Home साहित्य दर्पण ਰਾਹਦਸੇਰਾ ਕਵੀ -ਹਰਿਭਜਨ ਸਿੰਘ ਰੈਣੂ

ਰਾਹਦਸੇਰਾ ਕਵੀ -ਹਰਿਭਜਨ ਸਿੰਘ ਰੈਣੂ

6 second read
0
0
52

ਰਾਹਦਸੇਰਾ ਕਵੀ -ਹਰਿਭਜਨ ਸਿੰਘ ਰੈਣੂ
ਹਰਿਆਣਾ ਦੇ ਸਿਰਸਾ ਸ਼ਹਿਰ ਦਾ ਵਸਨੀਕ ਪੰਜਾਬੀ ਸ਼ਾਇਰ ਹਰਿਭਜਨ ਸਿੰਘ ਰੈਣੂ ਆਪਣੇ ਜੀਵਨਕਾਲ 7 ਮਈ , 1941 (ਅਨੁਮਾਨਿਤ) ਤੋਂ 3 ਜੂਨ,2012 ਤਕ ਆਪਣੀ ਵਿਚਾਰਧਾਰਕ ਸਪਸ਼ਟਤਾ, ਅਡੋਲ ਅਕੀਦੇ ਅਤੇ ਖੁੱਦਾਰ ਸੁਭਾਅ ਕਰਕੇ ਚਰਚਿਤ ਰਿਹਾ। ਪੰਜਾਬੀ ਕਾਵਿ ਜਗਤ ਨੂੰ ਸੱਤ ਕਾਵਿ ਸੰਗ੍ਰਹਿ ਭੁੱਖ(1970) , ਅਗਨ ਪੰਖੇਰੂ (1975), ਮਸਤਕ ਅੰਦਰ ਸੂਰਜ(1982), ਐਂਟੀਨੇ ‘ਤੇ ਬੈਠੀ ਸੋਨ ਚਿੜੀ (1999) ਸੁਕਰਾਤ ਨੂੰ ਮਿਲਣ ਜਾਣੈ(2006) , ਭੂਮਿਕਾ ਤੋਂ ਬਗੈਰ (2007)ਅਤੇ ਮੇਰੇ ਹਿੱਸੇ ਦੇ ਵਰਕੇ(2011) ਭੇਟ ਕੀਤੇ। ਸਿਆਲਕੋਟ (ਪਾਕਿਸਤਾਨ) ਵਿਚ ਜਨਮਿਆ ਰੈਣੂ , ਦੇਸ਼ ਵੰਡ ਤੇ ਸਿਰਸਾ ਆ ਵੱਸਿਆ। ਪਿਤਾ ਸਾਧੂ ਸਿੰਘ ਤੇ ਚਾਚਾ ਪਿਆਰਾ ਸਿੰਘ ਦਾ ਕੰਮ ਧੰਦਾ ਪਹਿਲਾਂ ਹੱਲ ਪੰਜਾਲੀ ਬਣਾਉਣਾ ਸੀ ਹੁਣ ਟਰੈਕਟਰ ਟਰਾਲੀ ਤੇ ਬੰਦੂਕਾਂ ਦੀ ਮੁਰੰਮਤ ਹੋ ਗਿਆ। ਰੈਣੂ ਨੂੰ ਪੜ੍ਹਨ ਦੀ ਚੇਟਕ ਗੁਆਂਢੀ ਭਠਿਆਰੇ ਜੁਗਲ਼ ਕਿਸ਼ੋਰ ਤੇ ਚਾਚੇ ਤੋਂ ਲੱਗੀ। ਉਸਦੀ ਕਵਿਤਾ ਕਰਕੇ ਰੈਣੂ ਨੂੰ ਵੱਖ ਵੱਖ ਉਪਮਾਵਾਂ ਦਿੱਤੀਆਂ ਜਾਂਦੀਆਂ ਰਹੀਆਂ। ਡਾ. ਸੁਖਦੇਵ ਸਿੰਘ ਸਿਰਸਾ ਉਸਨੂੰ ਸਾਡੇ ਦੌਰ ਦਾ ਸਾਯਣ ਤੇ ਦੂਜੇ ਥਾਂ’ ਤੇ ਆਧੁਨਿਕ ਇਕਲਵਯ ਆਖਦਾ ਹੈ , ਪੂਰਨ ਮੁਦਗਲ ਉਸਨੂੰ ਭਾਰਤੀ ਮਿੱਥਾਂ ਦਾ ਕਵੀ ਤੇ ਕਈ ਦੋਸਤ ਉਸਨੂੰ ਕਬੀਰ ਆਖਦੇ ।
ਕਬੀਰ ਤੋਂ ਯਾਦ ਆਇਆ ਰੈਣੂ ਦੀ ਕਵਿਤਾ

ਤੂੰ ਕਬੀਰ ਨਾ ਬਣੀਂ

ਜਦੋਂ
ਮੇਰੇ ਦੋਸਤ
ਮੈਨੂੰ ਕਬੀਰ ਬਣਾ ਰਹੇ ਸਨ।

ਮੈਂ ਪੈਦਲਾਂ ਦੇ ਜ਼ੋਰ ਤੇ ਮਿਲਦੀ
ਊਠਾਂ ਦੀ ਸ਼ਹ-ਮਾਤ
ਬਚਾ ਰਿਹਾ ਸਾਂ
ਘੋੜੇ ਦੌੜਾ ਰਿਹਾ ਸਾਂ

ਤਦੇ
ਅੰਦਰ ਬੈਠਾ ਕਬੀਰ
ਕਹਿ ਰਿਹਾ ਸੀ
ਤੂੰ ਕਬੀਰ ਨਾ ਬਣੀਂ।

ਇਹ ਅੱਖਰਾਂ
ਗੋਟੀਆਂ ਦੀ ਖੇਡ ਛੱਡ
ਤੇ ਮੇਰੇ ਨਾਲ ਤਾਣਾ ਪੁਆ
ਖ਼ਿਆਲ ਕਰ
ਘਰ ਦਾ ਡੰਗ ਟਪਾਉਂਦੀ
ਲੋਈ ਦਾ
ਕਮਾਲੇ ਨੂੰ ਕਿਸੇ ਆਹਰੇ ਲਾ
ਧੂਣੀਆਂ ਤੇ ਫ਼ਿਰਦੈ
ਉਸਨੂੰ ਹਟਾ ।

ਕਬੀਰ ਬਣੇਂਗਾ
ਤਾਂ ਲੋਕ ਆਖਣਗੇ।

ਗੰਗਾ ਘਾਟ ਮਿਲਿਆ
ਗੁਮਨਾਮ ਵਿਧਵਾ ਬਾਹਮਣੀ ਦਾ
ਬੇਵਾਰਸਾ ਹੈ
ਨੀਰੂ ਮੁਸਲਮਾਨ ਘਰ ਪਲਿਆ
ਕਬੀਰ ਜੁਲਾਹਾ ਹੈ
ਨ੍ਹੇਰੇ ‘ਚ ਪਏ ਨੂੰ
ਸਾਡੇ ਗੁਰੂ ਜੀ
ਪੈਰ ਲਾਕੇ ਰੁਸ਼ਨਾਇਆ ਹੈ ।

ਦਿਨੇਂ ਉਣਦਾ ਤੇ ਗਾਉਂਦੈ
ਰਾਤੀਂ ਜਾਗਦਾ ਤੇ ਰੌਂਦੈ
ਦਿਲ ਆਈਆਂ ਆਖ਼ਦਾ ਹੈ
ਮੂੰਹ ਆਈਆਂ ਮਾਰਦਾ ਹੈ
ਕਾਸ਼ੀਓਂ ਨਿਕਲ ਮਗਹਰ ਵੱਲ ਆਇਐ
ਕਿਤੋਂ ਦੀ ਮਿੱਟੀ ਕਿਤੇ ਚੁੱਕ ਲਿਆਇਐ
ਰਾਮ ਰਹੀਮ ਇਕ ਅੰਦਰ ਉਚਾਰੇ
ਢਾਈ ਅੱਖਰ ਪੜ੍ਹੇ ਨੇ ਵਿਚਾਰੇ।

ਤੂੰ ਕਬੀਰ ਨਾ ਬਣੀਂ।

ਮੈਂ ਹੌਲੀ ਜੇਹੀ ਕਿਹਾ
ਤਾਣਾ ਤਾਂ ਮੈਂ ਵੀ ਪਾਉਨਾਂ
ਚਾਦਰ ਤਾਂ ਮੈਂ ਵੀ ਉਣਨਾਂ।

ਪਰ ਜੇ
ਸਿੰਹ ਬਕਰੀ ਨੂੰ ਖਾਈ ਜਾਣ
ਮੰਦਰ ਮਸੀਤ ਲੜਾਈ ਜਾਣ
ਕਿਸੇ ਕਮਾਲੇ ਦੇ ਹਿੱਸੇ
ਚਰਖਾ-ਸੂਤਰ ਨਾ ਦਿੱਸੇ
ਲਹੂ -ਧੱਬੇ ਧੋਂਦਿਆਂ ਪੂੰਝਦਿਆਂ
ਕਾਲਖ-ਮਿੱਟੀ ਹੂੰਝਦਿਆਂ
ਹੱਥ ਕਲਖਾਏ ਜਾਣ
ਤਾਂ ਮੈਂ ਕੀ ਕਰਾਂ।

ਮੈਥੋਂ
ਚਾਦਰ ਰੱਖੀ ਨਹੀਂ ਜਾਂਦੀ
ਜਿਓਂ ਦੀ ਤਿਉਂ।

ਤੇ ਮੈਨੂੰ ਜਾਪਿਆ
ਉਹ ਵੀ ਅੰਦਰੋਂ ਸੋਚ ਰਿਹਾ ਸੀ
ਕਬੀਰ ਨੂੰ ਕਿਸ ਕਿਹਾ ਸੀ
ਕਬੀਰ ਬਣ!
ਕਬੀਰ ਬਣ!!

ਦਰਅਸਲ ਉਹ ਕਵਿਤਾ ਨੂੰ ਜਿਉਂਦਾ ਹੈ; ਕਵਿਤਾ ਉਹਦੇ ਅੰਗਸੰਗ ਵਰਤਦੀ ਹੈ । ਉਹ ਅਮਲ ਦਾ ਕਵੀ ਹੈ; ਉਹ ਆਪਣੀ ਬੰਦੂਕ ਖੁਦ ਆਪਣੇ ਮੋਢੇ ਚਲਾਉਣੀ ਜਾਣਦਾ ਹੈ। ਉਹ ਮਜ਼ਦੂਰ ਕਿਸਾਨ ਜਾਂ ਕਿਰਤੀ ਵਰਗ ਬਾਰੇ ਪਰਾਈ ਪੀੜ ਨਾਲ ਲਬਰੇਜ਼ ਕਵਿਤਾ ਨੂੰ ਨਿਰੀ ਭੇਡਚਾਲ ਆਖਦਾ ਹੈ ਤੇ ਸਮਾਜਿਕ ਚੁਣੌਤੀਆਂ ਨੂੰ ਦਰਕਿਨਾਰ ਕਰਦੇ ਹੋਏ ਸ਼ਿਲਪ ਘਾੜਤ ਨੂੰ ਆਤਮਘਾਤੀ ਅਮਲ। ਇਕ ਕਵਿਤਾ ਜੋ ਉਸ ਦੇ ਏਸੇ ਫ਼ਲਸਫ਼ੇ ਨੂੰ ਬਿਆਨ ਕਰਦੀ ਹੈ:

ਜਦੋਂ ਕਵਿਤਾ ਨਹੀਂ ਰਹਿੰਦੀ
ਸ਼ਬਦ ਮੇਮਣਿਆਂ ਤਰ੍ਹਾਂ
ਕਦੇ ਕਤਾਰਾਂ ਵਿਚ ਕਦੇ ਵਾੜਿਆਂ ਵਿਚ
ਖਲ੍ਹਾਰੇ ਜਾਂਦੇ ਹਨ
ਉਦੋਂ ਸ਼ਬਦ ਅਰਥ ਨਹੀਂ ਦੇਂਦੇ
ਕੇਵਲ ਮਮਿਆਂਦੇ ਹਨ
ਤੇ ਮਮਿਆਂਦੇ ਸ਼ਬਦ
ਕਦੇ ਸਮੇਂ ਦੇ ਨਾਲ ਨਹੀਂ ਤੁਰਦੇ
ਭਾਵੇਂ ਉਹਨਾਂ ਨੂੰ ਤੋਰਨ ਲਈ
ਉਹਨਾਂ ਅੱਗੇ ਲਾ ਦਿੱਤੀ ਜਾਂਦੀ ਹੈ
ਗਰੀਬ ਮਜਦੂਰ ਕਿਸਾਨ
ਦੇ ਨਾਂ ਜਿਹੀ ਬੱਕਰੀ
ਇਸ ਤੋਂ ਪਹਿਲਾਂ ਕਿ
ਮੇਰੇ ਸ਼ਬਦ ਮਮਿਆਣ
ਅਰਥ ਰੀਂਗਣ
ਗੀਤ ਚਿਲਮਾਂ ਭਰਨ
ਕਵਿਤਾ ਖ਼ਾਰਜ ਹੋਣ ਲੱਗੇ
ਤੁਸੀਂ ਮੈਨੂੰ ਖ਼ਾਰਜ ਕਰ ਦੇਣਾ

ਕਿੰਨਾ ਸਪਸ਼ਟ ਹੈ ਰੈਣੂ ਆਪਣੇ ਅਕੀਦੇ ਵਿਚ ਤੇ ਕਵਿਤਾ ਨਾਲ ਕਿੰਨੀ ਮੁਹੱਬਤ ਹੈ ਉਸਨੂੰ ਕਿ ਉਹ ਇਸ ਕਵਿਤਾ ਵਿਚ ਬੇਈਮਾਨੀ ਜ਼ਾਹਰ ਹੋਣ ਤੇ ਖੁੱਦ ਨੂੰ ਖ਼ਾਰਜ ਕਰਨ ਦੀ ਗੱਲ ਪੱਕਿਆਉਂਦਾ ਹੈ। ਇਹ ਉਸਦੀ ਕਵਿਤਾ ਦਾ ਧਰਮ ਹੈ।
ਉਹ ਕਵਿਤਾ ਬਾਰੇ ਆਪਣੀ ਵਿਚਾਰਧਾਰਾ ਬਾਰੇ ਸਪਸ਼ਟ ਹੈ; ਕਵਿਤਾ ਕਿਉਂ ਤੇ ਕਿਸ ਲਈ ਹੈ ਵੇਖੋ ਇਕ ਕਵਿਤਾ

ਮੇਰੇ ਨਾਲ ਤੁਰੋ
———————–
ਮੈਂ ਕਦ ਕਿਹਾ ਹੈ
ਮੇਰੇ ਨਾਲ ਤੁਰੋ
ਬਣਾ ਕੇ ਕਾਫ਼ਲਾ
ਤੁਰ ਤਾਂ ਮੈਂ ਹੀ ਪਵਾਂਗਾ
ਤੁਹਾਡੇ ਨਾਲ।

ਪਰ ਇਹ ਤਾਂ ਦੱਸੋ
ਤੁਸਾਂ
ਹਨੇਰਾ ਚੀਰ ਕੇ ਪਾਰ ਕਰਨਾ ਹੈ
ਜਾਂ
ਹਨੇਰੇ ਵੱਲ ਹੀ ਜਾਣਾ ਹੈ।

ਜੇ ਹਨੇਰਾ ਪਾਰ ਕਰਨਾ ਹੈ
ਤਾਂ ਮੈਂ
ਮਸ਼ਾਲ ਜਗਾ ਲਵਾਂ
ਕੁਝ ਗੀਤਾਂ ਦੀਆਂ
ਧੁਨਾਂ ਬਣਾ ਲਵਾਂ
ਤੀਰਾਂ ਦੀਆਂ ਮੁਖੀਆਂ ਲਵਾ ਲਵਾਂ।

ਜੇ ਹਨੇਰੇ ਵੱਲ ਹੀ ਜਾਣਾ ਹੈ
ਤਾਂ
ਤੁਹਾਡੇ ਕਿਸ ਕੰਮ
ਮੈਂ ਤੇ ਮੇਰੀ ਮਸ਼ਾਲ
ਮੇਰਿਆਂ ਗੀਤਾਂ ਦੀ ਤਾਲ।

ਮੈਂ ਕਦ ਕਿਹਾ ਹੈ
ਮੇਰੇ ਨਾਲ ਤੁਰੋ ।

ਉਸਦੀ ਇਹ ਕਵਿਤਾ ਬਾਕਾਇਦਾ ਤਾਕੀਦ ਕਰਦੀ ਹੈ ਕਿ
ਕਿਧਰ ਨੂੰ ਜਾਣਾ ਹੈ; ਅਸੀਂ ਕਿਹੜੇ ਰਸਤੇ ਤੇ ਤੁਰਨਾ ਹੈ, ਇਸਦੀ ਨਿਸ਼ਾਨਦੇਹੀ ਕਰਦੀ ਹੈ।

ਉਹ ਭਾਰਤੀ ਮਿੱਥਾਂ ਨੂੰ ਨਵਿਆਉਂਦਾ ਹੈ ; ਇਸ ਕਾਰਜ ਵਿਚ ਜੋ ਮੁਹਾਰਤ ਰੈਣੂ ਨੂੰ ਹੈ ਉਸਦਾ ਸਾਨੀ ਕੋਈ ਨਹੀਂ।ਵੰਨਗੀ ਵੱਜੋਂ

ਇਤਿਹਾਸ ਬੋਲਦਾ ਹਾਂ

ਮੈਂ ਉੱਚੀ ਚੋਟੀ ਤੇ ਰੱਖਿਆ
ਬਰਬਰੀਕ ਦਾ ਸਿਰ ਹਾਂ,
ਮੈਂ ਇਤਿਹਾਸ ਬੋਲਦਾ ਹਾਂ!

ਮੇਰੇ ਭੱਥੇ ‘ਚ
ਮਿਹਨਤ, ਈਮਾਨਦਾਰੀ,
ਸੰਤੋਖ ਦੇ ਤਿੰਨ ਵਰ -ਤੀਰ ਸਨ,
ਜਿੰਨਾਂ ਦੀ ਕਾਟ ਕਿਸੇ ਕੋਲ ਨਹੀਂ ਸੀ,
ਮੇਰਾ ਪ੍ਰਣ ਸੀ ,
ਹਾਰਦੇ ਨਾਲ਼ ਖਲੋਣਾ!

ਮੈਂ ਛਲਿਆ ਗਿਆ,
ਮਹਾਂਦਾਨੀ ਜਿਹੇ ਸ਼ਬਦ-ਜਾਲ ਅੰਦਰ,
ਤੇ ਮੇਰੇ ਹੱਥਾਂ ਪੈਰਾਂ ਨਾਲੋਂ,
ਸਿਰ ਵੱਖ ਕਰਕੇ ,ਰੱਖ ਦਿੱਤਾ ਗਿਆ,
ਉੱਚੀ ਥਾਂ,
ਤੂੰ ਸਿਰਫ ਵੇਖਦਾ ਰਹਿ,
ਕਰੀਂ ਕੁਝ ਨਾ,
ਤੇ ਇਕ ਮਹਾਂਭਾਰਤ ਤੋਂ ਬਾਦ,
ਪੁੱਛਿਆ ਗਿਆ,
“ਕੀ ਵੇਖਿਆ,ਕੌਣ ਲੜਦਾ ਰਿਹਾ,
ਕੌਣ ਮਾਰਦਾ ਰਿਹਾ?”
ਮੈਂ ਸਮੇ ਸੰਸਕਾਰ ਨਾਲ ਕਿਹਾ,
ਮਹਾਂ-ਕਾਲ-ਚੱਕਰ।

ਮੈਂ ਉੱਚੀ ਚੋਟੀ ਤੇ ਰੱਖਿਆ,
ਬਰਬਰੀਕ ਦਾ ਸਿਰ ਹਾਂ,
ਮੈਂ ਅਠਾਰਾਂ ਦਿਨੀਂ ਨਹੀਂ,
ਅਮੁਕ ਮਹਾਂਭਾਰਤ ਵੇਖ ਰਿਹਾ ਹਾਂ,
ਹੁਣ ਕੋਈ ਪੁੱਛੇ,
“ਕੀ ਵੇਖਿਆ,ਕੌਣ ਲੜਦਾ ਰਿਹਾ,
ਕੌਣ ਮਾਰਦਾ ਰਿਹਾ!”

ਮੈਂ ਕਾਲ ਬੋਧ ਨਾਲ ਕਹਾਂਗਾ,
ਰੱਜਿਆ ਹੋਇਆ ਭੁੱਖੇ ਨੂੰ,
ਜਾਂ ਇੰਜ ਵੱਡੀ ਮੱਛੀ ਛੋਟੀ ਨੂੰ।

ਮੈਂ ਉੱਚੀ ਚੋਟੀ ਤੇ ਰੱਖਿਆ,
ਬਰਬਰੀਕ ਦਾ ਸਿਰ ਹਾਂ,
ਮੈਂ ਇਤਿਹਾਸ ਬੋਲਦਾ ਹਾਂ,
ਪਰ ਮੈਂ ਹੁਣ,
ਇਤਿਹਾਸ ਬੋਲਣਾ ਨਹੀਂ,
ਹੱਥਾਂ ਪੈਰਾਂ ਨਾਲ਼,
ਇਤਿਹਾਸ ਜਿਊਣਾ ਚਾਹੁੰਦਾ ਹਾਂ।

ਹਰਿਭਜਨ ਸਿੰਘ ਰੈਣੂ ਦਾ ਕਾਵਿ ਪਾਤਰ ਉਦਾਸ ਪਰ ਨਿਰਾਸ਼ ਨਹੀਂ, ਉਸ ਵਿਚ ਇਕ ਸਾਰਥਕ ਜ਼ਿੰਦਗੀ ਦੀ ਭਾਲ ਹੈ। ਉਹ ਕਵਿਤਾ ਦੇ ਜੀਵਨ ਨਾਲ ਦਵੰਦਾਤਮਕ ਰਿਸ਼ਤੇ ਨੂੰ ਕਬੂਲਦਾ ਪ੍ਰਤੀਤ ਹੁੰਦਾ ਹੈ। ਉਸਦੀ ਕਵਿਤਾ ਦੀ ਸਾਰਥਕਤਾ ਇਸ ਪੱਖ ਤੋਂ ਹੋਰ ਮਜਬੂਤ ਹੁੰਦੀ ਹੈ ਕਿ ਉਹ ਜੀਵਨ ਵਿਚ ਤੇ ਕਵਿਤਾ ਵਿਚ ਰਵਾਇਤਾਂ ਨੂੰ ਤੋੜਦਾ ਹੈ; ਇਤਿਹਾਸਕ ਮਿੱਥਾਂ ਨੂੰ ਨਵੇਂ ਅਰਥਾਂ ਵਿਚ ਸਿਰਜਦਾ ਹੈ।

3 ਜੂਨ ,2012 ਨੂੰ ਪੰਜਾਬੀ ਕਾਵਿ ਦਾ ਇਹ ਸੂਰਜ ਅਸਤ ਹੋ ਕੇ ਵੀ ਆਪਣੇ ਸ਼ਬਦ ਸੁਹਜ ਤੇ ਓਜ਼ ਸਦਕਾ ਅੱਜ ਵੀ ਸਾਡਾ ਰਾਹਦਸੇਰਾ ਬਣਿਆ ਹੋਇਆ ਹੈ।
-ਸੁਰਜੀਤ ਸਿਰੜੀ

Leave a Reply

Your email address will not be published. Required fields are marked *

Check Also

विद्यार्थियों में शिक्षा की अलख जगाने के लिए वरच्युस ज्ञान कोष कार्यक्रम का आगाज -भव्य समारोह में 32 जरूरतमंद छात्राओं में निशुल्क पुस्तकों का किया वितरण

अभी उड़ना है ऊंचा पँखो को खोल के रख…. आज किताब दिवस पर डबवाली की प्रमुख सामाजिक संस्थ…