Home News Point ਪੇਂਡੂ ਅਧਿਆਪਕ ਦਾ ਆਤਮ ਸੰਘਰਸ਼

ਪੇਂਡੂ ਅਧਿਆਪਕ ਦਾ ਆਤਮ ਸੰਘਰਸ਼

2 second read
0
0
192

ਪਿਛਲੇ 27-28 ਵਰਿਆਂ ਤੋਂ ਅਧਿਆਪਨ ਕਿਤੇ ‘ਚ ਹਾਂ,ਮੁੱਢ ਤੋਂ ਪੇਂਡੂ ਸਰਕਾਰੀ ਸਕੂਲਾਂ ‘ਚ ਹੀ ਪੜਾਇਆ ਹੈ।
ਹੁਣ ਤੱਕ ਦੇ ਤਜ਼ਰਬੇ ਨੂੰ ਇਸ ਲੇਖ ਵਿੱਚ ਲਿਖਣ ਦਾ ਯਤਨ ਕੀਤਾ ਹੈ….

ਅਧਿਆਪਨ ਕਿੱਤਾ ਆਪਣੇ ਆਪ ‘ਚ ਬਹੁਤ ਹੀ ਪਾਕ ਕਿੱਤਾ ਹੈ। ਇਹ ਸਿਰਫ ਰੁਜ਼ਗਾਰ ਦਾ
ਸਾਧਨ ਨਾ ਹੋ ਕੇ ਡੂੰਘੀ ਸਮਝ, ਸੰਜੀਦਗੀ ਅਤੇ ਜ਼ਿੰਮੇਵਾਰੀ ਵਾਲਾ ਕੰਮ ਹੈ। ਅਧਿਆਪਕ ਹੋਣ
ਦੀ ਪਹਿਲੀ ਸ਼ਰਤ ਸਿਰਜਣਸ਼ੀਲ ਹੋਣਾ ਵੀ ਹੁੰਦੀ ਹੈ। ਸਿਰਜਣਸ਼ੀਲ ਇਸ ਲਈ ਕਿ ਉਸ ਦੇ
ਹੱਥਾਂ ਨੇ ਆਉਣ ਵਾਲ਼ੀਆਂ ਨਸਲਾਂ ਦਾ ਭਵਿੱਖ ਤਾਮੀਰ ਕਰਨਾ ਹੁੰਦਾ ਹੈ। ਅਧਿਆਪਕ ਇਕੋ ਸਮੇਂ
ਅਧਿਆਪਕ ਹੋਣ ਦੇ ਨਾਲ਼ ਨਾਲ਼
ਕਲਾਕਾਰ,ਕੌਂਸਲਰ,ਮੈਜੀਸ਼ੀਅਨ,ਹਿਪਨੋਟਿਸਟ,ਪੇਅਰੰਟ,ਗਾਈਡ ਅਤੇ ਕੋਚ ਵੀ ਹੁੰਦਾ ਹੈ।
ਅਧਿਆਪਕ ਦੁਆਰਾ ਜਮਾਤ ਕਮਰੇ ‘ਚ ਕੀਤੀ ਮਿਹਨਤ ਬੱਚੇ ਵਿੱਚ ਦੀ,ਉਸਦੇ ਵਿਦਿਆਰਥੀ
ਵਿੱਚ ਦੀ ਪ੍ਰਤੀਬਿੰਬਤ ਹੋ ਕੇ ਦਿਸਣੀ ਹੁੰਦੀ ਹੈ।ਇਸ ਲਈ ਇਹ ਕਾਰਜ ਬਹੁਤ ਹੀ ਚੁਣੌਤੀ
ਭਰਪੂਰ ਹੈ ਅਤੇ ਨਿਸ਼ਠਾ ਤੇ ਗੰਭੀਰਤਾ ਦੀ ਮੰਗ ਕਰਦਾ ਹੈ।ਇਕ ਕਾਬਲ ਸੰਗਤਰਾਸ਼ ਦੀ ਤਰਾਂ ਹੀ
ਅਧਿਆਪਕ ਇਕ ਅਣਘੜ ਪੱਥਰ ਵਿੱਚੋਂ ਆਕਰਸ਼ਕ ਮੂਰਤੀ ਤਰਾਸ਼ ਲੈੰਦਾ ਹੈ।
ਅਜੋਕੇ ਸਮੇਂ ਵਿੱਚ ਮਨੁੱਖ ਨੂੰ ਹਰ ਰੋਜ਼ ਨਵੀਂਆਂ ਸਮੱਸਿਆਵਾਂ, ਨਵੀਆਂ ਚੁਣੌਤੀਆਂ ਦਾ
ਸਾਹਮਣਾ ਕਰਨਾ ਪੈ ਰਿਹਾ ਹੈ।ਅੱਜ ਇਥੇ ਸਾਡੀ ਗੱਲਬਾਤ ਦਾ ਵਿਸ਼ਾ ਕਿਉਂਕਿ ਪੇਂਡੂ ਅਧਿਆਪਕ
ਦੇ ਆਤਮ ਸੰਘਰਸ਼ ਬਾਰੇ ਹੈ ਇਸ ਲਈ ਮੈਂ ਪੇਂਡੂ ਰਹਿਤਲ ਨੂੰ ਅਧਾਰ ਬਣਾ ਕੇ ਇਸ ਬਾਰੇ ਗੱਲ
ਅੱਗੇ ਤੋਰਾਂਗਾ । ਪਿੰਡ ਕਦੇ ਵੀ ਸਰਕਾਰਾਂ ਦੀ ਪਹਿਲ ਨਹੀਂ ਰਹੇ। ਛੋਟੇ ਹੁੰਦਿਆਂ ਸੁਨਣਾ ਕਿ
ਸ਼ਹਿਰਾਂ ‘ਚ ਬੱਤੀ(ਬਿਜ਼ਲੀ) ਬਹਤ ਘੱਟ ਜਾਂਦੀ ਹੈ।ਪਰ ਇਧਰ ਸਾਡੇ ਪਿੰਡ ‘ਚ 12-12 ਘੰਟੇ ਲੰਬੇ
ਕੱਟ ਲੱਗਣੇ। ਕਈ ਵਾਰ ਕਈ ਕਈ ਦਿਨ ਬਿਜ਼ਲੀ ਨਾ ਆਉਣੀ ਜਾਂ ਦਿਨ ਰਾਤ ਦੀਆਂ ਵਾਰੀਆਂ
ਅਨੁਸਾਰ ਆਉਣੀ। ਅਸੀਂ ਇਹ ਸੋਚਣ ਤੇ ਮਜ਼ਬੂਰ ਹੋ ਜਾਣਾ ਕਿ ਸਰਕਾਰ ਪਿੰਡਾ ‘ਚ ਰਹਿੰਦਿਆਂ
ਲੋਕਾਂ ਨੂੰ ਇਨਸਾਨ ਨਹੀਂ ਸਮਝਦੀ ਜਾਂ ਸ਼ਾਇਦ ਦੂਜੇ ਦਰਜੇ ਦੇ ਨਾਗਰਿਕ ਸਮਝਦੀ ਹੈ ਜਿੰਨਾਂ ਨੂੰ
ਕਿਸੇ ਸਹੂਲਤ ਦੀ ਲੋੜ ਨਹੀਂ। ਹੁਣ ਹੌਲ਼ੀ ਹੌਲ਼ੀ ਪਿੰਡਾਂ ਤੇ ਸ਼ਹਿਰਾਂ ਵਿਚਲਾ ਫਾਸਲਾ ਘੱਟ ਰਿਹਾ
ਹੈ ਪਰ ਹਾਲੇ ਵੀ ਬਹੁਤ ਸਾਰੇ ਪਿੰਡਾਂ ‘ਚ ਬੁਨਿਆਦੀ ਸਹੂਲਤਾਂ ਦੀ ਪਹੁੰਚ ਨਹੀਂ ਹੋ ਸਕੀ ਹੈ।
ਜੇਕਰ ਅਸੀਂ ਪਿੰਡਾਂ ਦੇ ਸਕੂਲਾਂ ‘ਚ ਪੜਾਉਂਦੇ ਅਧਿਆਪਕਾਂ ਦੀ ਗੱਲ ਕਰੀਏ ਤਾਂ ਕੋਈ ਵੀ
ਅਧਿਆਪਕ ਆਪਣੇ ਕਿੱਤੇ ਨੂੰ ਆਪਣਾ ਸ਼ਤ ਪ੍ਰਤੀਸ਼ਤ ਤਦ ਹੀ ਦੇ ਸਕਦਾ ਹੈ ਜੇਕਰ ਉਸਨੂੰ
ਸਕੂਲ ‘ਚ ਉਸਾਰੂ ਤੇ ਸਾਰਥਿਕ ਅਕਾਦਮਿਕ ਵਾਤਾਵਰਣ ਮਿਲਦਾ ਹੈ। ਬੇਸ਼ਕ ਬੀਤੇ ਵਰ੍ਹਿਆਂ ‘ਚ
ਸਰਕਾਰ ਨੇ ਸਕੂਲ਼ਾਂ ਦੀਆਂ ਇਮਾਰਤਾਂ ਤੇ ਬੜਾ ਜ਼ੋਰ ਲਾਇਆ ਹੈ,ਸਮਾਰਟ ਸਕੂਲ਼ਾਂ ਦੇ ਬੈਨਰ ਹੇਠ
ਰੰਗ ਬਿਰੰਗੀਆਂ ਤਸਵੀਰਾਂ ਨਾਲ਼ ਸਕੂਲ਼ਾਂ ਦੀਆਂ ਕੰਧਾਂ,ਥਮਲੇ ਤੇ ਵਰਾਂਡੇ ਭਰ ਦਿੱਤੇ ਹਨ। ਪਰ
ਇਹ ਸਿਰਫ ਬਾਹਰੀ ਲਿੱਪਾ ਪੋਚੀ ਤੋਂ ਵੱਧ ਕੇ ਕੁਝ ਵੀ ਨਹੀਂ। ਅੰਦਰੂਨੀ ਹਾਲਾਤ ਬਿੱਲਕੁੱਲ ਭਿੰਨ
ਹਨ। ਬੱਚੇ ਦੇ ਸਰਬ ਪੱਖੀ ਵਿਕਾਸ ਨੂੰ ਅੱਖੋਂ ਪਰੋਖੇ ਕਰ ਸਿਰਫ ਅੰਕੜਿਆਂ ਦੀ ਖੇਡ ਖੇਡੀ ਜਾ
ਰਹੀ ਹੈ।
ਸਾਰੀ ਦੁਨੀਆਂ ਪਿਛਲੇ ਲੱਗਪੱਗ ਤਿੰਨ ਵਰ੍ਹਿਆਂ ਤੋਂ ਭਿਅਨਕ ਮਹਾਂਮਾਰੀ ਨਾਲ਼ ਜੂਝ ਰਹੀ
ਹੈ।ਇਸਦਾ ਪ੍ਰਭਾਵ ਸਾਡੀ ਵਿਦਿਅਕ ਪ੍ਰਣਾਲੀ ਤੇ ਵੀ ਪਿਆ ਹੈ। ਲੰਬਾ ਸਮਾਂ ਸਕੂਲ਼ ਬੰਦ ਰਹਿਣ
ਕਰਕੇ ਆਨਲਾਈਨ ਸਿਖਿਆ ਇਕ ਬਦਲ ਵਜੋਂ ਸ਼ੁਰੂ ਹੋਈ। ਆਨਲਾਈਨ ਸਿਖਿਆ ਕਰਕੇ ਪੇਂਡੂ
ਵਿਦਿਆਰਥੀਆਂ ਦੀ ਰਸਾਈ ਉਹਨਾਂ ਦੇ ਮਾਪਿਆਂ ਦੇ ਸੈਲ ਫੋਨਾਂ ਤੱਕ ਹੋ ਗਈ ਹੈ,ਕੁਝ ਇਕ
ਸਰਦੇ ਵਰਦਿਆਂ ਨੇ ਬੱਚਿਆਂ ਨੂੰ ਨਿੱਜੀ ਫੋਨ ਵੀ ਲੈ ਦਿੱਤੇ ਹਨ। ਜਿਨ੍ਹਾ ਵਿਦਿਆਰਥੀਆਂ ਨੂੰ
ਅਧਿਆਪਕ ਮੋਬਾਈਲ ਫੋਨ ਦੇ ਮਾੜੇ ਅਸਰ ਕਾਰਨ ਦੇਖਣ, ਵਰਤਣ ਤੋਂ ਵਰਜਦੇ ਸਨ ਹੁਣ
ਉਹਨਾਂ ਨੂੰ ਵਿਭਾਗੀ ਆਦੇਸ਼ਾਂ ਕਾਰਨ ਫੋਨ ਤੋਂ ਦੇਖ ਕੇ ਕੰਮ ਕਰਨ ਵਾਸਤੇ ਕਹਿਣਾ ਪੈ ਰਿਹਾ ਹੈ।
ਕੁਝ ਇਕ ਸੁਹਿਰਦ ਵਿਦਿਆਰਥੀਆਂ ਨੇ ਲੌਕ ਡਾਊਨ ਦੌਰਾਨ ਇਸਦੀ ਸਹੀ ਵਰਤੋਂ ਕੀਤੀ ਪਰ
ਬਹੁ ਗਿਣਤੀ ਨੇ ਇਸਨੂੰ ਪੱਬਜੀ ਵਰਗੀਆਂ ਗੇਮਾਂ,ਬੇਲੋੜੀ ਚੈਟਿੰਗ ਤੇ ਪੋਰਨ ਸਾਈਟਸ ਦੇਖਣ
ਲਈ ਵਰਤਿਆ। ਮਾਪੇ, ਅਧਿਆਪਕ ਚਾਹੁੰਦੇ ਹੋਏ ਵੀ ਕੁਝ ਨਾ ਕਰ ਸਕੇ। ਦੂਜੇ ਪਾਸੇ ਸਰਕਾਰਾਂ
ਨੇ ਧੜਾਧੜ ਐਪਾਂ,ਸਾਈਟਾਂ ਲਾਂਚ ਕਰ ਦਿਤੀਆਂ ਅਤੇ ਵਿਦਿਅਕ ਅਮਲ ਵਿੱਚੋਂ ਅਧਿਆਪਕ
ਨੂੰ(ਜੋ ਕਿ ਵਿਦਿਅਕ ਅਮਲ ਦੀ ਬੇਹੱਦ ਮਹੱਤਵਪੂਰਨ ਕੜੀ ਹੈ) ਮਨਫੀ ਕਰ ਦਿਤਾ।ਸਿਖਿਆ
ਸ਼ਾਸ਼ਤਰੀਆਂ ਅਨੁਸਾਰ ਆਨਲਾਈਨ ਸਿਖਿਆ ਕਦੇ ਵੀ ਕਲਾਸ ਰੂਮ ਸਿਖਿਆ ਦਾ ਬਦਲ ਨਹੀਂ
ਹੋ ਸਕਦੀ। ਅਧਿਆਪਕ ਨੇ ਚਾਕ ਅਤੇ ਡਸਟਰ ਦੀ ਸਹਾਇਤਾ ਨਾਲ਼ ਕਿਤਾਬੀ ਗਿਆਨ ਹੀ ਨਹੀਂ
ਸਗੋਂ ਬੱਚਿਆਂ ਦੇ ਰੂ-ਬਰੂ ਹੋ ਵਿਹਾਰਕ ਗਿਆਨ ਵੀ ਦੇਣਾ ਹੁੰਦਾ ਹੈ। ਵਿਦਿਆਰਥੀ ਅਧਿਆਪਕ
ਨੂੰ ਦੇਖ ਕੇ, ਸੁਣ ਕੇ ਉਸ ਤੋਂ ਬੜਾ ਕੁਝ ਸਿੱਖਦਾ ਹੈ ਹਰ ਪਲ ਸਿੱਖਦਾ ਹੈ ।ਆਉਣ ਵਾਲੇ ਸਮੇਂ
ਵਿੱਚ ਜਦੋਂ ਸਰਕਾਰਾਂ ਜਨਤਕ ਅਦਾਰਿਆਂ ਚੋਂ ਲਗਾਤਾਰ ਆਪਣਾ ਹੱਥ ਖਿੱਚ ਰਹੀਆਂ ਹਨ ਤਾਂ
ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ ਕਿ ਅਧਿਆਪਕ ਨੂੰ ਘਰ ਨੂੰ ਹੀ ਤੋਰ ਦਿਤਾ ਜਾਵੇ ਅਤੇ
ਸਮੁੱਚੀ ਸਿਖਿਆ ਤਕਨਾਲੋਜੀ ਦੇ ਹਵਾਲੇ ਕਰ ਕੰਪਨੀਆਂ ਤੋਂ ਮੋਟੇ ਮੋਟੇ ਗੱਫੇ ਹਾਸਿਲ ਕਰ ਲਏ
ਜਾਣ। ਅਜਿਹੇ ਭਾਵਨਾਤਮਿਕ,ਆਰਥਿਕ ਅਸੁਰੱਖਿਆ ਵਾਲੇ ਮਾਹੌਲ ‘ਚ ਕੰਮ ਕਰ ਰਿਹਾ
ਅਧਿਆਪਕ ਕਿਵੇਂ ਵਿਦਿਆਰਥੀਆਂ ਨੂੰ ਦਿਆਨਤਦਾਰੀ ਤੇ ਪੂਰਨ ਸਮਰੱਥਾ ਨਾਲ਼ ਪੜਾ ਸਕੇਗਾ
ਇਹ ਇਕ ਬਹੁਤ ਵੱਡਾ ਸਵਾਲ ਹੈ।
ਇਕ ਸਮਾਂ ਸੀ ਜਦ ਵਿਦਿਆਰਥੀਆਂ ਦੇ ਮਨਾਂ ਵਿੱਚ ਅਧਿਆਪਕਾਂ ਦਾ ਅਥਾਹ
ਸਤਿਕਾਰ ਸੀ। ਗੁਰੂ ਚੇਲੇ ਦਾ ਇਹ ਪਵਿੱਤਰ ਰਿਸ਼ਤਾ ਹੁਣ ਮਲੀਨ ਹੋ ਚੁਕਿਆ ਹੈ। ਵਿਦਿਆਰਥੀ
ਦੇ ਮਨ ਵਿੱਚ ਹੁਣ ਅਧਿਆਪਕ ਦਾ ਕੋਈ ਡਰ ਨਹੀਂ ਰਿਹਾ,ਸਤਿਕਾਰ ਨਹੀਂ ਰਿਹਾ। ਇਸ ਰਿਸ਼ਤੇ
ਵਿੱਚ ਐਨੀ ਬੇਯਕੀਨੀ ਆਉਣ ਦੇ ਕਈ ਸਮਾਜਿਕ, ਆਰਥਿਕ ਅਤੇ ਰਾਜਨੀਤਕ ਕਾਰਨ ਹੋ
ਸਕਦੇ ਹਨ। ਸਿਖਿਆ ਵਿਭਾਗ ਵੱਲੋਂ ਆਏ ਦਿਨ ਜਾਰੀ ਹੋਣ ਵਾਲ਼ੇ ਨਾਦਰਸ਼ਾਹੀ ਫੁਰਮਾਨਾਂ ਨੇ
ਇਸ ਰਿਸ਼ਤੇ ਦੀ ਡੋਰ ਨੂੰ ਕਮਜ਼ੋਰ ਹੀ ਕੀਤਾ ਹੈ। ਵਿਭਾਗੀ ਆਦੇਸ਼ਾਂ ਅਨੁਸਾਰ ਵਿਦਿਆਰਥੀ ਭਾਵੇਂ
ਸਕੂਲ ਆਵੇ ਜਾਂ ਨਾ ਆਵੇ, ਇਕ ਵਾਰ ਦਾਖਲ ਹੋ ਚੁਕੇ ਵਿਦਿਆਰਥੀ ਦਾ ਤੁਸੀਂ ਨਾਮ ਨਹੀਂ ਕੱਟ
ਸਕਦੇ। ਵਿਦਿਆਰਥੀ ਅਧਿਆਪਕ ਦੁਆਰਾ ਦਿਤਾ ਘਰ ਦਾ ਕੰਮ ਕਰੇ ਜਾਂ ਨਾ ਕਰੇ ਤੁਸੀਂ ਉਸਨੂੰ
ਘੂਰ ਤਕ ਨਹੀਂ ਸਕਦੇ। ਨਲਾਇਕ ਅਤੇ ਬਿਲਕੁੱਲ ਨਾ ਪੜਨ ਵਾਲ਼ੇ ਤੇ ਲਗਾਤਾਰ ਗੈਰਹਾਜ਼ਰ
ਰਹਿਣ ਵਾਲ਼ੇ ਵਿਦਿਆਰਥੀ ਨੂੰ ਵੀ ਪਾਸ ਕਰਨਾ ਹੀ ਕਰਨਾ ਹੈ। ਦਾਖਲੇ ਵਧਾਉਣ ਦੇ ਨਾਅਰੇ
ਹੇਠ ਹਰ ਤਰਾਂ ਦੇ ਨਾਕਾਬਿਲ ਬੱਚਿਆਂ ਨੂੰ ਦਾਖਲ ਕਰਨ ਲਈ ਅਧਿਆਪਕ ਮਜ਼ਬੂਰ ਹੈ। ਹੁਣ
ਵਿਦਿਆਰਥੀਆਂ ਨੂੰ ਵੀ ਇਹ ਭਲੀ ਭਾਂਤ ਗਿਆਨ ਹੋ ਚੁੱਕਾ ਹੈ ਕਿ ਮੈਂ ਪੜਾਂ ਜਾਂ ਨਾ ਪੜਾਂ ਫੇਲ ਨੀ
ਹੋ ਸਕਦਾ, ਅਧਿਆਪਕ ਮੈਂਨੂੰ ਘੂਰ ਕੇ ਪੜਨ ਲਈ ਨਹੀਂ ਕਹਿ ਸਕਦਾ, ਮੈਂਨੂੰ ਸਕੂਲ ਹਾਜ਼ਰ
ਰਹਿਣ ਲਈ ਮਜ਼ਬੂਰ ਨਹੀਂ ਕਰ ਸਕਦਾ |ਇਸ ਸਭ ਦਾ ਨਤੀਜਾ ਇਹ ਹੋਇਆ ਕਿ
ਵਿਦਿਆਰਥੀਆਂ ਦੇ ਜ਼ਹਿਨ ਵਿੱਚੋਂ ਅਧਿਆਪਕ ਦਾ ਡਰ ਨਿਕਲ਼ ਗਿਆ ਅਤੇ ਸਕੂਲ ਵਿੱਚ
ਅਧਿਆਪਕ ਦੀ ਸਥਿਤੀ ਹਾਸੋਹੀਣੀ ਹੋ ਗਈ। ਪੇਂਡੂ ਸਕੂਲਾਂ ‘ਚ ਪੜ ਰਹੇ ਵਿਦਿਆਰਥੀਆਂ ਦੇ
ਮਾਪੇ ਕਿਉਂਕਿ ਜ਼ਿਆਦਾਤਰ ਅਨਪੜ੍ਹ ਹਨ ਜਾਂ ਘੱਟ ਪੜ੍ਹੇ ਲਿਖੇ ਹਨ ਇਸ ਲਈ ਇਹਨਾਂ ਆਦੇਸ਼ਾਂ
ਦਾ ਸਭ ਤੋਂ ਵੱਧ ਮਾਰੂ ਅਸਰ ਉਹਨਾਂ ਤੇ ਹੋਇਆ ਹੈ।
ਪੇਂਡੂ ਅਧਿਆਪਕ ਨੂੰ ਸਭ ਤੋਂ ਵੱਧ ਸੰਘਰਸ਼ ਵਿਦਿਆਰਥੀਆਂ ਨੂੰ ਸਕੂਲ ਹਾਜ਼ਰ
ਕਰਾਉਣ ਵਾਸਤੇ ਕਰਨਾ ਪੈਂਦਾ ਹੈ। ਆਰਥਿਕ ਤੌਰ ਤੇ ਸ਼ਹਿਰਾਂ ਨਾਲ਼ੋਂ ਪਿਛੜੇ ਹੋਣ ਕਾਰਨ
ਬੱਚਿਆਂ ਨੂੰ ਮਾਪਿਆਂ ਨਾਲ਼ ਦਿਹਾੜੀ ਕਰਨ ਜਾਣਾ ਪੈਂਦਾ ਹੈ। ਪਿੰਡਾ ‘ਚ ਲੋਕਾਂ ਦਾ ਮੁੱਖ ਕਾਰੋਬਾਰ
ਖੇਤੀਬਾੜੀ ਹੋਣ ਕਾਰਨ ਕਦੇ ਝੋਨੇ, ਕਦੇ ਆਲੂਆਂ ਤੇ ਕਦੇ ਨਰਮੇਂ ਦਾ ਸੀਜ਼ਨ ਆਇਆ ਰਹਿੰਦਾ
ਹੈ। ਚਾਰ ਪੈਸੇ ਹੋਰ ਜੁੜਨ ਦੀ ਆਸ ਨਾਲ਼ ਮਾਪੇ ਬੱਚਿਆਂ ਨੂੰ ਵੀ ਨਾਲ ਤੋਰ ਲੈਂਦੇ ਹਨ ਅਤੇ
ਅਧਿਆਪਕ ਖੇਤਾਂ ਚੋਂ ਲੱਭ ਲੱਭ ਕੇ, ਘੇਰ ਘੇਰ ਕੇ ਵਿਦਿਆਰਥਆਂ ਨੂੰ ਸਕੂਲ ਲਿਆਉਂਦੇ ਹਨ।
ਇਸ ਤੋਂ ਇਲਾਵਾ ਇਕ ਇਕ ਪਿੰਡ ਵਿੱਚ ਸਾਧਾਂ ਦੇ ਚਾਰ ਚਾਰ ਡੇਰੇ ਹਨ ਅਤੇ ਸਾਲ ‘ਚ ਕਈ
ਕਈ ਬਰਸੀਆਂ ਹੁੰਦੀਆਂ ਹਨ। ਇਹਨਾਂ ਦਿਨਾਂ ‘ਚ ਵੀ ਬੱਚੇ ਸਕੂਲ ਚੋਂ ਨਦਾਰਦ ਹੀ ਰਹਿੰਦੇ
ਹਨ।ਇਸ ਤੋਂ ਇਲਾਵਾ ਡੇਰੇ ਵਾਲ਼ੇ ਸਾਧਾਂ ਵੱਲੋਂ ਫੈਲਾਇਆ ਗਿਆ ਅੰਧ ਵਿਸ਼ਵਾਸ਼ ਬੱਚਿਆਂ ਵਿੱਚ
ਵਿਗਿਆਨਕ ਸੋਚ ਉਤਪੰਨ ਨਹੀਂ ਹੋਣ ਦਿੰਦਾ। ਵਿਦਿਆਰਥੀ ਅਧਿਆਪਕ ਵੱਲੋਂ ਦਰਸਾਏ ਰਾਹ
ਤੇ ਤੁਰਨ ਦੀ ਬਜਾਏ ਡੇਰੇ ਦੇ ਧਾਗੇ ਤਵੀਤਾਂ ਵੱਲ ਜ਼ਿਆਦਾ ਰੁਚਿਤ ਹੋ ਜਾਂਦੇ ਹਨ। ਨਵੀਆਂ
ਨਵੀਆਂ ਐਪਾਂ, ਸਾਈਟਾਂ ਤੇ ਭਿੰਨ ਪ੍ਰਕਾਰ ਦੀਆਂ ਮੋਬਾਈਲ ਖੇਡਾਂ ਬਾਰੇ ਭਰਪੂਰ ਜਾਣਕਾਰੀ
ਰੱਖਣ ਵਾਲੀ ਨੌਜਵਾਨ ਪੀੜੀ ਨੂੰ ਸਮਾਜਿਕ ਸਾਰੋਕਾਰਾਂ ‘ਚ ਭੋਰਾ ਵੀ ਦਿਲਚਸਪੀ ਨਹੀਂ। ਵੱਡੀਆਂ
ਕੰਪਨੀਆਂ ਦੁਆਰਾ ਵੰਡੇ ਜਾ ਰਹੇ ਇਸ ਸਕਰੀਨ ਦੇ ਨਸ਼ੇ ‘ਚ ਮਦਹੋਸ਼ ਵਿਦਿਆਰਥੀ ਆਪਣੇ
ਆਉਣ ਵਾਲ਼ੇ ਭਵਿਖ ਦੀ ਅਨਿਸ਼ਚਤਤਾ ਬਾਰੇ ਬਿੱਲਕੁਲ ਹੀ ਬੇਖ਼ਬਰ ਹਨ। ਪੰਜਾਬ ਦੇ ਭਵਿਖ
ਦੀ ਤਸਵੀਰ ਬੇਹੱਦ ਧੁੰਦਲੀ ਦਿਸ ਰਹੀ ਹੈ ਤੇ ਅਧਿਆਪਕ ਬੇਹੱਦ ਮਜਬੂਰ ਨਜ਼ਰ ਆ ਰਿਹਾ ਹੈ।

ਜਿਵੇਂ ਪਹਿਲਾਂ ਹੀ ਲਿਖਿਆ ਹੈ ਕਿ ਟੀਚਰ ਦੇ ਸਿਰਜਣਸ਼ੀਲ ਹੱਥਾਂ ਨੇ ਹੀ ਭਵਿੱਖ
ਦੀ ਨੀਂਹ ਰੱਖਣੀ ਹੁੰਦੀ ਹੈ,ਇਸ ਲਈ ਅੱਜ ਜਿਸ ਸੰਕਟ ਦੇ ਰੂ-ਬਰੂ ਪੰਜਾਬ ਦੇ ਪਿੰਡ ਖੜ੍ਹੇ ਨੇ ਉਸ
ਵਿੱਚ ਅਧਿਆਪਕ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਅਧਿਆਪਕ ਨੂੰ ਆਪਣੇ ਗਿਆਨ ‘ਚ
ਲਗਾਤਾਰ ਵਾਧਾ ਕਰਨ ਲਈ ਪੜਨਾ ਪਵੇਗਾ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨਾ
ਹੋਵੇਗਾ ਕਿਉਂਕਿ ਤਰੱਕੀ ਦਾ ਰਸਤਾ ਕਿਤਾਬਾਂ ਵਿੱਚ ਦੀ ਹੋਕੇ ਹੀ ਜਾਂਦਾ ਹੈ। ਸਿਰਫ ਸਿਲੇਬਸ
ਦੀਆਂ ਹੀ ਕਿਤਾਬਾਂ ਨਹੀਂ ਸਗੋਂ ਉਸਾਰੂ ਤੇ ਸਾਰਥਿਕ ਸੇਧ ਦੇਣ ਵਾਲੀਆਂ ਕਿਤਾਬਾਂ ਪੜਨ ਲਈ
ਵਿਦਿਆਰਥੀਆਂ ਨੂੰ ਪ੍ਰੇਰਿਆ ਜਾਵੇ। ਸੋ ਆਉ ਅਧਿਆਪਕ ਦੋਸਤੋ ਪੇਸ਼ ਮੁਸ਼ਿਕਲਾਂ ਦੇ ਬਾਵਜੂਦ
ਆਪਣੀ ਜ਼ਿੰਮੇਵਾਰੀ ਸਮਝ ਟੀਚਿਆਂ ਦੀ ਪ੍ਰਾਪਤੀ ਵਾਸਤੇ ਯਤਨਸ਼ੀਲ ਹੋਈਏ।
ਪ੍ਰਭਜੋਤ ਸਿੰਘ ਸੋਹੀ
9876134028

Leave a Reply

Your email address will not be published. Required fields are marked *

Check Also

एपेक्स लेडीज क्लब का ‘पक्षी मित्र अभियान’ – संवेदनशील पहल

एपेक्स लेडीज क्लब का ‘पक्षी मित्र अभियान’ – संवेदनशील पहल भीषण गर्मी के इस दौर में, जब धरत…