Home updates दिल के जज्बात जब शब्दो में उतरते है तो पाठकों के दिल की धड़कन बनते है:- सुखम

दिल के जज्बात जब शब्दो में उतरते है तो पाठकों के दिल की धड़कन बनते है:- सुखम

6 min read
0
0
21

सुखम पंजाबी का एक शायर जिसके दिल के जज्बात शब्दो मे उतरते है और पाठकों की दिल की धड़कन बनते है शान्तचित्त सरल स्वभाव आपने अंदर एक बहुत बड़ा काव्यभाव रखता है सुखम की गजल ही उसका घर है और विरासत ही खानदान है ज़िन्दगी ज़िंदाबाद है आओ पढे उनकी कुछ रचनाएं ओर ढूढे आपने ही अक्स को …


shukmn: ਗ਼ਜ਼ਲ 
ਅੱਖ  ਵੀ  ਕੁੱਝ  ਬੋਲਦੀ,  ਚਿਹਰੇ ਵੀ ਨੇ ਕੁੱਝ ਆਖਦੇ
ਬਿਨ  ਪੜ੍ਹੇ  ਇਹਨਾਂ   ਨੂੰ  ਸਾਰੇ  ਸ਼ਬਦ  ਊਣੇ  ਜਾਪਦੇ।
ਆਪਣਿਆਂ   ਦੇ   ਸ਼ੌਂਕ  ਨੂੰ  ਕੀ   ਦਾਦ  ਦੇਵਾਂ  ਦੋਸਤੋ
ਪਿੱਠ  ‘ਚ  ਖ਼ੰਜਰ  ਚੋਭ  ਮੇਰੇ  ਜ਼ਖ਼ਮ  ਨੇ  ਜੋ  ਨਾਪਦੇ।
ਅੰਬਰਾਂ  ਵਿੱਚ  ਛਾ  ਗਏ ਨੇ  ਬਣਕੇ  ਜੋ  ਕਾਲੀ ਘਟਾ
ਅੰਦਰੋਂ  ਉੱਠੇ   ਮੇਰੇ   ਨੇ  ਇਹ   ਤਾਂ  ਗੋਲੇ   ਰਾਖ  ਦੇ।
ਦੇਖ  ਕੇ  ਮੁਸ਼ਕਲ  ‘ਚ  ਮੈਨੂੰ  ਰੰਗ  ਉਸਦਾ  ਉੱਡਿਆ
ਢਹਿ ਗਏ  ਗੁੰਬਦ  ਕਈ  ਫਿਰ ਅੰਦਰੋਂ ਇਖ਼ਲਾਕ ਦੇ।
ਦੁੱਖ  ਸਾਰੇ  ਜਿਸ  ਦੇ  ਥੱਲੇ   ਮੈਂ  ਲੁਕਾ  ਕੇ  ਰੱਖ  ‘ਲਾਂ
ਦਿਲ  ਦਰੀ  ‘ਤੇ  ਫੁੱਲ  ਕੋਈ   ਯਾਰ  ਐਸਾ  ਠਾਕ ਦੇ।
ਚੁੱਕ  ਵਹਿੰਗੀ  ਤੁਰ  ਪਵੇ  ਝੱਲੇ   ਮੁਸੀਬਤ   ਹੱਸ  ਕੇ
ਕਰਜ਼ ਜੋ ਲਾਹੁਣੇ ਹੈ  ਚਾਹੁੰਦਾ ਜੱਗ ਵਿੱਚ ਮਾਂ ਬਾਪ ਦੇ।
ਇਹ  ਅਮਰ  ਹੋ  ਜਾਣ  ਦੋਵੇਂ ਮੈਂ  ਅਤੇ  ਭਟਕਣ ਮੇਰੀ
ਤੂੰ ਸਫ਼ਰ  ਦਾ ਇੱਕ  ਨਿਸ਼ਾਂ ਮੱਥੇ  ਮੇਰੇ ਵਿੱਚ  ਛਾਪ ਦੇ।
ਨੈਣ  ਲਾਟਾਂ   ਵਾਂਗ   ਜਗਦੇ   ਯਾਦ   ਆਏ  ਸੂਖਮਾ
ਮੁੱਖ  ਕੱਢਕੇ  ਅੰਬਰੋਂ  ਜਦ  ਸਨ  ਇਹ  ਤਾਰੇ ਝਾਕਦੇ।
************************
ਕਦੇ   ਹੰਝੂ ,  ਕਦੇ   ਹਾਸਾ ,   ਕਦੇ   ਵੈਰਾਗ   ਬਣਦਾ  ਹੈ
ਮੇਰੇ ਜਦ  ਖੂਨ  ‘ਚੋਂ  ਲੰਘੇ   ਤਾਂ   ਹੌਕਾ  ਰਾਗ  ਬਣਦਾ  ਹੈ।
ਇਸ਼ਕ  ਅਣਭੋਲ  ਦੇ ਸੁਪਨੇ  ਵੀ  ਲਾਵਾਰਿਸ ਨੇ ਹੋ ਜਾਂਦੇ
ਕਿਸੇ ਦਾ ਸਾਥ  ਜਦ ਕਿਧਰੇ ਕਿਸੇ  ਦਾ ਸੁਹਾਗ ਬਣਦਾ ਹੈ।
ਜ਼ੁਬਾਨੋਂ   ਕੱਢਣੋਂ  ਪਹਿਲਾਂ  ਵਿਚਾਰੋ  ਸ਼ਬਦ  ਵੀ  ਆਪਣੇ
ਕਦੇ ਇੱਕ ਬੋਲ  ਵੀ  ਅਣਖਾਂ  ਲਈ ਤਾਂ  ਜਾਗ  ਬਣਦਾ ਹੈ।
ਮੈਂ ਉਸ ਦੇ ਨੈਣ  ਨੇ ਫ਼ਿਕਰਾਂ  ‘ਚ ਹੁਣ  ਦੇਖੇ  ਮੇਰੀ ਖਾਤਰ
ਓਹ ਲੋਕਾਂ  ਸਾਮਣੇ ਉੰਝ  ਤਾਂ ਬੜਾ  ਬੇਲਿਹਾਜ਼  ਬਣਦਾ ਹੈ।
ਖੁਦਾ  ਕਰਕੇ  ਉਹ   ਦਿਨ  ਆਵੇ  ਜਦੋਂ  ਅੰਮੀ  ਮੇਰੀ ਤੈਨੂੰ
ਸਿਖਾਵੇ   ਕਿੰਝ   ਰੋਟੀ   ਤੇ  ਸਰੋਂ   ਦਾ  ਸਾਗ  ਬਣਦਾ  ਹੈ।
ਹਜ਼ਾਰਾਂ  ਫੁੱਲ  ਵੀ  ਇਸ  ਨੂੰ  ਕਦੇ  ਮਹਿਕਾ  ਨਹੀਂ ਸਕਦੇ
ਤੇਰੀ ਮੁਸਕਾਨ ਮਿਲ ਜਾਵੇ ਤਾਂ ਘਰ ਇਹ ਬਾਗ਼ ਬਣਦਾ ਹੈ।
ਭੁਲੇਖਾ  ਇਸ ਤਰ੍ਹਾਂ  ਪਾਉਂਦਾ  ਏ ਤੇਰਾ  ਖ਼ਿਆਲ ਸੂਖਮ ਨੂੰ
ਹਵਾ  ਵਿੱਚ   ਉੱਡਦੀ   ਚੁੰਨੀ , ਬਨੇਰੇ  ਕਾਗ  ਬਣਦਾ  ਹੈ।
************************
ਸ਼ਿਆਮ   ਨੇ  ਮੌਨ  ਧਾਰਿਆ   ਬੁੱਧ  ਨੇ  ਹੁਣ ਬੰਸਰੀ  ਚੁੱਕੀ
ਇਓਂ  ਰਲ  ਮਿਲ   ਅਸਾਂ  ਸਭ   ਨੇ   ਸ਼ਰਾਪੀ  ਜ਼ਿੰਦਗੀ  ਚੁੱਕੀ।
ਗੁਲਾਮੀ ਦੀ ਇਹ ਦਲਦਲ ‘ਚੋਂ ਹੀ ਬਾਹਰ ਆਉਣ ਦੀ ਖਾਤਿਰ
ਸਿਰੋਂ    ਪਹਿਲਾਂ    ਅਸੀਂ    ਬੇਗੈਰਤਾਂ   ਦੀ   ਰਹਿਬਰੀ   ਚੁੱਕੀ।
ਦੁਰਾਡੇ  ਸਫ਼ਰ   ਕਰਨਾ   ਸੀ   ਤੇ   ਇਸਦਾ   ਬੋਝ   ਭਾਰਾ  ਸੀ
ਗਲੋਂ   ਲਾਹੁਣੀ  ਪਈ  ਜਦ  ਨਾ   ਗਈ  ਇਹ  ਬੰਦਗੀ  ਚੁੱਕੀ।
ਸਮੇਂ    ਦੇ    ਹਾਕਮੋ   ਬਾਗ਼ੀ    ਜਾਂ    ਆਤੰਕੀ   ਹੀ  ਜਨਮੇਗੀ
ਜੋ  ਤੁਰਦੀ   ਪੇਟ   ਵਿੱਚ  ਬੱਚਾ   ਤੇ  ਸਿਰ  ‘ਤੇ  ਗੱਠੜੀ  ਚੁੱਕੀ।
ਤੁਸੀੰ  ਕਿਸ  ਮਹਿਕ  ਨੂੰ  ਸਾਹਾਂ  ‘ਚ   ਹੈ  ਭਰਿਆ  ਖ਼ੁਦਾ  ਜਾਣੇ
ਬਸ਼ਿੰਦਾ  ਹਰ  ਕੋਈ  ਸ਼ਹਿਰ  ਦਾ  ਹੈ  ਫਿਰਦੈ  ਤਾਜ਼ਗੀ  ਚੁੱਕੀ।
ਅਸਾਡੀ   ਸ਼ਾਨ    ਇਸ   ਨੇ    ਜੱਗ   ਤੋਂ   ਹੈ   ਵੱਖਰੀ   ਕੀਤੀ
ਅਸੀਂ   ਐਵੇਂ    ਨਹੀਂ     ਸੂਖਮ    ਸਿਰਾਂ   ‘ਤੇ   ਪੱਗੜੀ   ਚੁੱਕੀ।
************************
ਕਦੀ  ਮੈਂ  ਟੱਕਰਾਂਗਾ   ਵਕਤ   ਨੂੰ  ਜੇਰਾ  ਜਿਹਾ  ਕਰਕੇ
ਦਿਲੇ ਵਿੱਚ ਹੌਂਸਲਾ, ਅੱਖਾਂ ‘ਚ ਇੱਕ  ਤੂਫ਼ਾਨ ‘ਜਾ ਭਰਕੇ।
ਮੈਂ ਤਾਂ ਇਸ ਵਾਰ ਆਪਣੇ ਸਿਦਕ ਨੂੰ ਹੈ ਪਰਖਣਾ ਯਾਰਾ
ਝਨਾਂ  ਤੋਂ  ਪਾਰ  ਜਾਣਾ   ਹੈ  ਘੜੇ  ਕੱਚੇ  ‘ਤੇ  ਹੀ  ਤਰਕੇ।
ਤੇਰੇ  ਹਰ  ਜ਼ੁਲਮ  ਨੂੰ  ਮੈਂ  ਹੱਸ  ਕੇ  ਪ੍ਰਵਾਨ  ਕਰਦਾ ਹਾਂ
ਖ਼ੁਦਾ ਇਸ  ਬੁੱਤ ਨੇ  ਹੋਣੈ  ਬੜੀਆਂ  ਹੀ  ਠੋਕਰਾਂ ਜਰਕੇ।
ਜੇਕਰ  ਬੇਖ਼ੌਫ਼  ਹੈ  ਜੀਣਾ  ਤਾਂ  ਤੂੰ  ਮਰਨਾ  ਕਬੂਲ ਜ਼ਰਾ
ਇਓਂ  ਨਾ  ਜੀਵਿਆ  ਜਾਣਾ  ਕਦੀ  ਵੀ  ਮੌਤ  ਤੋਂ ਡਰਕੇ।
ਹਮੇਸ਼ਾ  ਵੱਖਰੀ   ਹੁੰਦੀ   ਏ  ਪ੍ਰੀਭਾਸ਼ਾ  ਵੀ  ਜਿੱਤਣ  ਦੀ
ਤਸੱਲੀ ਮਨ ਨੂੰ  ਹੋ ਜਾਂਦੀ  ਕਈ  ਵਾਰੀ ਤਾਂ ਹਰ ਹਰ ਕੇ।
ਬਹਾਨੇ  ਲੱਭਦੇ  ਸੂਖਮ  ਨਿਭਾਉਣੀ  ਜੋ  ਨਹੀਂ  ਚਾਹੁੰਦੇ
ਨਹੀਂ ਤਾਂ ਲੋਕ ਮਿਲ ਪੈਂਦੇ ਨੇ ਸਿਰ ਅਪਣਾ ਤਲੀ ਧਰਕੇ।
*******************
ਕਦੀ ਵਿਸਥਾਰ  ਕਰ  ਲੈਨਾਂ, ਕਦੀ ਮੈਂ  ਨਿਚੋੜਿਆ  ਜਾਨਾਂ
ਮੈਂ  ਅਕਸਰ  ਆਪਣੇ   ਹੱਥੋਂ   ਹੀ  ਆਪੇ  ਤੋੜਿਆ  ਜਾਨਾਂ।
ਜਗਾਉਂਦਾ ਅਲਖ਼ ਫਿਰਦਾ ਹਾਂ ਮੈਂ ਕਾਸਾ ਹੱਥ ਵਿੱਚ ਫੜ੍ਹ ਕੇ
ਦਰਾਂ   ਤੋਂ   ਆਪਣੇ   ਹੀ   ਫੇਰ  ਖ਼ਾਲੀ   ਮੋੜਿਆ  ਜਾਨਾਂ।
ਮੇਰੀ ਕਿਸ਼ਤੀ, ਮੇਰਾ ਸਾਗਰ, ਮਲ੍ਹਾ ਵੀ ਮੈਂ ਹੀ ਹਾਂ ਇਸ ਦਾ
ਭੁਲੇਖ਼ੇ  ਵਿੱਚ   ਹੀ  ਪਾਣੀ  ‘ਚ  ਖ਼ੁਦ  ਤੋਂ  ਰੋੜ੍ਹਿਆ  ਜਾਨਾਂ।
ਤੇਰੀ  ਤਸਵੀਰ  ਵਿੱਚਲੇ  ਰੰਗ  ਜਦ ਵੀ  ਰੋਣ  ਲਗਦੇ ਨੇ
ਅਕਾਸ਼ੋਂ  ਧਰਤ   ਤੀਕਰ   ਯਾਰ   ਮੈਂ  ਝਿੰਜੋੜਿਆ  ਜਾਨਾਂ।
ਮਖ਼ੌਲਾਂ  ਵਿੱਚ  ਪਾਈ  ਸੁਪਨਿਆਂ  ਨੇ  ਹੁਣ  ਮੇਰੀ ਨੀਂਦਰ
ਮੈਂ  ਸੀਨੇ ਲੱਗਣੋਂ  ਪਹਿਲਾਂ  ਹੀ  ਐਨ  ਵਿਛੋੜਿਆ ਜਾਨਾਂ।
ਕਦੇ  ਤਾਂ  ਜਾਪਦੈ  ਪਰਵਾਹ  ਤੇਰੀ  ਸੂਖਮ  ਭਲਾ ਕਿਸ ਨੂੰ
ਜ਼ਰੂਰਤ  ਪੂਰਨੇ  ਖ਼ਾਤਰ   ਹੀ  ਮੈਂ  ਬਸ  ਲੋੜਿਆ  ਜਾਨਾਂ।
**************
ਬੁਲਾ  ਕੇ  ਹਾਰ  ਪਾਵਣਗੇ  ਤੇ  ਮਗਰੋਂ ਧੌਣ ਕੱਟਣਗੇ
ਇਹ ਜ਼ਾਲਮ ਫੇਰ  ਓਸੇ ਧੌਣ ਦਾ ਹੀ  ਮੁੱਲ  ਵੱਟਣਗੇ।
ਲਗਾ ਬੂਟਾ ਤੇ  ਲੈ ਕੇ  ਸੈਲਫੀ ਫਿਰ  ਨਾਮ ਖੱਟਣਗੇ
ਢਲੀ ਜਦ ਸ਼ਾਮ ਬਿਰਖਾਂ  ਨੂੰ ਕੁਹਾੜੇ ਨਾਲ ਕੱਟਣਗੇ।
ਛੁਰੀ ਨੂੰ ਰੇਤਦੇ  ਹੋਏ  ਤੇ ਭਾਸ਼ਣ  ਕਰਦਿਆਂ ਜ਼ਹਿਰੀ
ਬੜੇ  ਜ਼ੋਰਾਂ  ਤੇ  ਸ਼ੋਰਾਂ  ਨਾਲ  ਅੱਲ੍ਹਾ  ਰਾਮ  ਰੱਟਣਗੇ।
ਗ਼ਰੀਬੀ, ਭੁੱਖ,  ਲਾਚਾਰੀ   ਹਟਾਵਾਂਗੇ  ਅਸੀਂ  ਪੱਕਾ
ਤੇ ਅਪਣਾ ਥੁੱਕਿਆ ਹਰ ਵਾਰ ਅਪਣੇ ਆਪ ਚੱਟਣਗੇ।
ਮਰੇ ਕਿੰਨੇ, ਸੜੇ ਕਿੰਨੇ  ਤੇ ਸਭ  ਘਪਲੇ ਲੁਕਾ ਕੇ ਵੀ
ਤਰੱਕੀਆਂ ਦਾ ਇਹ ਲੌਲੀਪੌਪ ਛੱਜਾਂ ਵਿੱਚ ਛੱਟਣਗੇ।
ਇਹੋ ਰੁਜ਼ਗਾਰ ਇਨ੍ਹਾਂ ਦਾ,ਇਹੋ ਹੈ ਐਸ਼ ਦਾ ਸਾਧਨ
ਲਹੂ ਡੋਲ੍ਹਣ ਤੇ ਅੱਗਾਂ ਲਾਉਣ ਤੋਂ ਪਿੱਛੇ ਨਾ ਹੱਟਣਗੇ।
********
ਜਾਪਦੈ   ਬਾਗ਼ੀ   ਜਿਹਾ   ਮੇਰੇ  ਹੀ   ਅੰਦਰ   ਆਦਮੀ
ਸੰਗ   ਮੇਰੇ  ਲੜ   ਪਵੇ  ਮੇਰੀ  ਹੀ   ਖਾਤਿਰ  ਆਦਮੀ।
ਮੌਨ  ਵੀ  ਸੋਂਹਦਾ  ਨਾ  ਇਸਨੂੰ, ਸ਼ੋਰ  ਵੀ ਜਚਦਾ ਨਹੀਂ
ਰੱਬ   ਜਾਣੇ  ਉੱਠ   ਜਾਵੇਗਾ   ਇਹ   ਕਿੱਧਰ  ਆਦਮੀ।
ਰੇਤ ਜਾਪੇ  ਵਾਂਗ  ਮਿਸ਼ਰੀ ਤੇ  ਸ਼ਗਨ  ਇਹ  ਧੁੱਪ ਕਰੇ
ਮੰਜ਼ਿਲਾਂ   ਨੂੰ  ਜੇ  ਤੁਰੇ   ਛੱਡ   ਕੇ   ਦਰਿੱਦਰ  ਆਦਮੀ।
ਭਟਕਣਾ  ਪਰ  ਰੂਹ  ਦੀ   ਮਿਟਦੀ  ਕਦੇ   ਨਾ  ਦੋਸਤਾ
ਡੀਕ   ਜਾਂਦਾ  ਏ    ਕਈ  ਵਾਰੀ  ਤਾਂ ਸਾਗਰ  ਆਦਮੀ।
ਯਾਦ  ਹਾਲੇ   ਨਾ   ਕਰਾ  ਇਹ  ਛੱਤ,  ਰੋਟੀ,  ਭੁੱਖ  ਤੂੰ
ਘੜ੍ਹ ਰਿਹੈ ਹਾਲੇ ਇਹ ਗਿਰਜੇ, ਦੁਆਰ,ਮੰਦਰ ਆਦਮੀਂ‌।
ਠੋਕਰਾਂ  ਤੂੰ   ਖਾਣ  ਦੇ,  ਤਪਦੇ  ਥਲਾਂ  ਵਿੱਚ  ਸੜਣਦੇ
ਫੇਰ  ਪੈਦਾ   ਹੋਵਣਾ   ਸੂਖਮ   ‘ਚੋਂ  ਬਿਹਤਰ  ਆਦਮੀ।
ਸੂਖਮ
ਸੂਖਮ ਪੰਜਾਬੀ ਸ਼ਾਇਰ, ਜਿਸ ਦੀ ਸ਼ਾਇਰੀ ਪਾਠਕਾਂ ਦੇ ਧੁਰ ਹਿਰਦੇ ‘ਚ ਉੱਤਰਦੀ, ਧਡ਼ਕਣ ਬਣਦੀ। ਸਹਿਜ, ਸਰਲ ਤਬੀਅਤ ਪਰ ਸੀਨੇ ਅੰਦਰ ਸ਼ਾਇਰੀ ਦਾ ਠਾਠਾਂ ਮਾਰਦਾ ਸਮੁੰਦਰ ਸਮੋਈ ਬੈਠਾ। ਸ਼ਾਇਰੀ ਜਿਸਦੀ ਰੂਹ, ਪਹਿਚਾਣ, ਜਨੂਨ ਅਤੇ ਬੰਦਗੀ। ਆਓ ਪੜ੍ਹੀਏ ਉਹਨਾਂ ਦੀਆਂ ਗ਼ਜ਼ਲਾਂ ਤੇ ਅਨੰਤ ਖਲਾਅ “ਚੋਂ ਲੱਭੀਏ ਸਵੈ ਦਾ ਅਕਸ:

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …