Home updates ਜੰਗ ਲੜਨ ਜਾਂਦੇ ਯੋਧਿਆਂ ਦੀ ਦੂਰ ਤੱਕ ਪਿੱਠ ਦਿਖਾਈ ਦਿੰਦੀ ਹੈ..ਅਤੇ ਜੰਗ ਜਿੱਤ ਕੇ ਆਉਂਦੇ ਯੋਧਿਆਂ ਦੀ ਦੂਰੋਂ ਹੀ ਮਾਣ ਨਾਲ ਚੌੜੀ ਹੋਈ ਛਾਤੀ ਦਿਖਾਈ ਦਿੰਦੀ ਹੈ…

ਜੰਗ ਲੜਨ ਜਾਂਦੇ ਯੋਧਿਆਂ ਦੀ ਦੂਰ ਤੱਕ ਪਿੱਠ ਦਿਖਾਈ ਦਿੰਦੀ ਹੈ..ਅਤੇ ਜੰਗ ਜਿੱਤ ਕੇ ਆਉਂਦੇ ਯੋਧਿਆਂ ਦੀ ਦੂਰੋਂ ਹੀ ਮਾਣ ਨਾਲ ਚੌੜੀ ਹੋਈ ਛਾਤੀ ਦਿਖਾਈ ਦਿੰਦੀ ਹੈ…

1 second read
0
0
59

ਜੰਗ ਲੜਨ ਜਾਂਦੇ ਯੋਧਿਆਂ ਦੀ ਦੂਰ ਤੱਕ ਪਿੱਠ ਦਿਖਾਈ ਦਿੰਦੀ ਹੈ..ਅਤੇ ਜੰਗ ਜਿੱਤ ਕੇ ਆਉਂਦੇ ਯੋਧਿਆਂ ਦੀ ਦੂਰੋਂ ਹੀ ਮਾਣ ਨਾਲ ਚੌੜੀ ਹੋਈ ਛਾਤੀ ਦਿਖਾਈ ਦਿੰਦੀ ਹੈ…

ਸੰਘਰਸ਼ ਦਾ ਪਹਿਲਾ ਕੋਰਸ 12 ਮਹੀਨਿਆਂ ਅਤੇ 12 ਦਿਨਾਂ ਵਿਚ ਹੋਇਆ ਮੁਕੰਮਲ..ਵਾਪਸੀ ਦਾ ਐਲਾਨ ਕਿਸੇ ਵੇਲੇ ਵੀ ਸੰਭਵ…
ਅਗਲੀ ਡਿਗਰੀ ਲਈ ਚੱਲਣਗੀਆਂ ਤਿਆਰੀਆਂ…
ਲਉ ਜੀ ਦਿੱਲੀ ਦੇ ਬਾਰਡਰਾਂ ਤੇ ਲਾਈਵ ਰੂਪ ਵਿਚ ਚੱਲ ਰਹੇ ਸੰਘਰਸ਼ ਦੇ ਕੋਰਸ ਦਾ ਪਹਿਲਾ ਪੜਾਅ ਅਪਾਰ ਸਫ਼ਲਤਾ ਸਹਿਤ ਪੂਰਾ ਕਰ ਲਿਆ ਗਿਆ ਹੈ। ਉਹ ਸਾਰੇ ਪ੍ਰੀਖਿਆਰਥੀ ਜਿਹੜੇ ਇਕ ਸਾਲ ਤੋਂ ਸਿੰਘੂ, ਟਿੱਕਰੀ ਤੇ ਗਾਜੀਪੁਰ ਬੈਠੇ ਸਨ, ਸ਼ਤ ਪ੍ਰਤੀਸ਼ਤ ਅੰਕਾਂ ਨਾਲ ਪਾਸ ਹੋ ਗਏ ਹਨ। ਜਿੰਨ੍ਹਾਂ ਨੇ ਇਸ ਸਖ਼ਤ ਇਮਤਿਹਾਨ ਦੀ ਅਗਵਾਈ ਕੀਤੀ, ਉਹਨਾਂ ਦੇ ਤਾਂ ਕਿਆ ਕਹਿਣੇ…ਜਿਹੜੇ ਮੇਰੇ ਵਰਗੇ ਕਦੀ ਕਦਾਈ ਕਲਾਸਾਂ ਅਟੈਂਡ ਕਰਨ ਜਾਂਦੇ ਹੁੰਦੇ ਸੀ, ਜਾਂ ਜਿਹੜੇ ਘਰ ਬੈਠੇ ‘ਸੀਸੀ’ ਰਾਹੀਂ ਪੜ੍ਹ ਰਹੇ ਸੀ, ਉਹ ਵੀ ਸਾਰੇ ਪਾਸ ਹੋ ਗਏ ਹਨ।


ਇਸ ਸਦੀ ਦੇ ਦੁਨੀਆਂ ਦੇ ਸਭ ਤੋਂ ਵੱਡੇ ਸੰਘਰਸ਼ ਨੇ ਇਕ ਸਾਲ ਦੌਰਾਨ ਬਹੁਤ ਮੋੜ ਕੱਟੇ, ਲੋਕਾਂ ਦਾ ਦਿੱਲੀ ਨੂੰ ਕੂਚ ਕਰਦਾ ਠਾਠਾਂ ਮਾਰਦਾ ਸਮੁੰਦਰ ਤੱਕਿਆ..ਨਾਰ੍ਹੇ, ਜੈਕਾਰੇ ਤੇ ਲਲਕਾਰੇ ਤੱਕੇ…ਯੁੱਧ ਜਿੱਤਣ ਤੱਕ ਯੁੱਧ ਲੜਨ ਦੇ ਤਹੱਈਏ ਤੱਕੇ…26 ਜਨਵਰੀ ਦੀ ਸਵੇਰ ਦਾ ਚੜ੍ਹਦੀ ਕਲਾ ਦਾ ਜਲੌਅ ਤੱਕਿਆ ਅਤੇ 26 ਜਨਵਰੀ ਸ਼ਾਮ ਦੀ ਮਾਯੂਸੀ ਤੱਕੀ…ਮੱਥਿਆਂ ਤੇ ਚਿੰਤਾਵਾਂ ਦੀਆਂ ਲਕੀਰਾਂ ਤੱਕੀਆਂ… ਅੰਦਰਲੀਆਂ ਸਫਾਂ ਵਿਚ ਉਠਦੇ ਜ਼ਲਜ਼ਲੇ ਤੱਕੇ…ਆਪਣਿਆਂ ਦੇ ਨਾਂ ਹੇਠ ਕੀਤੀਆਂ ਆਪਹੁਦਰੀਆਂ ਤੱਕੀਆਂ, ਸਾਜ਼ਿਸ਼ਾਂ ਤੱਕੀਆਂ ਅਤੇ ਆਪਣੀ ਹੀ ਲੀਡਰਸ਼ਿਪ ਨੂੰ ਕੋਸਣ ਅਤੇ ਬਦਨਾਮ ਕਰਨ ਦੀਆਂ ਕੁਚਾਲਾਂ ਤੱਕੀਆਂ…ਪਰਲ ਪਰਲ ਵਗਦੇ ਹੰਝੂ ਤੱਕੇ..ਹੰਝੂਆਂ ਦੇ ਸੈਲਾਬ ਵਿਚ ਰੁੜਦਾ ਹੋਇਆ ਸੱਤਾ ਦਾ ਦੰਭ ਤੱਕਿਆ..ਸੱਤਾ ਦੀਆਂ ਨਾਦਿਰਸ਼ਾਹੀਆਂ ਤੇ ਬਾਬਰਸ਼ਾਹੀਆਂ ਤੱਕੀਆਂ, ਸੰਘਰਸ਼ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਹਰ ਕਪਟ ਤੱਕਿਆ, ਮੋਰਚੇ ਨੂੰ ਹਰਾਉਣ, ਭਜਾਉਣ, ਲਮਕਾਉਣ, ਡਰਾਉਣ, ਧਮਕਾਉਣ, ਉਲਝਾਉਣ ਅਤੇ ਮਿਟਾਉਣ ਦੀਆਂ ਕੋਝੀਆਂ ਚਾਲਾਂ ਤੱਕੀਆਂ…ਮੋਰਚੇ ਨੂੰ ਪੰਜਾਬ, ਹਰਿਆਣਾ ਤੋਂ ਬਾਅਦ ਹਿਮਾਚਲ, ਰਾਜਸਥਾਨ, ਯੂਪੀ ਅਤੇ ਹੋਰ ਥਾਵਾਂ ਤੇ ਫੈਲਦਾ ਤੱਕਿਆ, ਪੂਰੇ ਵਿਸ਼ਵ ਵਿੱਚੋਂ ਮਿਲਿਆ ਹੁੰਗਾਰਾ ਤੱਕਿਆ, ਥਾਂ-ਥਾਂ ਲੋਕਾਂ ਦੇ ਖੜ੍ਹੇ ਹੋਣ ਦਾ ਨਜ਼ਾਰਾ ਤੱਕਿਆ…ਸਿਆਸੀ ਲੋਕਾਂ ਦੀ ਬੇਬਸੀਆਂ ਤੇ ਲਾਚਾਰੀਆਂ ਤੱਕੀਆਂ, ਗਿਰਗਿਟ ਤੋਂ ਵੀ ਤੇਜੀ ਨਾਲ ਬਦਲਦੇ ਰੰਗ ਤੱਕੇ…ਮੋਰਚੇ ਦਾ ਲਾਹਾ ਲੈਣ ਦੇ ਢੰਗ ਤੱਕੇ…ਗੱਲ ਕੀ ਇਸ ਮੋਰਚੇ ਦੀਆਂ ਏਨੀਆਂ ਪਰਤਾਂ ਤੇ ਪ੍ਰਭਾਵ ਹਨ ਜਿਨ੍ਹਾਂ ਨੂੰ ਗਿਣਨਾ ਅਤੇ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਕੋਈ ਛੋਟੀ ਗੱਲ ਨਹੀਂ।


ਸਿਰਫ਼ ਤਿੰਨ ਕਨੂੰਨ ਵਾਪਿਸ ਕਰਾਉਣਾ ਹੀ ਇਸ ਮੋਰਚੇ ਦੀ ਜਿੱਤ ਨਹੀਂ ਹੈ, ਜਾਂ ਐਮ ਐਸ ਪੀ ਤੇ ਕਮੇਟੀ ਬਣਵਾ ਲੈਣਾ ਜਿੱਤ ਨਹੀਂ ਹੈ, ਬਲਕਿ ਮੋਰਚੇ ਦੀਆਂ ਜਿੱਤਾਂ ਤਾਂ ਬਹੁਤ ਵੱਡੀਆਂ ਹਨ। ਮੋਰਚੇ ਨੇ ਲੋਕਾਂ ਦੀ ਤਾਕਤ ਨੂੰ ਫਿਰ ਸਰਵੋਤਮ ਸਿੱਧ ਕੀਤਾ। ਸਾਧਾਰਨ ਮਨੁੱਖ ਦੀ ਕੰਡ ਲੱਗਣ ਤੋਂ ਬਚਾਇਆ..ਉਹਨਾਂ ਦੇ ਸਵੈਮਾਨ ਨੂੰ ਬਹਾਲ ਕਰਕੇ ਰੱਖਿਆ ਅਤੇ ਅਣਖ ਨਾਲ ਜਿਉਂਣ ਦਾ ਰਾਹ ਪੱਧਰਾ ਕੀਤਾ।
ਇਸ ਅਸਲ ਵਿਚ ਲੋਕਤੰਤਰ ਦੀ ਜਿੱਤ ਹੈ। ਕਿਸਾਨ ਆਗੂਆਂ ਨੇ ਜਿਵੇਂ ਪੂਰੇ ਭਾਰਤ ਦੇ ਆਗੂਆਂ ਨੂੰ ਇਕ ਥਾਂ ਤੇ ਇੱਕਠਾ ਕਰਕੇ ਇਸ ਮੋਰਚੇ ਦਾ ਗਠਨ ਕੀਤਾ। ਇਕ ਅਜਿਹਾ ਲੋਕਰਾਜੀ ਪਲੇਟਫਾਰਮ ਤਿਆਰ ਕੀਤਾ ਜਿੱਥੇ ਮੋਰਚੇ ਵੱਲੋਂ ਨਾਮਜ਼ਦ 32 ਆਗੂ ਇਕੱਠੇ ਬੈਠ ਸਕਣ, ਹਰ ਮਸਲੇ ਤੇ ਘੰਟਿਆਂ ਬੱਧੀ ਸੰਵਾਦ ਕਰ ਸਕਣ ਅਤੇ ਸਰਮਸੰਮਤੀ ਨਾਲ ਕਿਸੇ ਨਿਰਣੇ ਤੇ ਪਹੁੰਚ ਸਕਣ। ਪੂਰਾ ਇਕ ਸਾਲ ਇਹ ਸਿਰੇ ਦਾ ਲੋਕਰਾਜੀ ਅਮਲ ਬਾਦਸਤੂਰ ਚਲਦਾ ਰਿਹਾ। ਅੰਦਰੋਂ ਅਤੇ ਬਾਹਰੋਂ ਬਹੁਤ ਸਾਰੇ ਲੋਕਾਂ ਤੇ ਜਥੇਬੰਦੀਆਂ ਨੇ ਇਸ ਲੀਡਰਸ਼ਿਪ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਉੱਤੇ ਚਿੱਕੜ ਉਛਾਲਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਸਰਕਾਰ ਦੇ ਪਿੱਠੂ ਜਾਂ ਅਹੁਦਿਆਂ ਦੇ ਲਾਲਚੀ, ਐਸਪ੍ਰਸਤ ਜਾਂ ਭ੍ਰਿਸ਼ਟ ਸਿੱਧ ਕਰਨ ਦੀ ਵੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਕੁਝ ਲੋਕਾਂ ਨੇ ਤਾਂ ਇਕ ਸਾਲ ਦੇ ਸੰਘਰਸ਼ ਤੋਂ ਬਾਅਦ ਵੀ ਜਿੱਤ ਦਾ ਸਿਹਰਾ ਇਹਨਾਂ ਆਗੂਆਂ ਨੂੰ ਦੇਣ ਦੀ ਥਾਂ ‘ਕਲਾ ਵਰਤੀ ਹੈ’ ਦਾ ਨਾਹਰਾ ਦੇ ਕੇ ਲੀਡਰਸ਼ਿਪ ਦੀ ਇਕ ਸਾਲ ਦੀ ਘਾਲਣਾ ਨੂੰ ਠੁੱਠ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਹ ਇਸ ਗੱਲ ਤੇ ਬਹੁਤ ਖੁਸ਼ ਹੋਏ ਕਿ ਮੋਦੀ ਨੇ ਇੱਕਲੇ ਟੀਵੀ ਤੇ ਆ ਕੇ ਤਿੰਨ ਕਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ।
ਸੱਤਾ ਅਤੇ ਇਸ ਦਾ ਦਲਾਲ ਬਣੇ ਗੋਦੀ ਮੀਡੀਆ ਨੇ ਇਸ ਤੋਂ ਬਾਅਦ ਵੀ ਕਿਸਾਨ ਆਗੂਆਂ ਦੀ ਇਹ ਕਹਿ ਕੇ ਆਲੋਚਨਾ ਕੀਤੀ ਕਿ ਇਹ ਹੁਣ ਘਰਾਂ ਨੂੰ ਕਿਉਂ ਨਹੀਂ ਜਾਂਦੇ। ਅਸਲ ਵਿਚ ਬਿਨਾ ਕਿਸੇ ਨੂੰ ਨਾਲ ਲਏ ਮੋਦੀ ਦੁਆਰਾ ਤਿੰਨ ਕਨੂੰਨ ਖ਼ਤਮ ਕਰਨ ਦਾ ਐਲਾਨ ਕਰਨਾ ਆਪਣੀ ਤਾਨਾਸ਼ਾਹੀ ਇਮੇਜ ਨੂੰ ਬਚਾਉਣ ਦੀ ਬਹੁਤ ਵੱਡੀ ਖੇਡ ਸੀ, ਜਿਸ ਨੂੰ ਕਿਸਾਨ ਆਗੂਆਂ ਨੇ ਆਪਣੀ ਸਿਆਣਪ ਅਤੇ ਸਹਿਜ ਨਾਲ ਨਕਾਰਾ ਕਰ ਦਿੱਤਾ। ਉਹਨਾਂ ਨੇ ਕਿਸੇ ਵੀ ਪ੍ਰਕਾਰ ਦੀ ਉਤੇਜਨਾ ਦਾ ਸ਼ਿਕਾਰ ਹੋਏ ਬਿਨਾ ਮੋਰਚੇ ਨੂੰ ਖ਼ਤਮ ਨਾ ਕਰਕੇ ਸਰਕਾਰ ਤੇ ਇਹ ਦਬਾਅ ਬਣਾਇਆ ਕਿ ਇੰਝ ਤਿੰਨ ਕਨੂੰਨ ਖ਼ਤਮ ਕਰਨ ਨਾਲ ਮਸਲਾ ਹੱਲ ਨਹੀਂ ਹੋ ਸਕਣਾ। ਬਾਕੀ ਸਾਰੇ ਮੁੱਦੇ ਵੀ ਘੱਟ ਮਹੱਤਵਪੂਰਨ ਨਹੀਂ ਹਨ, ਉਹਨਾਂ ਤੇ ਸਰਕਾਰ ਦਾ ਰੁੱਖ ਕੀ ਹੈ? ਇਹ ਐਲਾਨ ਕਰਨਾ ਪਏਗਾ ਅਤੇ ਸਕਰਾਰ ਅਤੇ ਕਿਸਾਨਾਂ ਦੇ ਵਿਚਕਾਰ ਤਾਲਮੇਲ ਬਣਾ ਕੇ ਭਰੋਸੇ ਤੇ ਸਹਿਮਤੀ ਨਾਲ ਹੀ ਕਿਸਾਨਾਂ ਦੀ ਘਰ ਵਾਪਸੀ ਹੋ ਸਕੇਗੀ।
ਕਿਸਾਨ ਆਗੂਆਂ ਨੇ ਆਖਰੀ ਸਮੇਂ ‘ਹਿੱਟ ਅਤੇ ਡਿਫੈਂਸ਼’ ਦੀ ਪਾਲਸੀ ਅਪਣਾਈ। ਆਪਣਾ ਹਮਲਾਵਰ ਰੁੱਖ ਵੀ ਜਾਰੀ ਰੱਖਿਆ ਅਤੇ ਲੋੜ ਮੁਤਾਬਕ ਸਰਕਾਰ ਨੂੰ ਬਾਕੀ ਫੈਸਲੇ ਕਰਨ ਲਈ ਵਕਤ ਵੀ ਦਿੱਤਾ। ਜਿਸ ਤਰ੍ਹਾਂ ਪਾਰਲੀਆਮੈਂਟ ਵੱਲ ਕੀਤਾ ਜਾਣਾ ਟਰੈਕਟਰ ਮਾਰਚ ਮੁਲਤਵੀ ਕਰਨਾ ਬਹੁਤ ਮਹੱਤਵਪੂਰਨ ਫੈਸਲਾ ਸੀ, ਤਾਂ ਜੋ ਸਰਕਾਰ ਦੇ ਰੁੱਖ ਨੂੰ ਦੇਖਿਆ ਜਾ ਸਕੇ।
ਸੱਤਾ ਨੇ ਦੁੱਧ ਭਾਵੇਂ ਮੀਂਗਣਾ ਘੋਲ ਕੇ ਹੀ ਦਿੱਤਾ ਹੈ, ਪਰ ਬਾਲਟੀ ਨੇੜੇ ਲੱਗ ਗਈ ਹੈ…ਐਮ ਐਸ ਪੀ ਦੀ ਕਮੇਟੀ ਬਣ ਗਈ ਹੈ, ਜਿਸ ਵਿਚ ਕਿਸਾਨ ਮੋਰਚੇ ਦੇ ਨੁਮਾਇੰਦੇ ਸ਼ਾਮਿਲ ਹੋਣਗੇ, ਪਰਾਲੀ ਦੇ ਸਜ਼ਾ ਦੇਣ ਦਾ ਵਿਧਾਨ ਰੱਦ ਕਰ ਦਿੱਤਾ ਹੈ, ਬਿਜਲੀ ਦੇ ਬਿਲ ਤੇ ਕਿਸਾਨਾਂ ਨਾਲ ਬੈਠ ਕੇ ਚਰਚਾ ਕੀਤੀ ਜਾਵੇਗੀ…ਕਿਸਾਨਾਂ ਤੇ ਦਰਜ ਹਜ਼ਾਰਾਂ ਪਰਚੇ ਵਾਪਿਸ ਲਏ ਜਾਣਗੇ ਅਤੇ ਮੁਆਵਜ਼ੇ ਦੇਣ ਦਾ ਲੱਗਭਗ ਭਰੋਸਾ ਦੇ ਦਿੱਤਾ ਹੈ।
ਇਹ ਕੋਈ ਛੋਟੀ ਜਿੱਤ ਨਹੀਂ ਹੈ ਤੇ ਨਾ ਹੀ ਇਹ ਕਿਸੇ ਦੀ ਵਿਅਕਤੀਗਤ ਜਿੱਤ ਹੈ। ਬਲਕਿ ਇਹ ਬਹੁਤ ਹੀ ਲੋਕਰਾਜੀ ਤਰੀਕੇ ਨਾਲ ਸਿਆਣੇ ਲੀਡਰਾਂ ਦੀ ਅਗਵਾਈ ਵਿਚ ਲੜੇ ਗਏ ਵਿਉਂਤਬੱਧ ਸੰਘਰਸ਼ ਦੀ ਇਕ ਸਾਲ ਦੇ ਸਿਰੜ, ਉਤਸਾਹ ਅਤੇ ਜਜ਼ਬੇ ਦੀ ਸ਼ਾਨਦਾਰ ਜਿੱਤ ਹੈ, ਜਿਸ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ ਅਤੇ ਜਿਸ ਰੋਲ ਮਾਡਲ ਮੰਨ ਕੇ ਭਵਿੱਖ ਦੇ ਬਹੁਤ ਸਾਰੇ ਸੰਘਰਸ਼ ਲੜੇ ਜਾਇਆ ਕਰਨਗੇ।
ਕਿਸਾਨ ਮੋਰਚੇ ਦੇ ਆਗੂਆਂ ਦੀ ਸਮੁੱਚੀ ਟੀਮ ਨੂੰ ਸੈਲਯੂਟ ਕਰਨਾ ਬਣਦਾ ਹੈ…ਜਿੰਨਾਂ ਨੇ ਪੂਰਾ ਇਕ ਸਾਲ ਜੂਝਦਿਆਂ ਉਸ ਸੱਤਾ ਦੀਆਂ ਗੋਡਣੀਆਂ ਲਿਆਈਆਂ ਜਿਹੜੀ ਕਿਸੇ ਵੀ ਹਾਲਤ ਵਿਚ ਆਪਣੀ ਗਰਦਨ ਝੁਕਾਉਣ ਲਈ ਤਿਆਰ ਹੀ ਨਹੀਂ ਸੀ। ਸਲਾਮ ਸਲਾਮ ਸਲਾਮ…

ਪਰ ਇਹ ਸੰਘਰਸ਼ ਦਾ ਪਹਿਲਾ ਪੜਾਅ ਹੈ…ਦਿੱਲੀ ਦੀਆਂ ਸਰਹੱਦਾਂ ਤੋਂ ਭਾਵੇਂ ਹੁਣ ਕਿਸਾਨ ਘਰ ਆ ਜਾਣਗੇ, ਪਰ ਚੁਣੌਤੀਆਂ ਅੱਜੇ ਬਹੁਤ ਵੱਡੀਆਂ ਹਨ।
ਸਿਆਸੀ ਤੌਰ ਤੇ ਦੇਖੀਏ ਤਾਂ ਬਿਲਕੁਲ ਸਪਸ਼ਟ ਹੈ ਕਿ ਸਰਕਾਰ ਦਾ ਮਾਨਸਿਕਤਾ ਪਰਿਵਰਤਨ ਨਹੀਂ ਹੋਇਆ, ਬਲਕਿ ਕਿਰਦਾਰ ਉਹੀ ਹੈ, ਬਸ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਇਹਨਾਂ ਹਾਲਤਾਂ ਵਿਚ ਇਹੀ ਕੀਤਾ ਜਾ ਸਕਦਾ ਸੀ ਜੋ ਇਹਨਾਂ ਨੇ ਕੀਤਾ। ਸੋ ਸਿਆਸੀ ਲੜਾਈ ਬਹੁਤ ਲੰਮੀ ਹੈ।
ਕਿਸਾਨੀ ਸੰਕਟ ਦੇ ਨਜ਼ਰੀਏ ਤੋਂ ਜੇਕਰ ਦੇਖੀਏ ਤਾਂ ਤਿੰਨ ਕਨੂੰਨ ਰੱਦ ਹੋਣ ਨਾਲ ਅਸੀਂ ਇਕ ਸਾਲ ਪੁਰਾਣੀ ਪੁਜ਼ੀਸ਼ਨ ਤੇ ਤਾਂ ਆ ਗਏ ਹਾਂ, ਪਰ ਇਕ ਸਾਲ ਪਹਿਲਾਂ ਵਾਲੀ ਪੁਜ਼ੀਸ਼ਨ ਕਿਹੜਾ ਖੁਸ਼ਗਵਾਰ ਸੀ? 20 ਹਜ਼ਾਰ ਦੇ ਕਰੀਬ ਕਿਸਾਨ ਮਜ਼ਦੂਰਾਂ ਦੀ ਖੁਦਕੁਸ਼ੀਆਂ ਦੇ ਰੂਪ ਵਿਚ ਕਿਸਾਨੀ ਆਪਣੇ ਹੀ ਕਬਰਸਤਾਨ ਤੇ ਬੈਠੀ ਸੀ। ਇਹ ਠੀਕ ਹੈ ਕਿ ਹੁਣ ਹਰ ਕਿਸਾਨ ਉਤਸਾਹ ਵਿਚ ਹੈ…ਇਸ ਸੰਘਰਸ਼ ਨੇ ਉਸ ਅੰਦਰ ਖੁਦਕੁਸ਼ੀ ਕਰਕੇ ਮਰਨ ਨਾਲੋਂ ਜੂਝਦੇ ਹੋਏ ਮਰਨ ਦੀ ਰੀਝ ਪੈਦਾ ਕੀਤਾ ਹੈ ਅਤੇ ਇਹੀ ਕਾਰਨ ਹੈ ਕਿ ਅਸੀਂ ਮੌਤ ਨੂੰ ਸਿਰਾਂ ਤੇ ਲਪੇਟ ਕੇ ਜਿਉਣ ਦੇ ਰਾਹ ਪੈ ਗਏ..ਪਰ ਆਰਥਿਕ ਮਸਲੇ ਹੱਲ ਹੋਏ ਬਿਨਾ ਇਹ ਉਤਸਾਹ ਚਿਰਸਥਾਈ ਨਹੀਂ ਹੋਵੇਗਾ..ਬਲਕਿ ਹੌਲੀ ਹੀ ਜਦ ਉਤਸਾਹ ਦਾ ਮੁਲੰਮਾ ਉੱਤਰੇਗਾ, ਕਰੂਰ ਜੀਵਨ ਯਥਾਰਥ ਸਾਮ੍ਹਣੇ ਆਏਗਾ, ਰੋਟੀ ਪਾਣੀ ਦਾ ਫਿਕਰ ਸਤਾਏਗਾ ਤਦ ਫੇਰ ਇਕ ਵਾਰ ਨਿਰਾਸ਼ਾ ਦਾ ਆਲਮ ਛਾਏਗਾ…
ਇਹ ਨਿਰਾਸ਼ਾ ਦਾ ਆਲਮ ਨਾ ਆਵੇ ਅਤੇ ਇਸ ਨੂੰ ਆਉਣ ਤੋਂ ਰੋਕਣ ਦਾ ਯਤਨ ਕਰਨਾ ਹੀ ਇਸ ਸੰਘਰਸ਼ ਦਾ ਅਗਲਾ ਪੜਾਅ ਹੈ। ਐਮ ਐਸ ਪੀ ਦਾ ਹੋਣਾ ਅਤੇ ਐਮ ਐਸ ਪੀ ਤੇ ਸਾਰੀ ਫਸਲ ਖਰੀਦਣ ਦੀ ਗਰੰਟੀ ਹੋਣਾ ਕਿਸਾਨੀ ਦੇ ਸੰਕਟ ਦੀ ਬੰਦਖਲਾਸੀ ਵੱਲ ਪਹਿਲਾ ਵੱਡਾ ਕਦਮ ਹੋਵੇਗਾ। ਪਰ ਇਸ ਤੋਂ ਵੱਡਾ ਮਸਲਾ ਕਿਸਾਨੀ ਅੱਗੇ ਇਹ ਹੋਣਾ ਹੈ ਕਿ ਕਿਸਾਨ ਦੀ ਮੁਕਤੀ ਦਾ ਮੁਕੰਮਲ ਮਾਡਲ ਕੀ ਹੋਵੇ?
ਕਿਉਂਕਿ ਕਿਸਾਨ ਦੀਆਂ ਫਸਲਾਂ ਲਈ ਤਾਂ ਅਸੀਂ ਅਜੇ ਘੱਟੋ-ਘੱਟ ਸਮਰਥਨ ਮੁੱਲ ਲਈ ਹੀ ਜੂਝ ਰਹੇ ਹਾਂ, ਵੱਧ ਤੋਂ ਵੱਧ ਸਮਰਥਨ ਮੁੱਲ ਦੀ ਤਾਂ ਸੋਚ ਵੀ ਨਹੀਂ ਸਕਦੇ।
ਇਸ ਸਵਾਲ ਦਾ ਜੁਆਬ ਵੀ ਲੱਭਣਾ ਪੈਣਾ ਹੈ ਕਿ ਸਰਕਾਰ ਦੀ ਸਹਿ ਤੇ ਜਿਹੜਾ ਕਾਰਪੋਰੇਟ ਸਾਡੀਆਂ ਜ਼ਮੀਨਾਂ ਸਾਂਭਣ ਨੂੰ ਤਰਲੋਮੱਛੀ ਹੋ ਰਿਹਾ ਹੈ, ਉਹ ਇਸ ਵਿੱਚੋਂ ਮੁਨਾਫ਼ਾ ਕਿਵੇਂ ਕੱਢੇਗਾ?
ਰਾਹ ਇੱਕੋ ਹੀ ਹੈ : ਲਾਗਤ ਖਰਚਿਆਂ ਨੂੰ ਵੱਧ ਤੋਂ ਵੱਧ ਘਟਾ ਕੇ ਤੇ ਮੁਨਾਫ਼ੇ ਨੂੰ ਵੱਧ ਤੋਂ ਵੱਧ ਵਧਾ ਕੇ…
ਇਸ ਕਾਰਜ ਲਈ ਉਸ ਨੇ ਕੀ ਕਰਨਾ ਹੈ???
ਹਜ਼ਾਰਾਂ ਏਕੜਾਂ ਦੇ ਵੱਡੇ ਫਾਰਮ ਹਾਉਣ ਬਣਾ ਕੇ ਲਾਗਤ ਖਰਚ ਕਈ ਗੁਣਾ ਘਟਾ ਲੈਣਾ ਹੈ ਅਤੇ ਹਰ ਫਸਲ ਨੂੰ ਪਰੋਸੈਸ ਕਰਕੇ ਵੇਚਣ ਦੇ ਰੂਪ ਵਿਚ ਮੁਨਾਫ਼ਾ ਕਈ ਗੁਣਾ ਵਧਾ ਲੈਣਾ ਹੈ।
ਇਹ ਕਾਰਜ ਕਾਰਪੋਰੇਟ ਤੋਂ ਬਿਨਾ ਅਸੀਂ ਕਿਵੇਂ ਕਰ ਸਕਦੇ ਹਾਂ, ਸਾਡੇ ਵਿਦਵਾਨਾਂ ਚਿੰਤਕਾਂ, ਕਿਸਾਨ ਆਗੂਆਂ ਅਤੇ ਹੋਰ ਸੁਹਰਿਦ ਲੋਕਾਂ ਨੂੰ ਇਸ ਗੱਲ ਤੇ ਚਿੰਤਨ ਕਰਨਾ ਪੈਣਾ ਹੈ..ਫੇਰ ਹੀ ਕਾਰਪੋਰੇਟ ਦਾ ਬਦਲ ਲੱਭਿਆ ਜਾ ਸਕਦਾ ਹੈ, ਨਹੀਂ ਤਾਂ ਸੱਤਾ ਨੇ ਕਿਸੇ ਨਾ ਕਿਸੇ ਬਹਾਨੇ ਕੰਨ ਨੂੰ ਦੂਜੇ ਪਾਸਿਓ ਫੜ੍ਹ ਲੈਣਾ ਹੈ..ਨਿੱਤ ਨਿੱਤ ਏਨੇ ਵੱਡੇ ਅੰਦੋਲਨ ਨਹੀਂ ਵਿੱਢੇ ਜਾ ਸਕਦੇ…ਅੰਦੋਲਨ ਤੋਂ ਬਾਅਦ ਦੀਆਂ ਸਥਿਤੀਆਂ ਕਿਸਾਨ ਦੇ ਪੱਖ ਵਿਚ ਕਿੰਝ ਜਾਣ ਇਸ ਤੇ ਚਿੰਤਨ ਮੱਥਨ ਕਰਕੇ ਢੁੱਕਵੇਂ ਰਾਹ ਲੱਭਣ ਲਈ ਇਹੀ ਸਭਂ ਤੋਂ ਢੁੱਕਵਾਂ ਵੇਲਾ ਹੈ…

ਆਓ ਇਸ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਣ ਵਾਲੇ 700 ਕਿਸਾਨਾਂ ਦੀ ਕੁਰਬਾਨੀ ਨੂੰ ਆਪਣੇ ਧੁਰ ਅੰਦਰ ਤੱਕ ਸਾਂਭ ਕੇ ਰੱਖੀਏ, ਉਹਨਾਂ ਦੀਆਂ ਯਾਦਗਾਰਾਂ ਬਣਾਈਏ…ਜਿਹੜੇ ਸਾਲ ਸਾਲ ਤੋਂ ਮੋਰਚਿਆਂ ਵਿਚ ਡਟੇ ਹੋਏ ਹਨ, ਉਹਨਾਂ ਦਾ ਖੁੱਲ੍ਹੇ ਮਨ ਨਾਲ ਸਵਾਗਤ ਕਰੀਏ ਤੇ ਇਸ ਸਾਰੇ ਸੰਘਰਸ਼ ਦੀ ਜਮਹੂਰੀ ਤਰੀਕੇ ਨਾਲ ਅਗਵਾਈ ਕਰਨ ਵਾਲੇ ਆਗੂਆਂ ਦੀ ਅਗਵਾਈ ਵੀ ਸਵੀਕਾਰ ਕਰੀਏ ਤੇ ਇਹਨਾਂ ਨੂੰ ਕਿਰਤੀਆਂ ਦੇ ਨਾਇਕ ਮੰਨਦੇ ਹੋਏ ਸਰਵਉੱਚ ਗੌਰਵ ਪ੍ਰਦਾਨ ਕਰੀਏ ਤੇ ਇਹਨਾਂ ਯੋਧਿਆਂ ਦਾ ਤਹਿ ਦਿਲੋਂ ਸਵਾਗਤ ਕਰੀਏ…ਤੇ ਆਪਣੇ ਆਪ ਨੂੰ ਵੀ ਭਵਿੱਖ ਦੀ ਲੜਾਈ ਲਈ ਤਿਆਰ ਕਰੀਏ…
ਕਦੇ ਨੰਦ ਲਾਲ ਨੂਰਪੁਰੀ ਨੇ ਲਿਖਿਆ ਸੀ :
ਜੰਗ ਵਿਚ ਲੜਕੇ ਸਿਪਾਹੀ ਜਦੋਂ ਆਉਣਗੇ
ਚੰਨਾਂ ਦੇ ਚਿਹਰਿਆਂ ਤੇ ਚੰਨ ਮੁਸਕਾਉਣਗੇ..
ਅੱਜ ਹਰ ਸਹਿਰਦ ਮਨੁੱਖ ਦੇ ਮਨ ਦੇ ਅੰਬਰ ਤੇ ਸਾਡੇ ਇਹ ਕਿਸਾਨ ਨਾਇਕ ਅਸਮਾਨ ਦੇ ਸਿਤਾਰਿਆਂ ਵਾਂਗ ਚਮਕ ਰਹੇ ਹਨ। ਇਕ ਵਾਰ ਫੇਰ ਜੰਗ ਜਿੱਤ ਕੇ ਆ ਰਹੇ ਇਹਨਾਂ ਧਰਤੀ ਦੇ ਪੁੱਤਰਾਂ ਅਤੇ ਧਰਤੀ ਦੀਆਂ ਧੀਆਂ ਨੂੰ ਸਲਾਮ…


ਕੁਲਦੀਪ ਸਿੰਘ ਦੀਪ (ਡਾ.)
9876820600

Leave a Reply

Your email address will not be published. Required fields are marked *

Check Also

एपेक्स लेडीज क्लब का ‘पक्षी मित्र अभियान’ – संवेदनशील पहल

एपेक्स लेडीज क्लब का ‘पक्षी मित्र अभियान’ – संवेदनशील पहल भीषण गर्मी के इस दौर में, जब धरत…