉਡਿਆ
ਤਾਂ ਉਹਦੀ ਪਰਵਾਜ਼ ਨਾਲੋਂ ਹੌਸਲੇ ਤੇ ਏਤਬਾਰ ਕੀਤਾ
ਲਾਜਵਿੰਦਰ
********************************
ਕੌਣ ਲੇਖ ਧੀਆਂ ਦਾ
ਪਰਦੇਸ ਲਿਖ ਕੇ ਤੁਰ ਗਿਆ
ਕੌਣ ਚੋਗ ਧੀਆਂ ਦਾ
ਹੱਥ ਬੇਗਾਨੇ ਧਰ ਗਿਆ
ਕੌਣ ਲਕੀਰੇ ਕੰਮੀ ਦੇ
ਮੱਥੇ ਵਾਹੁਣੇ ਭੁੱਲ ਗਿਆ
ਕੌਣ ਪਸੀਨੇ ਕੰਮੀ ਦਾ
ਇਵਜ਼ ਦੇਣਾ ਭੁੱਲ ਗਿਆ
ਕੌਣ ਜਖ਼ਮੀ ਫੁੱਲਾਂ ਦਾ
ਗੁਲਜ਼ਾਰ ਲਾ ਕੇ ਤੁਰ ਗਿਆ
ਕੌਣ ਰੁੱਤੇ ਬਸੰਤ ਦੇ
ਪਤਝੜ ਦੇ ਕੇ ਤੁਰ ਗਿਆ
ਕੌਣ ਮੇਰੇ ਵਿਹੜੇ ਆ ਕੇ
ਬਿਨ ਫੁਰਮਾਨੋ ਤੁਰ ਗਿਆ
ਕੌਣ ਦੂਰੀ ਰਾਹੀ ਦੀ
ਪੱਥਰ ਤੇ ਲਿਖ ਕੇ ਤੁਰ ਗਿਆ
ਕੌਣ ਬੋਝਾ ਫਰਜ਼ ਦਾ
ਸਿਰ ਤੇ ਧਰ ਕੇ ਤੁਰ ਗਿਆ
ਕੌਣ ਮੇਲਾ ਦੁਨੀਆਂ ਦਾ
ਬਿਨ ਦੇਖਿਆਂ ਈ ਤੁਰ ਗਿਆ
ਲਾਜ



SUKHJINDER
June 6, 2020 at 1:57 am
The best ji, thanks
SUKHJINDER
June 6, 2020 at 1:57 am
The best ji, thanks