ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿੱਚ ਜੌਬ ਕਰ ਰਿਹਾ ਹਾਂ।
ਸਾਹਿਤ ਸਭਾ ਜਗਰਾਓਂ ਵਿਚ ਜਨਰਲ ਸਕੱਤਰ ਦੇ ਅਹੁਦੇ ਤੇ ਸੇਵਾ ਨਿਭਾ ਰਿਹਾ ਹਾਂ । ਪੰਜਾਬੀ ਦੇ ਅਖਬਾਰਾਂ,ਮੈਗਜ਼ੀਨਾ ਵਿੱਚ ਰਚਨਾਵਾਂ ਛਪਦੀਆਂ ਰਹਿੰਦੀਆਂ ਹਨ।
ਛੇ ਸਾਂਝੇ ਕਾਵਿ ਸੰਗ੍ਰਹਿ ਛਪੇ ਨੇ ਜਿਨ੍ਹਾ ਵਿੱਚ ਗ਼ਜ਼ਲਾਂ ਸ਼ਾਮਿਲ ਹਨ। ਫੋਨ ਨੰਬਰ-9780300247
ਗ਼ਜ਼ਲ
ਨਹੀਂ ਹੁੰਦਾ ਮੇਰੇ ਦਿਲ ਤੋਂ, ਸਬਰ ਦਾ ਕੀ ਕਰੇ ਕੋਈ?
ਰਹੇ ਜੋ ਭਾਲ਼ਦੀ ਉਸਨੂੰ, ਨਜ਼ਰ ਦਾ ਕੀ ਕਰੇ ਕੋਈ?
ਮਿਲ਼ੇ ਮੰਜ਼ਿਲ ਮੁਸਾਫ਼ਿਰ ਨੂੰ ਤਦੇ ਤੁਰਨਾ ਮੁਨਾਸਿਬ ਹੈ,
ਰਹੇ ਜੇ ਭਟਕਦਾ ਤਾਂ ਫਿਰ ਡਗਰ ਦਾ ਕੀ ਕਰੇ ਕੋਈ।
ਮੈਂ ਜਾਂਦਾ ਹਾਂ ਮਿਲਣ ਉਸਨੂੰ ਮਗਰ ਮਾਯੂਸ ਮੁੜਦਾ ਹਾਂ,
ਕਲਾਵੇ ਵਿੱਚ ਨਹੀਂ ਲੈਂਦਾ, ਨਗਰ ਦਾ ਕੀ ਕਰੇ ਕੋਈ।
ਉਦ੍ਹਾ ਟੁੱਟਣਾ ਯਕੀਨੀ ਹੈ, ਜੋ ਫਲ਼-ਫੁੱਲ ਦੀ ਭਰੀ ਹੋ ਕੇ,
ਝੁਕੇ ਨਾ ਫੇਰ ਵੀ ਤਾਂ ਉਸ ਲਗਰ ਦਾ ਕੀ ਕਰੇ ਕੋਈ?
ਮੁਸਲਸਲ ਹੀ ਰਿਹਾਂ ਤੁਰਦਾ ਲਮੇਰੇ ਪੈਂਡਿਆਂ ਉੱਤੇ,
ਨਹੀਂ ਮੁੱਕਦਾ ਕਿਤੇ, ਐਸੇ ਸਫ਼ਰ ਦਾ ਕੀ ਕਰੇ ਕੋਈ?।
ਮੇਰੀ ਹਰ ਸ਼ਾਮ ਬਿਰਹਣ ਹੈ ਉਦਾਸੀ ਹੈ ਉਦ੍ਹੇ ਬਾਝੋਂ,
ਉਦ੍ਹੇ ਬਿਨ ਬੀਤਦੀ ਹੈ ਜੋ ਫ਼ਜ਼ਰ ਦਾ ਕੀ ਕਰੇ ਕੋਈ?
ਉਦ੍ਹੇ ਮੁਖੜੇ ਦੀ ਲਾਲੀ ਜਾਪਦੀ ਹੈ ਉਫ਼ਕ ਦੀ ਰੰਗਤ,
ਜਦੋਂ ਉਹ ਕੋਲ਼ ਨਾ ਹੋਵੇ, ਸਹਰ ਦਾ ਕੀ ਕਰੇ ਕੋਈ?।
ਰਹੇਗਾ ਭਟਕਦਾ ਥਾਂ-ਥਾਂ ਕਦੇ ਇੱਕ ਦਾ ਨਹੀਂ ਬਣਦਾ,
ਅਜ਼ਲ ਤੋਂ ਬੇਵਫ਼ਾ ਹੈ ਇਹ, ਭਵਰ ਦਾ ਕੀ ਕਰੇ ਕੋਈ?
ਰਹੇ ਅਹਿਸਾਸ ਨਾ ਜਿਸਦੇ, ਮਰੀ ਸੰਵੇਦਨਾ ਜਿਸ ‘ਚੋਂ,
ਕਹੋ ਹੁਣ “ਤੂਰ” ਕਿ ਐਸੇ ਬਸ਼ਰ ਦਾ ਕੀ ਕਰੇ ਕੋਈ?।
*************************************
ਮੁਸ਼ਕਿਲਾਂ ਵਿੱਚ ਵੀ ਅਸੀਂ ਤਾਂ ਮੁਸਕਰਾਉਣਾ ਜਾਣਦੇ ਹਾਂ ।
ਦਰਦ ਦਿਲ ਦਾ ਦਿਲ ਦੇ ਅੰਦਰ ਹੀ ਦਬਾਉਣਾ ਜਾਣਦੇ ਹਾਂ ।
ਜ਼ਿੰਦਗੀ ਨੂੰ ਜੀਣ ਦੀ ਵੀ ਜਾਚ ਆਉਂਦੀ ਹੈ ਅਸਾਨੂੰ
ਮੌਤ ਰਾਣੀ ਨਾਲ਼ ਵੀ ਅੱਖਾਂ ਮਿਲਾਉਣਾ ਜਾਣਦੇ ਹਾਂ ।
ਨਾ ਮਿਟਾਇਆਂ ਮਿਟ ਸਕੇਗੀ ਹੋਂਦ ਸਾਡੀ ਦੁਸ਼ਮਣਾਂ ਤੋਂ,
ਕੂਕਨਸ ਹਾਂ ਰਾਖ ਵਿੱਚੋਂ ਫਿਰ ਜਿਉਣਾ ਜਾਣਦੇ ਹਾਂ ।
ਹੈ ਪਹਾੜਾਂ ਨਾਲ਼ ਮੱਥਾਂ ਲਾਉਣ ਦਾ ਇਤਿਹਾਸ ਸਾਡਾ,
ਚੋਟੀਆਂ ਨੂੰ ਆਪਣੇ ਪੈਰੀਂ ਝੁਕਾਉਣਾ ਜਾਣਦੇ ਹਾਂ ।
ਸਿਰ ਝੁਕਾ ਕੇ ਜੀਣ ਦੀ ਆਦਤ ਨਹੀਂ ਹੈ ਦੋਸਤੋ,
ਸੀਸ ਅਪਣੇ ਨੂੰ ਤਲ਼ੀ ਉੱਪਰ ਟਿਕਾਉਣਾ ਜਾਣਦੇ ਹਾਂ ।
ਜਾਨ ਨਾਲ਼ੋਂ ਵੀ ਵਧੇਰੇ ਪਿਆਰ ਕੀਤੈ ਦੇਸ਼ ਨੂੰ,
ਦੇਸ਼ ਲੇਖੇ ਜ਼ਿੰਦਗੀ ਆਪਣੀ ਲਗਾਉਣਾ ਜਾਣਦੇ ਹਾਂ ।
***********************************
ਵੇਖ ਹਿਮਾਕਤ ਹਾਕਮ ਦੀ ਉਹ ਹੁਣ ਐਸਾ ਐਲਾਨ ਕਰੇਗਾ।
ਸਾਡੇ ਘਰ ‘ਤੇ ਕਬਜ਼ਾ ਕਰਕੇ ਸਾਨੂੰ ਹੀ ਮਹਿਮਾਨ ਕਰੇਗਾ।
ਜੋ ਫੁੱਲਾਂ ਦੀ ਰਾਖੀ ਖਾਤਿਰ ਆਪ ਬਿਠਾਇਆ ਸੀ ਆਪਾਂ,
ਚਿਤ ਚੇਤੇ ਵੀ ਨਹੀਂ ਸੀ ਮਾਲੀ ਬਾਗੀਚੀ ਸ਼ਮਸ਼ਾਨ ਕਰੇਗਾ।
ਰੋਜ਼ ਡਰਾਉਂਨੈ, ਖ਼ੌਫ਼ ਵਿਖਾਉਨੈ,ਤੇਜ਼ ਹਨੇਰੀ ਦਾ ਤੂੰ ਕਿਸਨੂੰ,
ਜਿਸ ਦੇ ਦਿਲ ਵਿੱਚ ਅੱਗ ਬਲਣ ਦੀ ਉਸਨੂੰ ਕੀ ਤੁਫਾਨ ਕਰੇਗਾ।
ਸਮਝ ਲਵੋ ਜੇ ਸਮਝ ਸਕੋ ਤਾਂ ਇਸ ਦੇ ਵਿਚਲੀ ਸ਼ੈਤਾਨੀ ਨੂੰ,
“ਮੈਂ ਜੋਗੀ ਹਾਂ” ਜਦ ਕੋਈ ਨੇਤਾ ਐਦਾਂ ਦਾ ਐਲਾਨ ਕਰੇਗਾ।
ਲੁੱਟੀ ਜਾਂਦੀ ਧਿਰ ਦੇ ਹੱਕ ਵਿੱਚ ਕਵਿਤਾ ਕਦ ਆਵਾਜ਼ ਬਣੇਗੀ,
ਹਾਕਮ ਦੇ ਗੁਣ ਗਾਉਂਦਾ ਲਾਣਾ ਕਾਨੀ ਕਦ ਕਿਰਪਾਨ ਕਰੇਗਾ।
ਮੈਂ ਕੀ ਖਾਵਾਂ,ਮੈਂ ਕੀ ਪੀਵਾਂ,ਮੈਂ ਕੀ ਬੋਲਾਂ, ਮੇਰੀ ਮਰਜ਼ੀ,
ਮੇਰੇ ਉੱਪਰ ਆਪਣੀ ਮਰਜ਼ੀ ਕਿਉਂ ਕੋਈ ਸੁਲਤਾਨ ਕਰੇਗਾ।
ਖ਼ੌਫ਼ਜ਼ਦਾ ਖ਼ਲਕਤ ਨੂੰ ਕਰਕੇ ਆਪਣੇ ਮਨ ਵਿੱਚ ਇਹ ਨਾ ਸੋਚੇ,
ਬੋਲਣ ਵਾਲ਼ੇ ਲੋਕਾਂ ਦੀ ਉਹ ਐਦਾਂ ਬੰਦ ਜ਼ੁਬਾਨ ਕਰੇਗਾ।
***********************************
ਕੁਝ ਸ਼ਿਅਰ
ਉਸ ਨੂੰ ਅਪਣਾ ਹਾਲ ਸੁਣਾ ਕੇ, ਜਗਤ ਤਮਾਸ਼ਾ ਬਣ ਬੈਠਾ,
ਅੰਦਰ ਵੜ੍ਹ ਕੇ, ਕੱਲ੍ਹਾ ਬਹਿ ਕੇ, ਰੋ ਲੈਂਦਾ ਤਾਂ ਚੰਗਾ ਸੀ।
ਅਪਣੇ ਗ਼ਮ ਦਾ ਉਸ ਦੇ ਅੱਗੇ, ਐਵੇਂ ਕਰ ਇਜ਼ਹਾਰ ਲਿਆ,
ਅਪਣੇ ਅੰਦਰ ਅਪਣਾ ਦਰਦ, ਲੁਕੋ ਲੈਂਦਾ ਤਾਂ ਚੰਗਾ ਸੀ ।
ਉਸਨੂੰ ਅਪਣੇ ਜ਼ਖ਼ਮ ਵਿਖਾ ਕੇ, ਪੀੜ ਵਧਾਈ ਹੋਰ ਸਗੋਂ,
ਆਪੇ ਅਪਣੇ ਹੰਝੂਆਂ ਦੇ ਸੰਗ, ਧੋ ਲੈਂਦਾ ਤਾਂ ਚੰਗਾ ਸੀ ।
ਐਵੇਂ ਕਾਗਜ਼ ਕਾਲ਼ੇ ਕੀਤੇ, ਦਿਲ ਦਾ ਦਰਦ ਨਾ ਕਹਿ ਹੋਇਆ,
“ਤੂਰ” ਲਹੂ ਵਿੱਚ ਅਪਣੀ ਕਲਮ, ਡੁਬੋ ਲੈਂਦਾ ਤਾਂ ਚੰਗਾ ਸੀ ।
*************************************
ਅਪਣੇ ਹਿੱਸੇ ਦੀ ਧਰਤੀ , ਮੈਂ ਅਪਣਾ ਅੰਬਰ ਭਾਲ਼ ਰਿਹਾਂ ।
ਬੇਤਰਤੀਬੇ ਜੀਵਨ ਵਿੱਚੋਂ, ਕੁਝ ਪਲ ਬਿਹਤਰ ਭਾਲ਼ ਰਿਹਾਂ ।
ਰਾਮ,ਮੁਹੰਮਦ,ਨਾਨਕ,ਈਸਾ, ਜਿਸ ਥਾਂ ਸਾਰੇ ਮਿਲ਼ ਜਾਵਣ,
ਐਸੀ ਮਸਜਿਦ ਭਾਲ਼ ਰਿਹਾਂ, ਮੈਂ ਐਸਾ ਮੰਦਰ ਭਾਲ਼ ਰਿਹਾਂ ।
ਦੇਸ਼ ਮੇਰੇ ਦੇ ਦਰਿਆਵਾਂ ਦਾ, ਮੰਥਨ ਕਰ ਵਿਸ਼ ਪੀ ਜਾਵੇ,
ਪਾਕ-ਪਵਿੱਤਰ ਜਲ ਖ਼ਾਤਿਰ, ਮੈਂ ਕੋਈ ਸ਼ੰਕਰ ਭਾਲ਼ ਰਿਹਾਂ ।
ਲੋਕਾਂ ਦਾ ਹੀ, ਲੋਕਾਂ ਵੱਲੋਂ, ਲੋਕਾਂ ਖ਼ਾਤਿਰ ਹੋਵੇ ਜੋ,
ਪਿਛਲੇ ਕਈਆਂ ਸਾਲਾਂ ਤੋਂ ਹੀ, ਮੈਂ ਉਹ ਤੰਤਰ ਭਾਲ਼ ਰਿਹਾਂ ।
ਮੇਰੇ ਦਿਲ ਦਾ ਦਰਦ ਗ਼ਜ਼ਲ ਦੇ ਸ਼ਿਅਰਾਂ ਦੇ ਵਿੱਚ ਢਲ਼ ਜਾਵੇ,
ਮੈਂ ਕੁਝ ਸ਼ਬਦ ਤਲਾਸ਼ ਰਿਹਾਂ ਵਾਂ ਮੈਂ ਕੁਝ ਅੱਖਰ ਭਾਲ਼ ਰਿਹਾਂ।
************************************
ਗ਼ਜ਼ਲ
ਰਾਖਿਆਂ ਦੇ ਭੇਸ ਵਿੱਚ ਨੇ ਕਾਤਿਲਾਂ ਦਾ ਕੀ ਕਰਾਂ।
ਜੋ ਲੁਟੇਰੇ ਹੋ ਗਏ ਨੇ ਰਹਿਬਰਾਂ ਦਾ ਕੀ ਕਰਾਂ ।
ਖੋਖਲ਼ੇ ਕਿਰਦਾਰ ਹੀਣੇ ਲੀਡਰਾਂ ਦਾ ਕੀ ਕਰਾਂ।
ਮੁਜਰਿਮਾਂ ਦੇ ਨਾਲ਼ ਰਲ ਗਏ ਮੁਨਸਿਫ਼ਾਂ ਦਾ ਕੀ ਕਰਾਂ।
ਆਪਣੇ ਹੀ ਆਪ ਵਲ਼ੀਆਂ ਵਲਗਣਾਂ ਦਾ ਕੀ ਕਰਾਂ।
ਜੋ ਮੇਰੇ ਤੋਂ ਸੁਲ਼ਝੀਆਂ ਨਾ ਉਲਝਣਾਂ ਦਾ ਕੀ ਕਰਾਂ।
ਮੈਂ ਸਫ਼ਰ ਞਿੱਚ ਹੀ ਰਿਹਾਂ ਹਾਂ ਇਸ ਡਗਰ ਤੋਂ ਉਸ ਡਗਰ,
ਜੋ ਮੇਰੇ ਪੈਰੀਂ ਲਿਖੀ ਹੈ ਭਟਕਣਾਂ ਦਾ ਕੀ ਕਰਾਂ।
ਬਾਗ ਆਸਾਂ ਦੇ ਉਜਾੜਨ ਰੱਤ ਰੰਗੀ ਚੁੰਝ ਨਾਲ਼,
ਸਾਂਸਦਾਂ ਅੰਦਰ ਜੋ ਬੈਠੇ ਤੋਤਿਆਂ ਦਾ ਕੀ ਕਰਾਂ ।
ਪਿੰਜਰੇ ਵਿੱਚ ਕੈਦ ਪੰਛੀ ਝੂਰਦੈ ਇਹ ਸੋਚ ਕੇ,
ਜੋ ਉਡਾਰੀ ਭਰ ਸਕੇ ਨਾ ਉਹ ਪਰਾਂ ਦਾ ਕੀ ਕਰਾਂ ।
ਹੁਣ ਨਦੀ, ਸਰਵਰ , ਨਾ ਸਾਗਰ ਪਿਆਸ ਮੇਰੀ ਮੇਟਦੇ,
ਆਪਣੇ ਅੰਦਰ ਜੋ ਲੱਗੀ ਭੜਕਣਾਂ ਦਾ ਕੀ ਕਰਾਂ।
ਜੋ ਬੁਢਾਪਾ ਮਾਪਿਆਂ ਦਾ ਰੋਲ਼ਦੇ ਨੇ ਦਰ-ਬ-ਦਰ ,
ਸੋਚ ਹੀਣੇ , ਸਿਰ ਫਿਰੇ ਇਹ ਸਰਵਣਾਂ ਦਾ ਕੀ ਕਰਾਂ।
ਵਕਤ ਦੀ ਆਵਾਜ਼ ਸੁਣਦੇ ਨਾ ਸਮੇਂ ਸਿਰ ਬੋਲਦੇ,
ਬੋਲ਼ਿਆਂ ਦਾ ਕੀ ਕਰਾਂ,ਮੈਂ ਅੰਨ੍ਹਿਆਂ ਦਾ ਕੀ ਕਰਾਂ।
ਜੁਮਲਿਆਂ ਦੇ ਨਾਲ਼ ਢਿੱਡ ਦੀ ਅੱਗ ਬੁਝਦੀ ਹੈ ਕਦੋਂ,
ਕੀ ਕਰਾਂ ਮੈਂ ਲੀਡਰਾਂ ਦੇ ਭਾਸ਼ਨਾਂ ਦਾ ਕੀ ਕਰਾਂ।
ਬਿਰਖ ਮੈਨੂੰ ਰੋਜ਼ ਪੁੱਛੇ ਦੱਸ ਦੇ ਦੇ ਤੂਰ ਤੂੰ,
ਜੋ ਕੁਹਾੜੋ ਵਿੱਚ ਪਏ ਨੇ ਦਸਤਿਆਂ ਦਾ ਕੀ ਕਰਾਂ।
**********************************
ਨਾਮ ਜਪਣਾ ਹੀ ਇਕੱਲਾ ਹੈ ਭਲਾ ਕਿਸ ਕੰਮ ਦਾ।
ਕਿਰਤ ਕਰਨੀ ਵੰਡ ਛਕਣਾ ਸੋਚ ਵਿੱਚ ਜੇ ਨਾ ਰਿਹਾ ।
ਹਾਂ ਤੇਰੀ ਤਸਵੀਰ ਤਾਈਂ ਤਾਂ ਬੜਾ ਹੈ ਪੂਜਿਆ।
ਫਲਸਫਾ ਤੇਰਾ ਐ ਨਾਨਕ ਪਰ ਅਸੀਂ ਨਾ ਸਮਝਿਆ।
ਤੂੰ ਬੜਾ ਸੀ ਮੋੜਿਆ ਤੂੰ ਬੜਾ ਸੀ ਵਰਜਿਆ।
ਸਿੱਖ ਤੇਰਾ ਫੇਰ ਅੱਜ ਹੈ ਕਰਮ ਕਾਡੀਂ ਉਲਝਿਆ।
ਮਲਕ ਭਾਗੋ ਦੇ ਲਹੂ ਤੇ ਕੋਧਰੇ ਦੇ ਦੁੱਧ ਨੂੰ,
ਜਿਸ ਤਰ੍ਹਾਂ ਤੂੰ ਪਰਖਿਆ ਸੀ ਫਿਰ ਕਿਸੇ ਨਾ ਪਰਖਿਆ ।
ਮਾਂ ਬਰਾਬਰ ਧਰਤ ਨੂੰ ਹੁਣ ਸਮਝਦਾ ਨਾ ਆਦਮੀ,
ਨਾ ਪਵਣ ਹੀ ਹੈ ਗੁਰੂ ਪਾਣੀ ਪਿਤਾ ਹੁਣ ਨਾ ਰਿਹਾ ।
ਜ਼ਾਤ ਵੀ ਹੈ ਪਾਤ ਵੀ ਹੈ ਜ਼ੁਲਮ ਵੀ ਤੇ ਪਾਪ ਵੀ,
ਵੇਖ ਨਾਨਕ ਸਭ ਉਵੇਂ ਹੈ ਕੁਝ ਨਹੀਂ ਹੈ ਬਦਲਿਆ ।
ਝੂਠ ਅੱਗੇ ਸਿਰ ਝੁਕਾਵੇਂ ਡਰ ਰਿਹੈਂ ਕਿਉਂ ਜ਼ੁਲਮ ਤੋਂ,
ਯਾਦ ਕਰ ਬਾਬਰ ਨੂੰ ਬਾਬਾ ਕਿਸ ਤਰ੍ਹਾਂ ਸੀ ਬੋਲਿਆ।
ਤੂਰ ਆਖੇ ਨਾਨਕਾ ਤੂੰ ਵੇਖ ਤਾਂ ਆ ਕੇ ਜ਼ਰਾ,
ਤੂੰ ਚਲਾਇਆ ਪੰਥ ਸੀ ਜੋ ਪੰਧ ਤੋਂ ਹੈ ਭਟਕਿਆ।


