ਸ਼ਬਦਾਂ ਦਾ ਜਾਦੂਗਰ ਕਲਮ, ਅਲ਼ਫਾਜ਼ ਤੇ ਆਵਾਜ਼ ਦਾ ਸੁਮੇਲ
ਜਸਵਿੰਦਰ ਚਾਹਲ ਦੇ ਰੂ-ਬ-ਰੂ
ਕਲਮ, ਸ਼ਬਦ , ਅਰਥ,ਜ਼ਿੰਦਾਬਾਦ…………. ਜ਼ਿੰਦਗੀ ਜ਼ਿੰਦਾਬਾਦ

BIOGRAPHY-:
ਜਸਵਿੰਦਰ ਸਿੰਘ ਚਾਹਲ ਦਾ ਜਨਮ ਪਿੰਡ ਕੋਟ ਲੱਲੂ (ਲੱਲੂਆਣਾ) ਜ਼ਿਲ੍ਹਾ ਮਾਨਸਾ (ਪੰਜਾਬ) ਵਿਖੇ ਪਿਤਾ ਸ੍ਰ. ਮਿੱਠੂ ਸਿੰਘ ਦੇ ਘਰ ਮਾਤਾ ਅੰਗਰੇਜ਼ ਕੌਰ ਦੀ ਕੱਖੋਂ 10 ਅਕਤੂਬਰ 1978 ਵਿੱਚ ਹੋਇਆ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਕੱਚੀ ਪਹਿਲੀ ਜਮਾਤ ਤੋਂ ਵਿੱਦਿਆ ਸ਼ੁਰੂ ਕਰਕੇ ਪੰਜਵੀਂ ਜਮਾਤ ਪਾਸ ਕੀਤੀ। ਦਸਵੀਂ ਜਮਾਤ ਖਾਲਸਾ ਹਾਈ ਸਕੂਲ ਮਾਨਸਾ ਅਤੇ 10+2 ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਤੋਂ ਪਾਸ ਕੀਤੀ। ਬੀ.ਏ. ਦੀ ਡਿਗਰੀ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਪਾਸ ਕੀਤੀ। ਬੀ.ਅੈੱਡ. ਸਰਕਾਰੀ ਕਾਲਜ ਆਫ ਐਜੂਕੇਸ਼ਨ ਜਲੰਧਰ ਤੋਂ ਕੀਤੀ। ਐੱਮ.ਏ. (ਪੰਜਾਬੀ) ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਸਭ ਤੋਂ ਪਹਿਲਾਂ ਜਵਾਹਰ ਨਵੋਦਿਆ ਵਿਦਿਆਲਿਆ ਫ਼ਫੜੇ ਭਾਈ ਕੇ (ਮਾਨਸਾ) ਤੋਂ ਅਧਿਆਪਕ ਵਜੋਂ ਆਪਣੀ ਨੌਕਰੀ ਸ਼ੁਰੂ ਕੀਤੀ। ਫਿਰ ਕੁਝ ਸਮਾਂ ਜਵਾਹਰ ਨਵੋਦਿਆ ਵਿਦਿਆਲਿਆ ਕਾਨਪੁਰ ਦੇਹਾਤ (ਉੱਤਰ ਪ੍ਰਦੇਸ਼) ਵਿਖੇ ਅਧਿਆਪਕ ਵਜੋਂ ਸੇਵਾਵਾਂ ਦਿੱਤੀਆਂ। ਫੇਰ ਕੇਂਦਰੀ ਵਿਦਿਆਲਿਆ ਏਅਰ ਫੋ਼ਰਸ ਸਟੇਸ਼ਨ (ਬਰਨਾਲਾ) ਵਿਖੇ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ। ਉਸ ਤੋਂ ਬਾਅਦ ਸ੍ਰ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ (ਮਾਨਸਾ) ਵਿਖੇ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ। ਹੁਣ 2008 ਤੋਂ ਲਗਾਤਾਰ ਸਰਕਾਰੀ ਐਲੀਮੈਂਟਰੀ ਸਕੂਲ ਘੁੰਮਣ ਕਲਾਂ (ਬਠਿੰਡਾ) ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਜਸਵਿੰਦਰ ਚਾਹਲ ਦਾ ਵਿਆਹ ਸਿੰਬਲਜੀਤ ਕੌਰ ਨਾਲ ਹੋਇਆ ਉਹ ਵੀ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੇ ਹਨ ਇਹਨਾਂ ਦੇ ਘਰ ਇੱਕ ਪੁੱਤਰ ਸਤਿੰਦਰਜੀਤ ਸਿੰਘ ਨੇ ਜਨਮ ਲਿਆ। ਲਿਖਣ ਪੜੵਨ ਦਾ ਸ਼ੌਕ ਸ਼ੁਰੂ ਤੋਂ ਹੀ ਰਿਹਾ । ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ ਹਰ ਐਤਵਾਰ ਇੱਕ ਫ਼ੋਟੋ ਕੈਪਸ਼ਨ ਮੁਕਾਬਲਾ ਚੱਲਦਾ ਸੀ ਸ਼ੁਰੂ ਵਿੱਚ ਉਹਦੇ ਲਈ ਲਿਖਣਾ ਸ਼ੁਰੂ ਕੀਤਾ ਉਸ ਮੁਕਾਬਲੇ ਵਿੱਚ ਜਸਵਿੰਦਰ ਚਾਹਲ ਨੇ 25 ਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ 23 ਵਾਰ ਦੂਸਰਾ ਸਥਾਨ ਪ੍ਰਾਪਤ ਕੀਤਾ 18 ਵਾਰ ਤੀਸਰਾ ਸਥਾਨ ਪ੍ਰਾਪਤ ਕੀਤਾ। ਇੰਨੇ ਇਨਾਮ ਜਿੱਤਣ ਕਰਕੇ ਉਸਨੂੰ ਕੈਪਸ਼ਨਾਂ ਵਾਲਾ ਚਾਹਲ ਹੀ ਕਹਿਣ ਲੱਗ ਪਵੇ। ਚਾਹਲ ਦੀਆਂ ਲਿਖੀਆਂ ਕਵਿਤਾਵਾਂ, ਮਿੰਨੀ ਕਹਾਣੀਆਂ, ਆਰਟੀਕਲ, ਪੰਜਾਬੀ ਟ੍ਰਿਬਿਊਨ, ਅਜੀਤ, ਜੱਗਬਾਣੀ, ਸਪੋਕਸਮੈਨ, ਨਵਾਂ ਜ਼ਮਾਨਾ ਲਗਭਗ ਸਾਰੇ ਅਖ਼ਬਾਰਾਂ ਅਤੇ ਪੰਜਾਬੀ ਦੇ ਬਹੁਤ ਸਾਰੇ ਰਸਾਲਿਆਂ ਚ ਛਪੇ ਹਨ। ਚਾਹਲ ਦੀ ਕਲਮ ਚੋਂ ਰਚੀ ਗਈ ਕਵਿਤਾ ‘ ਇੱਕ ਮਰਦਮਸ਼ੁਮਾਰੀ ਇਹ ਵੀ’ ਪੂਰੇ ਵਰਲਡ ਵਿੱਚ ਪ੍ਰਸਿੱਧ ਹੋਈ।ਵਰਲਡ ਪੰਜਾਬੀ ਫਾਊਂਡੇਸ਼ਨ ਅਤੇ ਅਮਰ ਅਾਡਿਓ ਵੱਲੋਂ ਉਸ ਕਵਿਤਾ ਉੱਪਰ ਇੱਕ ਲਘੂ ਫਿਲਮ ਵੀ ਬਣਾਈ ਗਈ। ਪਾਕਿਸਤਾਨ ਵਿੱਚ ਫੈਸਲਾਬਾਦ ਵਿਖੇ ਇੱਕ ਵੱਡੇ ਸਮਾਗਮ ਦੌਰਾਨ ਇਸ ਕਵਿਤਾ ਉੱਪਰ ਕੋਰੀਓਗ੍ਰਾਫੀ ਹੋਣੀ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿੱਥੇ ਚਾਹਲ ਕਲਮ ਦਾ ਧਨੀ ਹੈ ਉੱਥੇ ਮਾਲਕ ਨੇ ਉਸ ਨੂੰ ਬਲੁੰਦ ਆਵਾਜ਼ ਬਖਸ਼ੀ ਹੈ। ਲਿਖਾਰੀ ਹੋਣ ਦੇ ਨਾਲ ਨਾਲ ਉਹ ਇੱਕ ਪ੍ਰਸਿੱਧ ਮੰਚ ਸੰਚਾਲਕ ਵੀ ਹੈ। ਸਰਸ ਮੇਲਾ ਬਠਿੰਡਾ, ਵਿਰਾਸਤੀ ਮੇਲਾ ਬਠਿੰਡਾ, ਲੋਹੜੀ ਮੇਲਾ, ਫਲਾਵਰ ਸ਼ੋਅ ਅਤੇ ਪ੍ਰਸ਼ਾਸਨ ਵੱਲੋ ਕਰਵਾਏ ਜਾਂਦੇ ਵੱਡੇ ਸਮਾਗਮਾਂ ਦਾ ਮੰਚ ਸੰਚਾਲਨ ਜਸਵਿੰਦਰ ਚਾਹਲ ਕਰਦਾ ਹੈ ਅਤੇ ਆਪਣੀ ਸ਼ਾਇਰੋ ਸ਼ਾਇਰੀ ਨਾਲ ਸਰੋਤਿਆਂ ਨੂੰ ਕੀਲ ਲੈਂਦਾ ਹੈ। 22 ਮਾਰਚ 2020 ਨੂੰ ਮੋਗਾ ਵਿਖੇ ਹੋਣ ਵਾਲਾ ਸਤਿੰਦਰ ਸਰਤਾਜ ਦੇ ਸ਼ੋਅ ਦਾ ਸਟੇਜ ਸੰਚਾਲਨ ਜਸਵਿੰਦਰ ਚਾਹਲ ਨੇ ਹੀ ਕਰਨਾ ਸੀ ਜੋ ਕਿ ਕਰੋਨਾ ਦਾ ਵਜੵਾ ਕਾਰਨ ਰੱਦ ਹੋ ਗਿਆ ਸੀ। ਕੈਨੇਡਾ ਦੇ ਰੇਡਿਓ, ਅੈੱਫ.ਐੱਮ. ਰੇਡੀਓ ਬਠਿੰਡਾ, ਸਮੇਂ-ਸਮੇਂ ਤੇ ਚਾਹਲ ਨੂੰ ਲਾਇਵ ਕਰਦੇ ਰਹਿੰਦੇ ਹਨ। ਮੀਡੀਆ ਪੰਜਾਬ ਜਰਮਨ ਅਤੇ ਟਾਇਮ ਟੀਵੀ ਚੈਨਲ ਵੀ ਚਾਹਲ ਨੂੰ ਲਾਇਵ ਕਰ ਚੁੱਕੇ ਹਨ। ਜਸਵਿੰਦਰ ਚਾਹਲ ਦਾ ਆਪਣਾ ਯੂ ਟਿਊਬ ਚੈਨਲ ਮਰਦਮਸ਼ੁਮਾਰੀ ਵੀ ਹੈ ਜਿੱਥੇ ਤੁਸੀਂ ਚਾਹਲ ਦੇ ਸਟੇਜ ਲਾਇਵ ਦੇਖ ਸਕਦੇ ਹੋ। ਜਸਵਿੰਦਰ ਚਾਹਲ ਆਪਣਾ ਇੱਕ ਕਾਵਿ ਸੰਗ੍ਰਹਿ ‘ ਇੱਕ ਮਰਦਮਸ਼ੁਮਾਰੀ ਇਹ ਵੀ’ ਆਪਣੇ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਜਿਸ ਨੂੰ ਬਹੁਤ ਜ਼ਿਆਦਾ ਮੋਹ ਪਿਆਰ ਮਿਲਿਆ ਹੈ। ਸੋਸ਼ਲ ਮੀਡੀਆ ਉਪਰ ਜਸਵਿੰਦਰ ਚਾਹਲ ਦੀ ਹਰ ਰਚਨਾ ਨੂੰ ਉਸ ਦੇ ਚਾਹੁਣ ਵਾਲਿਆਂ ਨੇ ਰੱਜਵਾਂ ਮੋਹ ਪਿਆਰ ਅਤੇ ਮਾਣ ਬਖ਼ਸ਼ਿਆ ਹੈ। ਚਾਹਲ ਬਹੁਤ ਸਾਰੀਆਂ ਸੱਭਿਆਚਾਰਕ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ। ਜਸਵਿੰਦਰ ਚਾਹਲ ਨੂੰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਗੁਰੂ ਨਾਨਕ ਪਬਲਿਕ ਸਕੂਲ ਸੀਹਾਂਦੋਦ (ਲੁਧਿਆਣਾ) ਵੱਲੋਂ ਵਧੀਆ ਲਿਖਾਰੀ ਦਾ ਅੈਵਾਰਡ, ਸਰਵਹਿੱਤਕਾਰੀ ਸਕੂਲ ਮਲੇਰਕੋਟਲਾ ਵੱਲੋਂ ਸੋਹਣੀ ਕਲਮ ਅੈਵਾਰਡ, ਲੋਹਮਣੀ ਅਦਾਰੇ ਵੱਲੋਂ ਅੰਤਰਰਾਸ਼ਟਰੀ ਲੇਖਕ ਮੰਚ ਤਹਿਤ ਪ੍ਰਸਿੱਧ ਨਾਵਲਕਾਰ ਜਸਵੰਤ ਕੰਵਲ ਜੀ ਹੱਥੋਂ ਸਨਮਾਨ, ਪੰਜਾਬੀ ਵਰਲਡ ਫਾਊਂਡੇਸ਼ਨ ਵੱਲੋਂ ਸੋਹਣੀ ਕਲਮ ਐਵਾਰਡ, ਯੂਥ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਵੱਲੋਂ ਯੂਥ ਫੈਸਟੀਵਲ ਦੌਰਾਨ ਬੈਸਟ ਮੰਚ ਸੰਚਾਲਕ ਦਾ ਐਵਾਰਡ, ਸ਼ਹੀਦ ਸੁਖਦੇਵ ਦੇ ਜਨਮ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਸੋਹਣੀ ਕਲਮ ਬੁਲੰਦ ਆਵਾਜ਼ ਐਵਾਰਡ ਨਾਲ ਸਨਮਾਨਿਤ, ਭਾਰਤ ਸਰਕਾਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਤਹਿਤ ਬਠਿੰਡਾ ਵਿਖੇ ਸਰਸ ਮੇਲੇ ਵਿੱਚ ਵਿਭਾਗ ਵੱਲੋਂ ਲਗਾਤਾਰ 10 ਦਿਨ ਮੰਚ ਸੰਚਾਲਨ ਕੀਤਾ, ‘ਸਟੇਜ ਦਾ ਬਾਦਸ਼ਾਹ’ ਐਵਾਰਡ ਨਾਲ ਸਨਮਾਨ,। ਪੰਜਾਬ ਆਰਟ ਐਂਡ ਕੌਂਸਲ ਚੰਡੀਗੜ੍ਹ ਵੱਲੋ ਤੀਆਂ ਦੇ ਸੰਬੰਧ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਮੰਚ ਸੰਚਾਲਨ ਕੀਤਾ ਅਤੇ ਪੰਜਾਬ ਦੀ ਸਿਰਮੌਰ ਮੰਚ ਸੰਚਾਲਿਕਾ ਸਤਿੰਦਰ ਸੱਤੀ ਹੱਥੋਂ ਸਨਮਾਨਿਤ ਕੀਤਾ ਗਿਆ। ਵਿਭਾਗ ਵੱਲੋਂ 26ਜਨਵਰੀ 15ਅਗਸਤ ਅਤੇ ਵਿਭਾਗ ਦੇ ਹੋਰ ਪ੍ਰੋਗਰਾਮਾਂ ਵਿੱਚ ਮੰਚ ਸੰਚਾਲਨ ਦੀ ਡਿਊਟੀ ਜਸਵਿੰਦਰ ਚਾਹਲ ਦੀ ਹੀ ਲਗਾਈ ਜਾਂਦੀ ਹੈ। ਬੈਸਟ ਅਧਿਆਪਕ ਦਾ ਐਵਾਰਡ ਵੀ ਚਾਹਲ ਦੀ ਝੋਲੀ ਪਿਆ ਹੈ। ਜਸਵਿੰਦਰ ਚਾਹਲ ਕਲਮ ਦਾ ਧਨੀ, ਬਲੁੰਦ ਆਵਾਜ਼ ਦਾ ਮਾਲਕ ਹੋਣ ਦੇ ਨਾਲ ਨਾਲ ਮੋਹ ਪਿਆਰ ਭਰਿਆ ਨਿੱਘੇ ਸੁਭਾਅ ਦਾ ਮਾਲਕ ਹੈ। ਜਸਵਿੰਦਰ ਚਾਹਲ ਆਪਣੀ ਹਮਸਫ਼ਰ ਸਿੰਬਲਜੀਤ ਕੌਰ,ਪੁੱਤਰ ਸਤਿੰਦਰਜੀਤ ਸਿੰਘ ਅਤੇ ਆਪਣੇ ਮਾਤਾ-ਪਿਤਾ ਨਾਲ ਆਪਣੇ ਪਿੰਡ ਵਿਖੇ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਸਰ ਕਰ ਰਿਹਾ ਹੈ। ਦੁਆ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਚਾਹਲ ਦੀ ਕਲਮ ਦੀ ਨੋਕ ਹੇਠ ਇਸੇ ਤਰ੍ਹਾਂ ਸ਼ਬਦ ਨੱਚਦੇ ਰਹਿਣ ਅਤੇ ਸਟੇਜ ਦਾ ਇਹ ਬਾਦਸ਼ਾਹ ਇਸੇ ਤਰ੍ਹਾਂ ਆਪਣੀ ਸ਼ਾਇਰੋ ਸ਼ਾਇਰੀ ਨਾਲ ਆਪਣੇ ਸਰੋਤਿਆਂ ਨੂੰ ਕੀਲਦਾ ਰਹੇ……..
ਸ਼ਾਲਾ! ਉੱਠਣ ਕਲਮਾਂ ‘ਚੋਂ ਰਿਸ਼ਮਾਂ ਨੂਰ ਦੀਆਂ,,,,,,,
ਹਰ ਅਲਫ਼ਾਜ਼ ਦੁਨੀਆਂ ਦੀ ਲਿਸ਼ਕਾਰ ਹੋਵੇ,,,,,।
ਆਮੀਨ
———————————————————————————–
POEMS-:
ਤੁਰਿਆ ਸੀ ਜਾਂਦਾ ਖੇਤ ਵਾਲੀ ਪਹੀ ਸੀ,
ਪਾਣੀ ਵਾਲੀ ਵਾਰੀ ਮੋਢੇ ਉੱਤੇ ਕਹੀ ਸੀ।
ਲੱਗਿਆ ਕਿ ਪਿੱਛੇ ਵੱਜੀ ਕੋਈ ਹਾਕ ਸੀ,
ਤਾਹੀਂ ਪਿੱਛੇ ਮੁੜ ਕੇ ਮੈਂ ਲਿਆ ਝਾਕ ਸੀ।
ਦੇਖਿਆ ਤਾਂ ਦੂਰ ਇੱਕ ਬਾਬਾ ਖੜੵਾ ਸੀ,
ਦਰਸ਼ਨੀ ਰੂਹ ਓਏ ਪਿਆਰਾ ਬੜਾ ਸੀ।
ਕਹਿੰਦਾ ਸ਼ੇਰਾ ਮੈਂ ਤਾਂ ਦੂਰੋਂ ਅਾਇਆ ਓਏ,
ਲੱਭਦਾ ਸੀ ਖੇਤ ਮੈਨੂੰ ਨੀ ਥਿਆਇਆ ਓਏ।
ਸੰਘਣੇ ਜੇ ਪਿੱਪਲ ਦੇ ਵੱਡੇ ਟਾਹਣੇ ਸੀ,
ਸਾਰੇ ਹੀ ਘਰਾਂ ਦੇ ਕੱਠੇ ਹੁੰਦੇ ਲਾਣੇ ਸੀ।
ਖੂਹ ਦੀਆਂ ਟਿੰਡਾਂ ਵਾਲਾ ਹੁੰਦਾ ਗੇੜ ਸੀ,
ਅੌਲੂ ਵਿੱਚ ਪਾਣੀ ਡਿੱਗਦਾ ਓਏ ਫੇਰ ਸੀ।
ਹਲ਼ ਜੁੜੇ ਹੁੰਦੇ ਸੀ ਨਾਰਾ ਤੇ ਬੱਗਾ ਓਏ,
ਖੱਦਰ ਦਾ ਪਾਇਆ ਹੁੰਦਾ ਮੇਰੇ ਝੱਗਾ ਓਏ।
ਸਿੱਧੇ ਸਾਧੇ ਲੋਕ ਜ਼ਿੰਦਗੀ ਸੁਖਾਲ਼ੀ ਸੀ,
ਵੱਟੇ-ਵੱਟ ਤੁਰੀ ਆਉਂਦੀ ਭੱਤੇ ਵਾਲੀ ਸੀ।
ਲਾਂਗੇ ਵਾਲੇ ਗੱਡੇ ਪਿੜ ਲਾਹੁੰਦੇ ਹੁੰਦੇ ਸੀ,
ਬਲ਼ਦਾਂ ਦੇ ਨਾਲ ਫ਼ਲੵੇ ਗਾਹੁੰਦੇ ਹੁੰਦੇ ਸੀ।
ਆਪੇ ਪੈਦਾ ਕੀਤੇ ਆਪੇ ਖਾਣੇ ਹੁੰਦੇ ਸੀ,
ਬਿਨਾਂ ਜ਼ਹਿਰ ਵਾਲੇ ਉਦੋਂ ਦਾਣੇ ਹੁੰਦੇ ਸੀ।
ਆਹ ਕੀ ਹੁਣ ਘਾਲ਼ਾ-ਮਾਲ਼ਾ ਹੋ ਗਿਆ,
ਖੇਤ ਦੱਸ ਸ਼ੇਰਾ ਮੇਰਾ ਕਿੱਥੇ ਖੋ ਗਿਆ।
ਸਾਰਾ ਕੁਝ ਬਾਬਾ ਇੱਕੋ ਸਾਹੇ ਕਹਿ ਗਿਆ,
ਸੁਣਕੇ ਉਹਨੂੰ ਮੈਂ ਵੀ ਸੋਚੀਂ ਪੈ ਗਿਆ।
ਪਹਿਲਾਂ ਵਾਲੀ ਬਾਬਾ ਜੂਹ ਨਾ ਰਹੀ,
ਖੇਤ ਤਾਂ ਉਹੀ ਪਰ ਰੂਹ ਨਾ ਰਹੀ।
ਹੁਣ ਕੰਮ ਕਰਦੀ ਨੀ ਦਾਤੀ ਰੰਬੀ ਜੀ,
ਟਿੰਡਾਂ ਵਾਲੇ ਖੂਹ ‘ਤੇ ਦੇਖ ਚੱਲੇ ਬੰਬੀ ਜੀ।
ਨਾ ਲਾਂਗੇ ਵਾਲੇ ਗੱਡੇ ਨਾ ਭਰੇ ਥੱਬੀਆਂ,
ਫਿਰਦੀਆਂ ਦੇਖ ਕੰਬਾਈਨਾਂ ਭੱਜੀਆਂ।
ਨਾਰੇ ਬੱਗੇ ਦੀਆਂ ਨਾ ਪੂਛਾਂ ਮਰੋੜਦਾ,
ਤੇਰਾ ਪੜਪੋਤਾ ਮਾਰਦੈ ਸੈਲਫ਼ ਫੋੜ ਦਾ।
ਦਾਣਿਆਂ ਲਾ ਦਿੱਤੇ ਅਸੀਂ ਢੇਰ ਜੀ,
ਮਨਾਂ ਵਿੱਚ ਆਗੇ ਪਰ ਤੇਰ ਮੇਰ ਜੀ।
ਰੇਹਾਂ ਸਪਰੇਹਾਂ ਵਾਲੇ ਅਸੀਂ ਵੱਟ ਕੱਡਤੇ,
ਪਿੱਪਲ ਤੇ ਟਾਹਲੀਆਂ ਜੜੵਾਂ ਤੋਂ ਵੱਢਤੇ।
ਚੁਗਦਾ ਨਾ ਹੁਣ ਕੋਈ ਘਾੜਾਂ ਬੱਲੀਆਂ,
ਬੀਜਦਾ ਨਾ ਹੁਣ ਕੋਈ ਗੰਨੇ ਛੱਲੀਆਂ।
ਪੈੇਸੇ ਨੇ ਪਈ ਆ ਬਾਬਾ ਮੱਤ ਮਾਰੀ ਜੀ,
ਬਣ ਗਏ ਆ ਅਸੀਂ ਸਿਰੇ ਦੇ ਵਪਾਰੀ ਜੀ।
ਦਿਲ ਉੁੱਤੇ ਸੱਚੀਂ ਲੱਗਦੀ ਆ ਸੱਟ ਜੀ,
ਭਾਈਆਂ ਨਾਲੋਂ ਪਿਆਰੀ ਹੋਗੀ ਵੱਟ ਜੀ।
ਤੁਸੀਂ ਨੀ ਸੀ ਮੋਹ ਵਾਲੀ ਗੰਢ ਖੋਲਦੇ,
ਕਚਹਿਰੀਆਂ ‘ਚ ਸਾਡੇ ਨੇ ਵਕੀਲ ਬੋਲਦੇ।
ਮਿਲ ਗਿਆ ਬਾਬਾ ਭਾਵੇਂ ਸਾਰਾ ਕੁਝ ਜੀ,
ਮਨਾਂ ਵਾਲੀ ਜੋਤ ਪਰ ਗਈ ਆ ਬੁਝ ਜੀ।
ਇਹ ਕਿਹੋ ਜਿਹੇ ਮੋੜ ਉੱਤੇ ਅਸੀਂ ਖੜੇ ਆ,
ਸਾਰਾ ਕੁਝ ਕੋਲੇ ਪਰ ਦੁਖੀ ਬੜੇ ਆ।
ਸੁਣ ਸਾਰੀ ਗੱਲ ਬਾਬਾ ਸੋਚੀਂ ਪੈ ਗਿਆ,
ਸੋਡੇ ਕੋਲੇ ਸ਼ੇਰਾ ਫੇਰ ਕੀ ਰਹਿ ਗਿਆ।
ਰੂਹਾਂ ਦੀ ਥੋਨੂੰ ਕੋਈ ਖ਼ਬਰ ਹੈ ਨੀ ਓਏ,
ਸਾਰਾ ਕੁਝ ਹੈਗਾ ਪਰ ਸਬਰ ਹੈ ਨੀ ਓਏ।
‘ਚਾਹਲ’ ਹੱਦ ਤੋਂ ਵਧਾ ਕੇ ਓਏ ਕਿਤੇ ਅਕਲਾਂ,
ਮਾਰ ਨਾ ਦਿਓ ਓਏ ਫਸਲਾਂ ਤੇ ਨਸਲਾਂ।
ਜਸਵਿੰਦਰ ਚਾਹਲ 9876915035
————————————————————-
ਜਿੱਥੋਂ ਖੁਸ਼ੀ ਲੰਘ ਜਾਵੇ ਪਾਸਾ ਵੱਟ ਸੱਜਣਾ,
ਜਿੱਥੇ ਛਾ ਜਾਂਦੀ ਉਦਾਸੀ ਝੱਟ ਸੱਜਣਾ।
ਜਿੱਥੇ ਰੀਝ ਲੰਮੀ ਉਡਾਰੀ ਦੀ,ਪਰ ‘ਪਰ’ ਨਹੀਂ ਹੁੰਦੇ,
ਉਹ ਮਕਾਨ ਹੁੰਦੇ ਨੇ ਸੋਹਣਿਆ, ਘਰ ਨਹੀਂ ਹੁੰਦੇ।
ਜਿੱਥੇ ਬੰਦ ਬੂਹੇ ਤੇ ਬਾਰੀਆਂ ਹੋਣ,
ਬੰਦਿਆਂ ਤੋਂ ਚੀਜ਼ਾਂ ਪਿਆਰੀਆਂ ਹੋਣ।
ਜਿੱਥੇ ਦਸਤਕ ਨੂੰ ਉਡੀਕਦੇ ਦਰ ਨਹੀਂ ਹੁੰਦੇ,
ਉਹ ਮਕਾਨ ਹੁੰਦੇ ਨੇ ਸੋਹਣਿਆ ਘਰ ਨਹੀਂ ਹੁੰਦੇ।
ਜਿੱਥੇ ਲਾਟੂ ਤਾਂ ਜਗਦੇ ਭਾਵੇਂ ਬਨੇਰੇ ਹੋਣ,
ਪਰ ਦਿਲਾਂ ਵਿੱਚ ਘੁੱਪ ਹਨੇਰੇ ਹੋਣ।
‘ਤੂੰ’ ਜਿੱਤਣ ਲਈ ‘ਮੈਂ’ ਹੁਰੀਂ ਜਿੱਥੇ ਹਰ ਨਹੀ ਹੁੰਦੇ,
ਉਹ ਮਕਾਨ ਹੁੰਦੇ ਨੇ ਸੋਹਣਿਆ ਘਰ ਨਹੀਂ ਹੁੰਦੇ।
ਜਿੱਥੇ ਦਿਲ ਤੋਂ ਨਾ ਕੋਈ ਅਮੀਰ ਹੋਵੇ,
ਦਰ ਤੋਂ ਖਾਲ਼ੀ ਮੁੜਦਾ ਫ਼ਕੀਰ ਹੋਵੇ।
ਖਾਲ਼ੀ ਕਾਸੇ ਜਿੱਥੇ ਕਿਸੇ ਦੇ ਭਰ ਨੀ ਹੁੰਦੇ,
ਉਹ ਮਕਾਨ ਹੁੰਦੇ ਨੇ ਸੋਹਣਿਆ ਘਰ ਨਹੀਂ ਹੁੰਦੇ।
ਜਿੱਥੇ ਮੋਹ ਪਿਆਰ ਨਾ ਸਬਰ ਹੋਵੇ,
ਜਿੱਥੇ ਰੂਹਾਂ ਦੀ ਨਾ ਕੋਈ ਖ਼ਬਰ ਹੋਵੇ।
ਤਪਦੇ ਹਿਰਦੇ ਮਮਤਾ ਦੇ ਨਾਲ ਠਰ ਨਹੀਂ ਹੁੰਦੇ,
ਉਹ ਮਕਾਨ ਹੁੰਦੇ ਨੇ ਸੋਹਣਿਆ ਘਰ ਨਹੀਂ ਹੁੰਦੇ।
ਛੱਡੋ ਖਹਿੜਾ ਇਹਨਾਂ ਮਕਾਨਾਂ ਦਾ ਅਾਓ ਘਰ ਬਣਾਈਏ ਓਏ,
ਵਿਸ਼ਵਾਸ ਵਾਲੀਆਂ ਇੱਟਾਂ ਨੂੰ ਮੋਹ ਪਿਆਰ ਨਾਲ ਲਾਈਏ ਓਏ।
ਹੌਂਸਲੇ ਵਾਲੀਆਂ ਨੀਹਾਂ ਉੱਤੇ ਅਸੀਸ ਵਰਗੀ ਓਏ ਛੱਤ ਹੋਵੇ,
ਅਾਸ ਵਾਲੇ ਬਨੇਰੇ ਹੋਣ ਤੇ ਝਰੋਖਿਆਂ ਨੂੰ ਓਏ ਮੱਤ ਹੋਵੇ ।
ਸਰਦਲ “ਤੇ ਦਸਤਕ ਦੇਵੇ ਮੇਰਾ ਪ੍ਰੀਤਮ ਰੰਗਲਾ ਓਏ,
‘ਚਾਹਲ’ ਨੇ ਕੀ ਕਰਨਾ ਫੇਰ, ਨਹਿਰੋਂ ਪਾਰ ਬੰਗਲਾ ਓਏ।
——————————————————————————
ਕੋਈ ਵੀ ਚੀਜ਼ ਨੀ ਹੁੰਦੀ ਕਦੇ,
ਵਰ ਜਾਂ ਸਰਾਪ ਦਾ ਕਹਿਰ ਓਏ।
ਉਹਦੀ ਵਰਤੋਂ ਹੀ ਬਣਦੀ ਆ,
ਅੰਮ੍ਰਿਤ ਜਾਂ ਜ਼ਹਿਰ ਓਏ।
ਡੋਲ਼ੀ ਵਾਲੀ ਕਾਰ ‘ਚੋਂ ਉੱਤਰ ਕੇ,
ਲਾੜੀ ਵਾਪਸ ਭੱਜੀ ਆਈ ਸੀ।
ਬੇਬੇ-ਬਾਪੂ ਸਾਰਾ ਮੇਲ ਭੱਜਿਆ,
ਮੱਚ ਗਈ ਦੁਹਾਈ ਸੀ।
ਅਪਸ਼ਗਨ ਹੋ ਗਿਆ ਧੀਏ,
ਬਾਬਲ ਸਿਰ ਫੜੵ ਕੇ ਬਹਿ ਗਿਆ ਸੀ।
ਓਹ ਡੌਂਟ ਵਰੀ ਡੈਡੀ ਜੀ,
ਮੇਰਾ ਕਮਰੇ ‘ਚ ਚਾਰਜਰ ਰਹਿ ਗਿਆ ਸੀ।
ਯਾਦ ਆਇਆ ਗੱਡੀ ‘ਚ ਬਹਿ ਕੇ,
ਆਈ ਪੁਲਾਂਘਾਂ ਭਰਦੀ ਮੈਂ।
ਸਹੁਰੇ ਘਰ ਬਿਨਾਂ ਚਾਰਜਰ ਤੋਂ,
ਦੱਸੋ ਡੈਡੀ ਜੀ ਕੀ ਕਰਦੀ ਮੈਂ।
ਪਲੱਗ ‘ਚੋਂ ਕੱਢ ਕੇ ਚਾਰਜਰ,
ਸਾਰਾ ਮੇਲ ਦੁਬਾਰੇ ਰੋਇਆ ਸੀ।
ਚਾਰਜਰ ਦੀ ਵਿਦਾਇਗੀ ਨਾਲ,
ਭਾਈ ਵਿਆਹ ਸੰਪੂਰਨ ਹੋਇਆ ਸੀ।
ਜਮਾਂ ਈ ਹੱਦ ਕਰ ਗਿਆ
ਇੱਕ ਬਾਈ ਸੀ,
ਬਾਪੂ ਦੇ ਅੰਤਿਮ ਸੰਸਕਾਰ ‘ਤੇ ,
ਸੈਲਫ਼ੀ ਖਿੱਚ ਕੇ,
ਫ਼ੇਸ-ਬੁੱਕ ‘ਤੇ ਪਾਈ ਸੀ।
ਫੀਲਿੰਗ ਵੈਰੀ ਸੈਡ,
ਲਿਖਕੇ ਟੈਗ ਕਰ ਗਿਆ ਜੀ,
ਲਾਇਕ ਤੇ ਕੁਮੈਂਟ ਨਾਲ,
ਇੰਨਬਾਕਸ ਭਰ ਗਿਆ ਜੀ।
ਅੱਤ ਅਾ ਬਾਈ ਸਿਰਾ ਬਾਈ,
ਤਾਰੀਫ਼ ਵੱਧ ਤੋਂ ਵੱਧ ਕਰ ਦਿੱਤੀ।
ਕੀਪ ਇਟ ਅੱਪ ਲਿਖ ਕੇ ਤਾਂ,
ਕਈਆਂ ਨੇ ਜਮਾਂ ਈ ਹੱਦ ਕਰ ਦਿੱਤੀ।
ਕੀਪ ਇਟ ਅੱਪ ਦਾ ਹੁਣ,
ਜੇ ਅਰਥ ਸਮਝ ਆਏ ਜੀ।
ਕਿ ਬਾਪੂ ਜੀ ਤਾਂ ਚਲਗੇ,
ਹੁਣ ਤਿਆਰੀ ਖਿੱਚੋ ਤਾਏ ਦੀ।
ਕਿੱਕਲੀ ਕਲੀਰ ਦੀ,
ਫ਼ੇਸ-ਬੁੱਕ ਮੇਰੇ ਵੀਰ ਦੀ।
ਵੱਟਸਐਪ ਭਰਜਾਈ ਦਾ,
ਨੈੱਟ ਪੈਕ ਜਵਾਈ ਦਾ।
ਅਨਲਿਮਟਡ ਪਵਾਈਦਾ,
ਫਿਰ ਹਾਏ ਹੈਲ਼ੋ ਕਰੀ ਜਾਈਦਾ।
ਦੱਸੋ ਕੀ ਹਾਲ ਆ,
ਅੈੱਸ.ਐੱਸ.ਏ. ਬਣਗੀ,
ਸਾਡੀ ਸਤਿ ਸ੍ਰੀ ਅਕਾਲ ਆ।
ਨੈੱਟ ਉੱਤੇ ਮਿਲ ਜਾਂਦਾ ਕਹਿੰਦੇ ,
ਜੋ ਵੀ ਡੂੰਘਾ ਦੱਬਿਆ ਜੀ।
ਗੂਗਲ਼ ਤੇ ਸਰਚ ਮਾਰੀ ‘ਚਾਹਲ’ ਨੇ,
ਪਰ ਮੋਹ ਪਿਆਰ ਨਾ ਲੱਭਿਆ ਜੀ।
ਜਸਵਿੰਦਰ ਚਾਹਲ 9876915035
———————————————————
ਬੇਟੇ ਨੇ ਪੜੵਦੇ-ਪੜੵਦੇ ਮਾਰੀ ਲੀਕ ਜੀ,
ਕਹਿੰਦਾ ਡੈਡੀ! ਕੀ ਹੁੰਦੀ ਆ ਉਡੀਕ ਜੀ ?
ਉਡੀਕ………….. ਫਿਰ ਮੈਂ ਦੱਸਿਆ……….
ਬੀਜ ਨੀ ਉਹ ਤਾਂ ਸੁਪਨੇ ਹੈ ਬੀਜਦਾ,
ਬੱਲੀ ਵਿੱਚ ਦਾਣਾ ਹੁੰਦਾ ਕੱਲੀ ਕੱਲੀ ਰੀਝ ਦਾ।
ਜੋ ਰੰਗ ਹਰੇ ਤੋਂ ਸੁਨਹਿਰੀ ਤੀਕ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਚੁੱਲ੍ਹੇ ਵਾਲੀ ਅੱਗ ਉੱਤੇ ਗਰੀਬੀ ਵਾਲਾ ਕਹਿਰ ਹੋਵੇ,
ਦਿਹਾੜੀ ਲਾਉਣ ਲਈ ਬਾਪੂ ਗਿਆ ਸ਼ਹਿਰ ਹੋਵੇ।
ਕਦੋਂ ਚੁੱਲੵੇ ਮੱਚ ਪੇਟ ਵਾਲੀ ਸ਼ੀਤ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਮਜ਼ਬੂਰੀ ਕਰਕੇ ਦੇਸ਼ ਪੈਜੇ ਛੱਡਣਾ,
ਚੂੜੇ ਵਾਲੀ ਦਾ ਕੰਤ ਬਿਨਾਂ ਟੈਮ ਕੱਢਣਾ।
ਜਦੋਂ ਆਉਣ ਦੀ ਨਾ ਕੋਈ ਤਾਰੀਖ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਪੁੱਤ ਪਰਦੇਸੀਂ ਮਾਪੇ ਜਹਾਨੋਂ ਤੁਰ ਦੇ,
ਫੁੱਲ ਜਾਣਾ ਲੋਚਦੇ ਨੇ ਰਾਹ ਕੀਰਤਪੁਰ ਦੇ।
ਜੋ ਕਿੱਲੇ ਤੋਂ ਗੰਢ ਖੋਲਣ ਤੀਕ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਸਿਰੋਂ ਉੱਠ ਜਾਵੇ ਜਦੋਂ ਸਾਈਂ ਸਿਰ ਦਾ,
ਵਿਹੜੇ ‘ਚ ਨਿੱਕਾ ਜਾ ਪੁੱਤ ਹੋਵੇ ਫਿਰਦਾ।
ਜੋ ਆਸ ਅੱਖਾਂ ‘ਚ ਗੱਭਰੂ ਹੋਣ ਤੀਕ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਤੁਰ ਪਿਆ ਰਫ਼ੀਕ ਛੱਡ ਸੱਜਣ ਦੀ ਬਾਤ ਨੂੰ,
ਆਜ਼ਾਦੀ ਆ ਵੜੀ ਕਹਿੰਦੇ ਅੱਧੀ ਰਾਤ ਨੂੰ।
‘ਚੰਗਾ ਫੇਰ’ ਤੋਂ ਫੇਰ ਚੰਗਾ ਤੀਕ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਸਿਰ ‘ਤੇ ‘ਚਾਹਲ’ ਦੇ ਆਸਾਂ ਵਾਲਾ ਟੋਕਰਾ,
ਕੱਲੵ ਇਹੀ ਸਵਾਲ ਤੈਨੂੰ ਪੁੱਛੇ ਮੇਰਾ ਪੋਤਰਾ।
ਜਿਹੜੀ ਅੱਜ ਘੜੀ ਔਖੀ ਕੱਲੵ ਠੀਕ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਜਸਵਿੰਦਰ ਚਾਹਲ 9876915035
———————————————————–
ਕੁਝ ਗਲਤ ਗਿਆ ਕੁਝ ਠੀਕ ਗਿਆ,
ਉਹ ਤਾਂ ਪਲ-ਪਲ ਕਰਕੇ ਬੀਤ ਗਿਆ।
ਕਦੇ ਅਰਮਾਨ ਸੇਜ ਉੱਤੇ,
ਕਦੇ ਸੂਲੀ ਟੰਗ ਗਿਆ।
ਮੁੜ ਵਾਪਸ ਨੀ ਆਉਂਦਾ ਸੱਜਣਾ,
ਜਿਹੜਾ ਵਕਤ ਇੱਕ ਵਾਰੀ ਲੰਘ ਗਿਆ।
ਕੁਝ ਪਾਉਂਣਾ ਏ ਕੁਝ ਖੋਣਾ ਏ,
ਨਹੀਂ ਪਤਾ ਕੱਲੵ ਕੀ ਹੋਣਾ ਏ।
ਸੇਵਾ ਨੂੰ ਲੱਗਦੇ ਮੇਵੇ ,
ਛੱਡ ਜੋਤਸ਼ੀਆਂ ਦੇ ਟੇਵੇ।
ਉਹਦਾ ਕੀ ਕਰਨਾ ਗ਼ਰੂਰ,
ਜਿਹੜਾ ਵਕਤ ਅਜੇ ਸਾਥੋਂ ਦੂਰ।
ਜਿਹੜੀ ਅੱਖ ਸੁਪਨੇ ਬੁਣਦੀ,
ਉਹ ਗੱਲ ਕਰਦੀ ਆ ਹੁਣ ਦੀ।
ਜੀਹਨੇ ਸਾਂਭ ਲਿਆ ਵਰਤਮਾਨ,
ਉਹਦਾ ਭਵਿੱਖ ਵੀ ਚੜੂ ਪਰਵਾਨ।
‘ਚਾਹਲ’ ਬੀਤਿਆ ਤੇ ਆਉਣ ਵਾਲਾ ਨਾ ਚੁਣ,
ਤੇਰਾ ਆਪਣਾ ਵਕਤ ਹੈ ਅੱਜ ਅਤੇ ਹੁਣ।
ਜਸਵਿੰਦਰ ਚਾਹਲ 9876915035
—————————————————————-
ਪੰਜ ਤੱਤਾਂ ਤੋਂ ਬਣਦੀ ਜ਼ਿੰਦਗੀ ਵਾਲੀ ਕਹਾਣੀ ਓਏ,
ਮੁਸ਼ਕਿਲ ਦੇ ਨਾਲ ਮਿਲਦੀ ਇਹਨੂੰ ਰੱਜਕੇ ਮਾਣੀ ਓਏ।
ਤੂੰ ਤਾਂ ਮੌਜ-ਮਸਤੀ ਵਿੱਚ ਆ ਕੇ ਸ਼ਰਾਬ ਪੀ ਗਿਆ,
ਤੂੰ ਕੀ ਜਾਣੇ ਚੰਦਰਿਆ ਤੂੰ ਕਿੰਨੇ ਖ਼ਾਬ ਪੀ ਗਿਆ।
ਜਿਹੜੇ ਘਰ ਆ ਜਾਵੇ ਬੋਤਲ਼ ਨਾਲ ਗਲਾਸੀ ਓਏ,
ਚਾਰੇ ਪਾਸੇ ਦੁੱਖ ਤੇ ਘੇਰਾ ਪਾਵੇ ਉਦਾਸੀ ਓਏ।
ਬੱਚਿਆਂ ਦੇ ਚਿਹਰੇ ਫੁੱਲ ਗੁਲਾਬ ਪੀ ਗਿਆ,
ਤੂੰ ਕੀ ਜਾਣੇ ਚੰਦਰਿਆ ਤੂੰ ਕਿੰਨੇ ਖ਼ਾਬ ਪੀ ਗਿਆ।
ਚਿੱਟਾ ਹੁਣ ਪੀਲ਼ੇ ਕਰ ਗਿਆ ਚੋਬਰ ਓਏ ਚੋਟੀ ਦੇ,
ਮਸਲੇ ਹੁਣ ਹੱਲ ਨੀ ਹੁੰਦੇ ਰੋਜ਼ੀ ਤੇ ਰੋਟੀ ਦੇ।
ਹੱਥਾਂ ਵਿੱਚੋਂ ਖੋਹ ਕੇ ਓਏ ਕਿਤਾਬ ਪੀ ਗਿਆ,
ਤੂੰ ਕੀ ਜਾਣੇ ਚੰਦਰਿਆ ਤੂੰ ਕਿੰਨੇ ਖ਼ਾਬ ਪੀ ਗਿਆ।
ਸਿਗਰਟਾਂ ਪੀ ਛੱਡੇ ਜਿਹੜੇ ਧੂੰਏ ਦੇ ਛੱਲੇ ਓਏ,
ਬਾਪੂ ਦੇ ਖਾਲੀ ਰਹਿਣੇ ਅਾਸਾਂ ਦੇ ਪੱਲੇ ਓਏ।
ਮਾਂ ਦੇ ਸੁਪਨਿਆਂ ਵਾਲਾ ਤੂੰ ‘ਸਾਬੵ’ ਪੀ ਗਿਆ,
ਤੂੰ ਕੀ ਜਾਣੇ ਚੰਦਰਿਆ ਤੂੰ ਕਿੰਨੇ ਖ਼ਾਬ ਪੀ ਗਿਆ।
ਚੰਗੇ ਕੰਮਾਂ ਦੇ ਨਸ਼ੇ ਕਰ ਜੇ ਕਰਨੇ ਅਾਉਂਦੇ ਨੇ,
ਸਮਾਜ ਸੇਵਾ ਦੇ ਨਸ਼ੇ ਵਾਲੇ ਮਰਕੇ ਵੀ ਜਿਉਂਦੇ ਨੇ।
‘ਚਾਹਲ’ ਕਲਮ ਦਾ ਨਸ਼ਾ ਬੇਹਿਸਾਬ ਪੀ ਗਿਆ,
ਤੂੰ ਕੀ ਜਾਣੇ ਚੰਦਰਿਆ ਤੂੰ ਕਿੰਨੇ ਖ਼ਾਬ ਪੀ ਗਿਆ।
ਜਸਵਿੰਦਰ ਚਾਹਲ 9876915035
—————————————————————————
ਪੂਰੀ ਜ਼ਿੰਦਗੀ ਬੰਦੇ ਦੇ,
ਮੁਕਦੇ ਕੰਮ ਧੰਦੇ ਨੀ ਹੁੰਦੇ।
ਸਿਅਾਣੇ ਬੰਦਿਆਂ ਦੀ ਭੀੜ ਨੀ ਹੁੰਦੀ,
ਤੇ ਭੀੜ ‘ਚ ਸਿਆਣੇ ਬੰਦੇ ਨੀ ਹੁੰਦੇ।
ਇਹ ਕਿਹੋ ਜੀ ਦੌੜ ‘ਚ,
ਅਸੀਂ ਭੱਜਦੇ ਫਿਰਦੇ ਆਂ।
ਜੀਵਨ ‘ਚ ਮੰਗਲ ਹੈ ਨੀ,
ਮੰਗਲ ‘ਤੇ ਜੀਵਨ ਲੱਭਦੇ ਫਿਰਦੇ ਆਂ।
ਨੈਣ ਜਦੋਂ ਵੀ ਕਿਸੇ ਦੇ,
ਖਾਰੇ ਪਾਣੀ ਨਾਲ ਭਰਦੇ ਨੇ।
ਹੰਝੂਆਂ ਦਾ ਆਪਣਾ ਬੋਝ ਨੀ ਹੁੰਦਾ,
ਪਰ ਬੋਝ ਹੌਲ਼ਾ ਕਰਦੇ ਨੇ।
ਰਿਸ਼ਤਾ ਕਦੇ ਨਾ ਤੋੜੋ,
ਕਿਸੇ ਵੇਲੇ ਕੰਮ ਆ ਜਾਂਦਾ।
ਗੰਦਾ ਪਾਣੀ ਜੇ ਪਿਆਸ ਨੀ,
ਅੱਗ ਤਾਂ ਬੁਝਾ ਜਾਂਦਾ।
ਅਸੀਂ ਵਪਾਰ ਤਾਂ,
ਬਹੁਤ ਸੋਹਣਾ ਕਰਦੇ ਆਂ।
ਡੇਅਰੀ ‘ਤੇ ਦੁੱਧ ਪਾਕੇ,
ਬੋਤਲ ਠੇਕੇ ਤੋਂ ਫੜੵਦੇ ਆਂ।
ਕਰੋ ਕਬੂਲ ਜੀ ਇਹ ਤਾਂ,
ਆਖਿ਼ਰ ਭਾਂਬੜ ਸੱਚ ਦਾ ਏ।
ਤੀਲੀ ਦੀ ਕੀ ਲੋੜ ਇੱਥੇ ਤਾਂ,
ਬੰਦਾ ਬੰਦੇ ਤੋਂ ਮੱਚਦਾ ਏ।
ਜਿਹੜੇ ਨਾ ਆਪ ਵਿਕਦੇ ਨੇ,
ਨਾ ਜ਼ਮੀਰਾਂ ਵਿਕਦੀਆਂ ਨੇ।
ਐਸੇ ਇਨਸਾਨਾਂ ਦੀਆਂ ਫੇਰ,
ਤਸਵੀਰਾਂ ਵਿਕਦੀਆਂ ਨੇ।
ਛੱਡ ਹਊਮੇ, ਹੰਕਾਰ ਤੇ ਗੁੱਸਾ,
ਜਿਹੜੇ ਰੋਗ ਪਾਲ਼ੇ ਓਏ।
‘ਚਾਹਲ’ ਆਪਣੀ ਨਜ਼ਰੇ ਦੇਖ,
ਚਸ਼ਮੇ ਲਾਹ ਦੇ ਕਾਲੇ ਓਏ।
ਜਸਵਿੰਦਰ ਚਾਹਲ 9876915035


Dr Sukhpal
May 21, 2020 at 2:35 pm
ਪੰਜਾਬੀ ਕੀਵੀਤਾ ਦਾ ਸਾਊ ਪੁੱਤ ਜੁਗ ਜੁਗ ਜਿਵੇ ,ਤੁਹਾਡੀ ਕਵਿਤਾ ਸਾਡੀ ਕਵਿਤਾ ਲਗਦੀ ਹੈ।ਜਾਉਂਦੇ ਰਹੋ ਖੁਸ਼ੀਆਂ ਮਾਣੋ। ਜ਼ਿੰਦਗੀ ਜ਼ਿੰਦਾਬਾਦ।।
Dr Sukhpal
May 21, 2020 at 2:35 pm
ਪੰਜਾਬੀ ਕੀਵੀਤਾ ਦਾ ਸਾਊ ਪੁੱਤ ਜੁਗ ਜੁਗ ਜਿਵੇ ,ਤੁਹਾਡੀ ਕਵਿਤਾ ਸਾਡੀ ਕਵਿਤਾ ਲਗਦੀ ਹੈ।ਜਾਉਂਦੇ ਰਹੋ ਖੁਸ਼ੀਆਂ ਮਾਣੋ। ਜ਼ਿੰਦਗੀ ਜ਼ਿੰਦਾਬਾਦ।।
TO THE POINT SHAAD
May 21, 2020 at 5:32 pm
ज़िन्दगी ज़िंदाबाद
TO THE POINT SHAAD
May 21, 2020 at 5:32 pm
ज़िन्दगी ज़िंदाबाद