ਕਾਗਜ਼ ਦੀ ਹਿੱਕ ਜ਼ਖਮੀਂ ਕਰ ਕੇ
ਦਿਲਾਂ ਲਈ ਮਲ੍ਹਮਾਂ ਚੁੱਕੀ ਫਿਰਦੇ ਸੀ
‘ਸੰਦੀਪ’ ਤੋਂ ‘ਦੀਪ ਕੱਕੜ’
ਇੱਕੋ ਪਿੰਡ ਦੇ ਵਸਨੀਕ ਹੋਣ ਦੇ ਬਾਵਜੂਦ ਵੀ ਲੰਮੇ ਸਮੇਂ ਤੱਕ ਇੱਕ ਦੂਜੇ ਤੋਂ ਅਸੀਂ ਮੁਲਾਕਾਤੀ ਆਧਾਰ ‘ਤੇ ਦੂਰ ਹੀ ਰਹੇ। ਮੈੰ ਤੇ ਸੰਦੀਪ ਜਦੋਂ ਮਿਲੇ ਤਾਂ ਗੱਲ ਬਾਤ ਸਿੱਧੀ ਕਲਮ ਤੋਂ ਹੀ ਸ਼ੁਰੂ ਹੋਈ। ਇਹਨਾਂ ਗੱਲਾਂ ਨੂੰ ਹੁਣ ਤਕਰੀਬਨ ਸੱਤ-ਅੱਠ ਸਾਲ ਹੋ ਗਏ। ਦੋ-ਦੋ ਸ਼ਬਦ ,ਦੋ-ਦੋ ਸਤਰਾਂ ਜੋੜਦਾ-ਜੋੜਦਾ, ‘ਸੰਦੀਪ’ ਅੱਜ ‘ਦੀਪ ਕੱਕੜ’ ਹੋ ਗਿਆ।
ਦੀਪ ਕੱਕੜ ਦਾ ਨਾਮ ਹੁਣ ਤੱਕ ਦੀ ਉਸਦੀ ਪਹਿਲੀ ਕਿਤਾਬ ‘ਤੇਰੇ ਵਰਗਾ’ ‘ਤੇ ਛਪਣ ਲਈ ਕਲਮ ਨੂੰ ਕਈ ਤਰ੍ਹਾਂ ਦੀ ਸਿਆਹੀ ਵਿੱਚ ਭਿੱਜਣ ਲਈ ਮਜਬੂਰ ਕਰ ਗਿਆ। ਜਿੱਥੇ ਇਹ ਨਾਮ ਮੁਹੱਬਤ ਤੇ ਅੱਪਣਤ ਦੇ ਨਾਲ-ਨਾਲ ਪਿਆਰ ਦੀ ਚਾਸ਼ਨੀ ਵਿੱਚ ਡੁੱਬਿਆ ਉੱਥੇ ਹੀ ਸਮਾਜਿਕ ਔਕੜਾਂ, ਪਰੇਸ਼ਾਨੀਆਂ ਤੇ ਹੋਰਨਾਂ ਰੂਹਾਂ ਵੱਲੋਂ ਝੱਲ ਹੁੰਦੀਆਂ ਨਿੱਤ ਦੀਆਂ ਉਲਝਣਾਂ ਨੂੰ ਇੱਕ ਬਾਰ ਆਪਣੇ ਸਾਂਹਾਂ ਨਾਲ ਜਰੂਰ ਰਲਾਉਂਦਾ ਰਿਹਾ।
ਬਿਰਹਾ ਦੀ ਚੀਸ ਦਿਲ ਵਿੱਚ ਜਿੰਨੀਂ ਡੂੰਘੀ ਬੱਜੀ, ਮੈਂ ਉਸਦੀ ਕਲਮ ਨੂੰ ਕਾਗ਼ਜ਼ ‘ਤੇ ਓਨੇ ਹੀ ਜਿਆਦਾ ਸਲੀਕੇ ਨਾਲ ਚਲਦੀ ਵੇਖਿਆ। ਆਮਤੌਰ ‘ਤੇ ਇੱਕ ਸ਼ਾਇਰ, ਕਵੀ ਜਾਂ ਫਿਰ ਲੇਖਕ ਜਦ ਵੀ ਕੁੱਝ ਲਿਖਦਾ ਹੈ ਤਾਂ ਉਹ ਆਪਣੇ ਸ਼ਬਦਾਂ ਨੂੰ ਨਿਜੀ ਹੀ ਰਖਦਾ ਹੈ। ਪਰ ਦੀਪ ਦੇ ਕਈ ਸ਼ਬਦ ਮੈਂ ਛਪਣ ਤੋਂ ਪਹਿਲਾਂ ਕਈ ਬਾਰ ਪੜ੍ਹੇ ਤੇ ਇਹਨਾਂ ਸ਼ਬਦਾਂ ਲਈ ਇੱਕ ਗੱਲ ਬੜੇ ਹੀ ਵਿਸ਼ਵਾਸ ਤੇ ਭਰਮੇ ਹੁੰਗਾਰੇ ਨਾਲ ਕਹੀ ਤੇ ਕਬੂਲੀ ਜਾ ਸਕਦੀ ਹੈ ਕਿ ਇਹ ਸ਼ਬਦ ਲਿਖਣ ਤੋਂ ਪਹਿਲਾਂ ਜਾਂ ਤਾਂ ਹੰਢਾਏ ਗਏ ਜਾਂ ਫਿਰ ਕਿਸੇ ਨਾ ਕਿਸੇ ਰੂਹ ‘ਤੇ ਹੰਢਦੇ ਹੋਏ ਮਹਿਸੂਸ ਕੀਤੇ ਗਏ।
ਪਿੰਡ ‘ਮੱਟਦਾਦੂ’ ਦੀਆਂ ਗਲੀਆਂ ‘ਚੋਂ ਸ਼ਬਦਾਂ ਦਾ ਸਫ਼ਰ ਸ਼ੁਰੂ ਕਰਨ ਵਾਲਾ ਦੀਪ ਅੱਜਕੱਲ੍ਹ ‘ਮੰਡੀ ਡੱਬਵਾਲੀ’ ਦਾ ਰਿਹਾਇਸ਼ੀ ਹੈ। ਪਰ ਉਸਦਾ ਅਸਲ ਇਕਾਂਤ ਉਸਦੀ ਕਲਮ ਦੀ ਨੋਕ ਦੇ ਹੇਠਾਂ ਵਸਦਾ ਹੈ ਤੇ ਉਸਦੇ ਇਸ ਇਕਾਂਤ ਨੂੰ ਸ਼ਾਂਤ ਤੇ ਸਹਿਜ ਬਣਾਉਣ ਲਈ ਉਸਦੀਆਂ ਆਉਣ ਵਾਲੀਆਂ ਕਿੰਨੀਆਂ ਹੀ ਗਜ਼ਲਾਂ, ਕਿੰਨੇ ਹੀ ਗੀਤ ਤੇ ਕਿੰਨੀਆਂ ਹੀ ਕਵਿਤਾਵਾਂ ਉਡੀਕ ਰਹੀਆਂ ਨੇ।
ਵਖ਼ਤ ਦੀ ਪੀੜ ‘ਤੇ ਟਕੋਰ ਰਹੇ ਕਰਦੇ ਤੇ ਅੱਖਰ ਨਵਾਬੀ ਹੋ ਗਏ।
ਸਾਨੂੰ ਕਲਮਾਂ ਨੇ ਚਾੜਤਾ ਜੀ ਨੇਪਰੇ ਤੇ ਹਾਜ਼ਿਰ ਜਵਾਬੀ ਹੋ ਗਏ।
ਮੇਰੇ ਵੱਲੋਂ ਉੱਪਰ ਲਿਖੇ ਬਿਆਨਾਂ ਨੂੰ ਸ਼ਾਇਰਾਨਾ ਮੋਹਰਾਂ ਨਾਲ ਸੱਚੇ ਹੋਣ ਦਾ ਮਾਣ ਦਿੰਦੀਆਂ ‘ਦੀਪ’ ਦੀਆਂ ਇਹ ਕਵਿਤਾਵਾਂ ਤੁਹਾਡੇ ਪਾਠਕ ਮਨਾਂ ਨੂੰ ਇੱਕ ਹੋਰ ਸਾਂਝ ਪਾਉਣ ਲਈ ਮਜਬੂਰ ਕਰ ਦੇਣਗੀਆਂ ਤੇ ਮੈਂ ਉਮੀਦ ਨਾਲ ਨਹੀਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਸਾਂਝ ਸ਼ਾਮ ਦੇ ਨਿੱਘੇ ਜਿਹੇ ਸੂਰਜ ਚੋਂ ਢਲਦੀ-ਢਲਦੀ ਅੱਧੀ ਰਾਤ ਦੇ ਸਰਦ ਚੰਨ ਦੀ ਚਾਨਣੀ ਵਾਂਗ ਹਮੇਸ਼ਾ ਹੀ ਅੱਖਾਂ ਰਾਹੀਂ ਮਨਾਂ ਨੂੰ ਸਕੂਨ ਦਿੰਦੀ ਰਹੇਗੀ।
ਦੀਪ ਹੁਰਾਂ ਦੀ ਕਿਤਾਬ ‘ਤੇਰੇ ਵਰਗਾ’ ਆਪਣੀ ਹੋਂਦ ਦਾ ਸਬੂਤ ਦਿੰਦਿਆਂ ਇੱਕ ਕਦਮ ਹੋਰ ਅਗਾਂਹ ਨੂੰ ਧਰਦੇ ਹੋਏ ਆਪਣੇ ਸਫ਼ਰ ਦੇ ਦੂਸਰੇ ਪੜਾਅ ਨੂੰ ਸਰ ਕਰ ਚੁੱਕੀ ਹੈ। ਬਹੁਤ ਥੋੜ੍ਹੇ ਸਮੇਂ ‘ਚ ਹੀ ‘ਤੇਰੇ ਵਰਗਾ’ ਦਾ ਦੂਸਰਾ ਐਡੀਸ਼ਨ ਵੀ ਛਪ ਕੇ ਪਾਠਕਾਂ ਦੇ ਦਿਲਾਂ ‘ਚੋਂ ਅਥਾਹ ਪਿਆਰ ਕਬੂਲ ਕਰ ਰਿਹਾ ਹੈ।
ਮੈਂ ਨਿਜੀ ਤੌਰ ਤੇ ਇਨ੍ਹਾਂ ਕਾਰਜਾਂ ਦੇ ਇਨਕਲਾਬ ਨੂੰ ਮੁਹੱਬਤੀ ਜ਼ਿੰਦਾਬਾਦ ਆਖਦਾ ਹਾਂ।
…ਰਵਿੰਦਰ
1. ‘ਤੇਰੇ ਵਰਗਾ’
ਕਦੇ-ਕਦੇ ਮਨ ਭਟਕਦਾ ਹੈ
ਚਾਹੁੰਦਾ ਹੈ ਕੋਈ ਤੇਰੇ ਵਰਗਾ
ਪਰ…
ਤੇਰੇ ਵਰਗਾ ਕੋਈ ਕਿਵੇਂ ਹੋ ਸਕਦਾ?
ਤੇਰੇ ਵਰਗਾ ਤਾਂ ‘ਤੂੰ’ ਏਂ
ਤੇ ਤੂੰ ਹੁਣ ‘ਤੂੰ’ ‘ਨੀ ਰਿਹਾ
ਹੋਰ ਹੋ ਗਿਆ ਏਂ
ਖ਼ੈਰ…
ਮੇਰੇ ਵਰਗਾ ਤਾਂ ਹੁਣ ਮੈਂ ਵੀ ਨਹੀ ਰਿਹਾ
ਮੈਂ ਤਾਂ ਸ਼ਾਇਦ ‘ਮੈਂ’ ਹੀ ਨਹੀ ਰਿਹਾ
ਪਰ ਹਾਂ…
ਮਿਲਾਂਗੇ ਕਿਸੇ ਦਿਨ,
ਜਦੋਂ ਤੂੰ ਫੇਰ ਤੋਂ ‘ਤੂੰ’ ਹੋ ਗਿਆ
ਤੇ ਮੈਂ ਫੇਰ ਤੋਂ ‘ਮੈਂ’ ਹੋ ਗਿਆ
2. ‘ਪੱਥਰ ਬਚਾ ਕੇ ਰੱਖੀਂ’
ਤੈਨੂੰ ਪਤੈ?
ਅਸੀਂ ਖਿਆਲਾਂ ‘ਚ ਗੱਲਾਂ ਕਰਦੇ ਹਾਂ
ਤੇ ਇਕ ਦਿਨ ਉਹ ਕਹਿੰਦਾ
ਤੇਰੀ ਸਮਝ ਵਿੱਚ ਭਲਾਂ
ਦਿਲ ਕਿੰਨਾਂ-ਕੁ ਕਠੋਰ ਹੋ ਸਕਦਾ?
ਮੈਂ ਬੋਲਾਂ…
ਉਸ ਤੋਂ ਪਹਿਲਾਂ ਹੀ ਕਹਿੰਦਾ
ਮੈਨੂੰ ਪਤਾ…
ਤੂੰ ਆਖਣਾ…
ਕਿ ਦਿਲ ਪੱਥਰ ਹੋ ਸਕਦਾ
ਤੇ ਫਿਰ
ਮੇਰੇ ਵੱਲ ਦੇਖ ਕੇ ਮੁਸਕੁਰਾਇਆ ਤੇ ਬੋਲਿਆ
ਤੂੰ ਆਪਣੇ ਪੱਥਰ ਬਚਾ ਕੇ ਰੱਖੀਂ
ਲੋਕ ਦਿਲ ਚੁੱਕੀ ਫਿਰਦੇ ਆ!
3. ‘ਖ਼ੁਦ ਨੂੰ ਨੰਗਾ ਕਰਿਆ ਕਰ’
ਹੈ ਨਜਰਾਂ ਦੇ ਵਿੱਚ ਨੀਚਤਾ
ਰਹਿੰਦਾ ਏਂ ਦੰਦੀਆਂ ਪੀਸਦਾ
ਉਹ ਜ਼ਿਕਰਯੋਗ ਵੀ ਨਹੀ
ਕੇਹੇ-ਕੇਹੇ ਖਿਆਲ ਉਲੀਕਦਾ
ਔਰਤ ਮਾਸ ਦੇ ਟੁਕੜਿਆ
ਤੇ ਖ਼ੂਨ ਦੇ ਖਿੜੌਨਿਆਂ
ਔਰਤ ਤੋਂ ਓਟ ਲੈਣਿਆ
ਔਰਤ ‘ਚੋਂ ਲੰਘ ਕੇ ਆਉਣਿਆ
ਹੈ ਵਜ਼ੂਦ ਤੇਰਾ ਔਰਤਾਂ
ਔਰਤ ਨੂੰ ਜਾਵੇਂ ਨੋਚਦਾ
ਜੇ ਬਿਲਕੁਲ ਨਹੀਂ ਤੂੰ ਸੋਚਦਾ
ਫਿਰ ਕੁਝ ਤਾਂ ਸੋਚਿਆ ਕਰ
ਖ਼ੁਦ ਨੂੰ ਨੰਗਾ ਕਰਿਆ ਕਰ
ਖ਼ੁਦ ਦਾ ਬਦਨ ਦੇਖਿਆ ਕਰ
ਜੋ ਡਰ ਦੇ ਵਿੱਚ ਜਿਉਂਦੀਆਂ
ਉਸ ਤੋਂ ਆਜ਼ਾਦੀ ਚਾਹੁੰਦੀਆਂ
ਹੈ ਉਮਰ ਬੇਸ਼ੱਕ ਖਿੜਣ ਦੀ
ਪਰ ਰਹਿੰਦੀਆਂ ਕੁਮਲਾਉਂਦੀਆਂ
ਕੁਝ ਗੱਲਾਂ ਸਾਡੇ ਪਿੰਡਾਂ ਦੀਆਂ
ਹਿਰਦੇ ‘ਚ ਹੌਲ ਪਾਉਂਦੀਆਂ
ਪਵੇ ‘ਕੱਲੀਆਂ ਨੂੰ ਘਰ ‘ਚੋਂ ਆਵਣਾ
ਇਹ ਕਮਲੀਆਂ ਘਬਰਾਉਂਦੀਆਂ
ਪਵੇ ਸ਼ਹਿਰ ਗੇੜਾ ਮਾਰਨਾ
ਮਾਵਾਂ ਨੂੰ ਸੰਗ ਲਿਆਉਂਦੀਆਂ
ਤੂੰ ਮਰਦ ਜਾਤ ਹੋਸ਼ ਕਰ
ਨਾ ਮੋੜਾਂ ‘ਤੇ ਬੈਠਿਆ ਕਰ
ਖ਼ੁਦ ਨੂੰ ਨੰਗਾ ਕਰਿਆ ਕਰ
ਖ਼ੁਦ ਦਾ ਬਦਨ ਦੇਖਿਆ ਕਰ
ਜੋ ਤਰੱਕੀਆਂ ਦੇ ਸ਼ਹਿਰ ਨੇ
ਉੱਥੋਂ ਵੀ ਖ਼ਬਰਾਂ ਆਉਂਦੀਆਂ
ਇਹ ਪੱਥਰਾਂ ਨੇ ਲੁੱਟੀਆਂ
ਪੱਥਰਾਂ ਤੋਂ ਮੁਕਤੀ ਚਾਹੁੰਦੀਆਂ
ਇਹ ਪੱਥਰਾਂ ਤੋਂ ਬਚਦੀਆਂ
ਹੈ ਖ਼ੁਦ ਨੂੰ ਵੀ ਲੁਕਾਉਂਦੀਆਂ
ਇਹ ਪੱਥਰਾਂ ਤੋਂ ਬਚਣ ਲਈ
ਪੱਥਰਾਂ ਤੋਂ ਆਸਾਂ ਲਾਉਂਦੀਆਂ
ਹੱਥਾਂ ‘ਚ ਰੱਖ ਮੋਮਬੱਤੀਆਂ
ਇਨਸਾਫ਼ ਨੇ ਇਹ ਚਾਹੁੰਦੀਆਂ
ਤੂੰ ਮਰਦ ਜਾਤ ਹੋਸ਼ ਕਰ
ਨਾ ਜ਼ਮੀਰ ਵੇਚਿਆ ਕਰ
ਖ਼ੁਦ ਨੂੰ ਨੰਗਾ ਕਰਿਆ ਕਰ
ਖ਼ੁਦ ਦਾ ਬਦਨ ਦੇਖਿਆ ਕਰ
4. ‘ਰੇਤਾ ਹੀ ਹੋਵੇਗਾ’
ਕਿਉਂ ਪਛਤਾ ਰਿਹਾਂ
ਕਿ ਹੱਥ ਖਾਲ਼ੀ ਰਹਿ ਗਏ
ਜੇ ਹੱਥਾਂ ‘ਚੋਂ ਕਿਰ ਗਿਆ
ਤਾਂ …
ਰੇਤਾ ਹੀ ਹੋਵੇਗਾ
5. ‘ਵਿਆਪਕਤਾ’
ਕਦੇ ਧਿਆਨ ਦੇਵੀਂ
ਬਿਲਕੁਲ ਕਰੀਬੀ ਦੋ ਰੁੱਖ
ਤੇ…
ਹਵਾਵਾਂ ਕਰਕੇ
ਮਿਲਦੇ-ਵਿਛੜਦੇ
ਦੋਵਾਂ ਰੁੱਖਾਂ ਦੇ ਪੱਤੇ
ਤੇ…
ਹਵਾ ਰੁਕਣ ਤੇ
ਪੱਤਿਆਂ ਦਾ ਸਬਰ
ਤੇ ਸੋਚੀਂ…
ਮੁਹੱਬਤ ਦੀ ਵਿਆਪਕਤਾ
ਇਹ ਸਿਰਫ਼ ਤੇਰੇ-ਮੇਰੇ ਤੀਕ ਸੀਮਤ ਨਹੀਂ।
6.’ਤੇਰੇ ਵਰਗਾ ਹੋਣਾ ਔਖਾ’
‘ਮੈਂ’ ਨੂੰ ਭੁੱਲ ਕੇ ਜਿਉਣਾ ਔਖਾ
ਬੰਦਾ ਰੱਬ ਬਣਾਉਣਾ ਔਖਾ
ਤੇਰੇ ਵਰਗਾ ਹੋਣਾ ਔਖਾ
ਦੂਜਾ ਪਾਸਾ ਛੋਹਣਾ ਔਖਾ
ਜ਼ਿੰਦਗੀ ਨੂੰ ਸੁਲਝਾਉਣਾ ਔਖਾ
ਤੇਰੇ ਵਰਗਾ ਹੋਣਾ ਔਖਾ
ਜ਼ਿੰਦਗੀ ਨੂੰ ਹੱਥਾਂ ਵਿੱਚ ਲੈ ਕੇ
ਬੱਚਿਆਂ ਵਾਂਗ ਖਿਡਾਉਣਾ ਔਖਾ
ਤੇਰੇ ਵਰਗਾ ਹੋਣਾ ਔਖਾ
ਹਰ ਲਮਹੇ ਨੂੰ ਹੱਸ ਕੇ ਮਿਲਣਾ
ਹਰ ਲਮਹੇ ਨੂੰ ਜਿਉਣਾ ਔਖਾ
ਤੇਰੇ ਵਰਗਾ ਹੋਣਾ ਔਖਾ
ਹਰ ਵਾਰੀ ਹੱਥ ਖਾਲ਼ੀ ਰੱਖ ਕੇ
ਹਰ ਵਾਰੀ ਮਨ ਸਮਝਾਉਣਾ ਔਖਾ
ਤੇਰੇ ਵਰਗਾ ਹੋਣਾ ਔਖਾ
ਖ਼ੁਦ ਨੂੰ ਖ਼ੁਦ ਹੀ ਮਾਰ ਕੇ ਅੜਿਆ
ਦੂਜਿਆਂ ਦੇ ਲਈ ਜਿਉਣਾ ਔਖਾ
ਤੇਰੇ ਵਰਗਾ ਹੋਣਾ ਔਖਾ
ਜ਼ਿੰਦਗੀ ਦੀ ਹਰ ਕਰਵਟ ਨੂੰ ਕਵਿਤਾ ਕਰਦੀ ਕਲਮ
*ਦੀਪ ਕੱਕੜ*
ਖ਼ੁਦ ਨਾਲ ਗੱਲਾਂ ਕਰਨ ਵਾਲੇ ,
ਖ਼ੁਦ ‘ਚੋਂ ਕਮੀਆਂ ਤਲਾਸ਼ਣ ਵਾਲੇ,
ਖ਼ੁਦ ਨੂੰ ਤਰਾਸ਼ਣ ਵਾਲੇ,
ਕਦੇ ਗੂੰਗੇ ਨਹੀ ਹੁੰਦੇ।


