Home updates ਮੈ ਬੰਬੀਹਾ ਬੋਲਦਾ ਹਾਂ… ਜਸਵਿੰਦਰ ਚਾਹਲ

ਮੈ ਬੰਬੀਹਾ ਬੋਲਦਾ ਹਾਂ… ਜਸਵਿੰਦਰ ਚਾਹਲ

2 min read
0
0
43

ਬੰਬੀਹਾ ਕੁਦਰਤ ਦਾ ਇੱਕ ਅਨਮੋਲ ਪੰਛੀ ਜਿਹੜਾ ਸਵੈ-ਮਾਣ ਅਤੇ ਸਵੈ-ਬਲੀਦਾਨ ਦਾ ਪ੍ਰਤੀਕ ਹੈ | ਪਰ ਅਸੀਂ ਇਸ ਨੂੰ ਕਿਹੜੇ ਅਰਥਾਂ ਵਿੱਚ ਗ੍ਰਹਿਣ ਕਰ ਰਹੇ ਹਾਂ? ਗੁਰਬਾਣੀ ਵਿੱਚ ਉਸਦਾ ਜ਼ਿਕਰ ਪਰਮਸ਼ਕਤੀ ਵਿੱਚ ਅਭੇਦ ਇਕਮਿਕ ਹੋ ਜਾਣ ਵਜੋਂ ਸਾਹਮਣੇ ਆਉਂਦਾ ਹੈ | ਇਤਿਹਾਸ, ਮਿਥਿਹਾਸ, ਸਾਹਿਤ ਅੰਦਰੋਂ ਇਸ ਬੰਬੀਹੇ ਨੂੰ ਕੱਢ ਕੇ ਅਜੋਕੇ ਸਮੇਂ ਅੰਦਰ ਆਪਣੇ ਆਪ ਨੂੰ ਇਨਸਾਨ ਕਹਿਣ ਵਾਲਿਆਂ ਨੇ ਜਿਸ ਤਰਾਂ ਬੰਬੀਹੇ ਨੂੰ ਪਰਿਭਾਸ਼ਿਤ ਕੀਤਾ ਹੈ , ਉਹ ਬੇਹੱਦ ਚਿੰਤਾਜਨਕ ਹੈ | ਬਦਲਾਅ ਕੁਦਰਤ ਦਾ ਨਿਯਮ ਹੈ , ਪਰ ਬੰਬੀਹੇ ਵਿਚਲਾ ਇਹ ਬਦਲਾਅ ਖ਼ਤਰਨਾਕ ਹੈ | 

ਸਾਡੇ ਮਾਲਕ ਦਾ ਬੰਬੀਹਾ ਆਪਣੀ ਜਾਨ ਦੀ ਕੁਰਬਾਨੀ ਦੇਣ ਲਈ ਤਤਪਰ ਹੈ | ਪਰ ਇਹਨਾਂ ਦਾ ਬੰਬੀਹਾ ਆਮ ਲੋਕਾਂ ਨੂੰ ਡਰਾਉਣ ਵਾਲਾ, ਹੱਡ ਪੋਲੇ ਕਰਨ ਵਾਲਾ ਅਤੇ ਤੂਤ ਦੇ ਉਹਲੇ ਕਤਲ ਕਰਨ ਵਾਲਾ ਹੈ | ਜੱਟਾਂ ਤੇ ਜਵਾਨੀ ਤਾਂ ਪਹਿਲਾਂ ਵੀ ਚੜ੍ਹਦੀ ਸੀ , ਦੇਸ਼ ਦੀ ਖ਼ਾਤਿਰ ਜਾਨ ਕੁਰਬਾਨ ਕਰਨ ਵਾਲੀ ਜਵਾਨੀ, ਨਿਆਸਰਿਆਂ ਨੂੰ ਆਸਰਾ ਦੇਣ ਵਾਲੀ ਜਵਾਨੀ , ਆਪਣਾ ਸਰਬੰਸ ਕੌਮ ਤੋਂ ਕੁਰਬਾਨ ਕਰਨ ਵਾਲੀ ਜਵਾਨੀ | ਪਰ ਕੀ ਹੁਣ ਲੋਕਾਂ ਨੂੰ ਡਰਾਉਣਾ ਅਤੇ ਮੁੱਛਾਂ ਦਾ ਤਾਅ ਦਿਖਾਉਣਾ ਹੀ ਜਵਾਨੀ ਹੈ ? 
ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਕਿਸ ਬੰਬੀਹੇ ਨਾਲ ਜੋੜਨਾ ਹੈ | 
     
                  ਮੈਂ ਬੰਬੀਹਾ ਬੋਲਦਾ……
   
         ਬਿਨਾਂ ਸੋਚੇ ਸਮਝੇ ਕਦੇ ਵੀ ,
         ਹਾਂ ‘ਚ ਹਾਂ ਨਹੀਂ ਮਿਲਾਈ ਦੀ | 
         ਭੈਣ-ਭਰਾਵਾਂ ਨੂੰ ਕੁਰਾਹੇ ਪਾ ਕੇ,
         ਰੋਟੀ ਨਹੀਂਓ ਖਾਈਦੀ |
         ਪਿਸਤੌਲ ਬੰਦੂਕਾਂ ਚਲਾ ਕੇ ,
         ਜਿਹੜਾ ਲਹੂ ਤੁਸੀਂ ਡੋਲ੍ਹਿਆ |
         ਮੈਂ ਬੰਬੀਹਾ ਬੋਲਦਾ ਜ਼ਰੂਰ , 
         ਪਰ ਕਦੇ ਇੱਦਾਂ ਨਹੀਂਓ ਬੋਲਿਆ |

         ਇਹ ਚੇਤਿਆਂ ‘ਚ ਨੀ ਰਹਿਣਾ ,
         ਕਿ ਕਿੰਨੇ ਕੁ ਪੈਸੇ ਕਮਾਏ ਨੇ |
         ਇਹ ਚੇਤੇ ਰੱਖਿਆ ਜ਼ਰੂਰ ਜਾਊ,
         ਕਲਮ ਨੇ ਰਾਹ ਕਿਹੜੇ ਪਾਏ ਨੇ |
         ਮਾਂ ਨੂੰ ਪੁੱਛਿਓ ਜ਼ਰੂਰ ਜਾ ਕੇ , 
         ਜੀਹਦਾ ਪੁੱਤ ਤੁਸੀਂ ਖੋਹ ਲਿਆ |
         ਮੈਂ ਬੰਬੀਹਾ ਬੋਲਦਾ ਜ਼ਰੂਰ ,
         ਪਰ ਕਦੇ ਇੱਦਾਂ ਨਹੀਂਓ ਬੋਲਿਆ |

          ਅੰਬਰੀਂ ਚੜ੍ਹਨ ਲਈ ਤੁਸੀਂ ,
          ਜਿਹੜੀ ਪੌੜੀ ਲਾ ਛੱਡੀ ਆ |
          ਥੱਲੇ ਨਜ਼ਰ ਮਾਰ ਦੇਖਿਓ ,
          ਵਿਰਸੇ ਦੀ ਹਿੱਕ ਵਿੱਚ ਗੱਡੀ ਆ |
          ਤਬਾਹੀ ਦਾ ਸਿਰਨਾਵਾਂ ਓਏ ,
          ਜਿਹੜਾ ਰਾਹ ਤੁਸੀਂ ਟੋਲਿਆ,
          ਮੈਂ ਬੰਬੀਹਾ ਬੋਲਦਾ ਜ਼ਰੂਰ ,
          ਪਰ ਕਦੇ ਇੱਦਾਂ ਨਹੀਂਓ ਬੋਲਿਆ |

          ਮੋਹਰੀ ਹੋਵੋਗੇ ਜ਼ਰੂਰ ਤੁਸੀਂ 
          ਲਾਇਕ ਤੇ ਵਿਊ ਵਧਾਉਣ ‘ਚ
          ਪਰ ਬਹੁਤ ਫਰਕ ਹੁੰਦਾ ਸੋਹਣਿਓ ,
          ਸ਼ੌਹਰਤ ਤੇ ਨਾਮ ਕਮਾਉਣ ‘ਚ|
          ‘ਚਾਹਲ’ ਨੇ ਕਲਮ ਨੂੰ ਕਦੇ ਵੀ ,
           ਸ਼ੌਹਰਤ ਦੇ ਪੱਲੜੇ ‘ਚ ਨੀ ਤੋਲਿਆ |
           ਮੈਂ ਬੰਬੀਹਾ ਬੋਲਦਾ ਜ਼ਰੂਰ ,
           ਪਰ ਕਦੇ ਇੱਦਾਂ ਨਹੀਂਓ ਬੋਲਿਆ |

              ਜਸਵਿੰਦਰ ਚਾਹਲ 9876915035

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …