Home updates काव्य कुंज:-ਸੁਰਜੀਤ ਸਿੰਘ ਸਿਰੜੀ

काव्य कुंज:-ਸੁਰਜੀਤ ਸਿੰਘ ਸਿਰੜੀ

1 min read
2
0
8

ਸੰਖੇਪ ਜਾਣਕਾਰੀ


ਨਾਂ:  ਸੁਰਜੀਤ ਸਿੰਘ ਸਿਰੜੀ  
ਪਿਤਾ: ਸ੍ਰ. ਅਮਰ ਸਿੰਘ
ਮਾਤਾ: ਸ੍ਰ. ਮਾਇਆ ਕੌਰ
ਜਨਮ: 25 ਅਪ੍ਰੈਲ,1975
ਵਿਦਿਅਕ ਯੋਗਤਾ: ਐਮ.ਏ.(ਅੰਗਰੇਜ਼ੀ,ਗਣਿਤ),ਬੀ.ਐੱਡ.
ਡਿਪਲੋਮਾ ਇੰਜੀਨੀਯਰਿੰਗ
ਕਿੱਤਾ: ਅਧਿਆਪਕ(ਗਣਿਤ ਅਧਿਆਪਕ) , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇਜ਼ਾਡੇਲਾ ਕਲਾਂ , ਸਿਰਸਾ,ਹਰਿਆਣਾ
ਸਿਰਜਣਾਤਮਕ ਕਾਰਜ: 
ੳ) :-ਕਾਵਿ-ਪੁਸਤਕ ‘ਮੱਥੇ ਸੂਰਜ ਧਰ ਰੱਖਿਆ ਏ’ ਦਾ ਲੋਕਗੀਤ ਪ੍ਰਕਾਸ਼ਨ ਤੋਂ ਸਨ 2017 ਵਿਚ ਪ੍ਰਕਾਸ਼ਨ
ਅ) :-ਕਵਿਤਾ,ਮਿੰਨੀ ਕਹਾਣੀ ਤੇ ਨਿੱਕੀ ਕਹਾਣੀ ਆਦਿ ਵਿਧਾਵਾਂ ਵਿਚ ਰਚਨਾਵਾਂ ਦਾ ਸ਼ਬਦ ਬੂੰਦ , ਮਿੰਨੀ,ਪ੍ਰਤੀਬਿੰਬ, ਮਿੰਨੀ ਆਦਿ ਪਤ੍ਰਿਕਾਵਾਂ ਵਿਚ ਪ੍ਰਕਾਸ਼ਨ।
ੲ):-ਦੇਸ ਹਰਿਆਣਾ ਪਤ੍ਰਿਕਾ ਵਿਚ ਕਵਿਤਾਵਾਂ ਦਾ ਹਿੰਦੀ ਵਿਚ ਅਨੁਵਾਦ 
ਸ):-ਮਿੰਨੀ ਕਹਾਣੀ ਤੇ ਕਵਿਤਾ ਦਾ ਸ਼ਾਹਮੁਖੀ ਵਿਚ ਲਿਪੀਅੰਤਰਣ
ਸਾਹਿਤਕ ਜ਼ਿੰਮੇਵਾਰੀਆਂ:
ੳ) :-ਪ੍ਰਧਾਨ ,ਪੰਜਾਬੀ ਸਤਿਕਾਰ ਸਭਾ (ਰਜਿ.) 
                                       ਸਾਹਿਤਕ ਵਿੰਗ
ਅ) :-ਵਿੱਤ-ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਹਰਿਆਣਾ ਚੈਪਟਰ
ੲ) :-ਜਨਰਲ ਸਕੱਤਰ,ਪ੍ਰਗਤੀਸ਼ੀਲ ਲੇਖਕ ਸੰਘ ,ਸਿਰਸਾ
ਸ) :-ਜਨਰਲ ਸਕੱਤਰ, ਕਲਮ ਸਿਰਸਾ
 ਪਤਾ:-ਪਿੰਡ ਤੇ ਡਾਕਖਾਨਾ ਵੈਦਵਾਲਾ, ਤਹਿਸੀਲ ਤੇ ਜ਼ਿਲਾ ਸਿਰਸਾ(ਹਰਿਆਣਾ) -125060
 ਸੰਪਰਕ: 93154-8660 

                     :-ਕੁੱਝ ਕਵਿਤਾਵਾਂ:-

1  ਕਵਿਤਾ ਦਾ ਦੇਸ਼
     (ਕਵਿਤਾ)
ਮੈਂ ਕਹਾਣੀਆਂ , ਨਾਵਲਾਂ  ਜਿਹੇ
ਲੋਕਾਂ ਵਿਚ
ਵਿਚਰਦਾ ਹਾਂ
ਕਵਿਤਾ ਭਾਲਦਾ ਹਾਂ 
ਪਰ
ਮੇਰਾ ਰਸਤਾ ਰੋਕ ਲੈਂਦੀਆਂ ਨੇ
ਮਸ਼ੀਨਾਂ
ਜਿਨ੍ਹਾਂ ਨੂੰ ਨਹੀਂ ਦਰਦ ਸੁੱਕਦੇ ਫੁੱਲਾਂ ਦਾ
ਤੇ ਨਾ ਹੀ ਦੁੱਧ ਲਈ ਸਿਕਦੇ ਬੁੱਲ੍ਹਾ ਦਾ
ਨਹੀਂ ਪਤਾ ਸੁਪਨੇ ਕੀਕਣ ਮਰ ਜਾਣਗੇ
 ਕੋਮਲ ਫੁੱਲ ਕੀਕਣ ਮਿੱਟੀ ‘ਚ ਰੁਲ ਜਾਣਗੇ
 ‎ਪ੍ਰੇਮ ਦੇ ਪੰਛੀ ਕਿਧਰ ਉੱਡ ਜਾਣਗੇ
 ‎ਉਹ ਕਦੋਂ ਫੇਰ ਪੀਹੂ ਪੀਹੂ ਗਾਣਗੇ
ਪਤਾ ਹੈ ਤਾਂ ਬਸ ਇਸ
ਜ਼ਰਬ  ਤਕਸੀਮ ਦਾ
ਜ਼ਹਿਰ ਦਾ ਬੀਅ ਕਿੱਥੇ ਕਿੱਥੇ ਸੁੱਟਣਾ ਹੈ
ਮੁਹੱਬਤ ਦਾ ਬੂਟਾ ਕਿਥੋਂ ਕਿਥੋਂ ਪੁੱਟਣਾ ਹੈ
ਕਿਹੜਾ ਚਿੱਕੜ ਕਿਸ ਦੇ ਸਿਰ ਸੁੱਟਣਾ ਹੈ
ਕਿਸ ਨੂੰ ਸੁੱਟਣਾ ਤੇ ਕਿਸਨੂੰ ਚੁੱਕਣਾ ਹੈ

ਪਰ ਮੇਰਾ ਇਹਨਾਂ ਮਸ਼ੀਨਾਂ ਦੀ 
ਕਿਚ ਕਿਚ ਵਿਚ
ਦਮ  ਘੁੱਟਣ ਲਗਦਾ ਹੈ 
ਮੇਰੇ ਅੰਦਰੋਂ ਕਵੀ 
ਕਦਮ ਪੁੱਟਣ ਲਗਦਾ ਹੈ
ਮੈਂ ਕਹਾਣੀਆਂ , ਨਾਵਲਾਂ ਜਿਹੇ
ਲੋਕਾਂ ਦੇ ਦੇਸ਼ ਜਾਂਦਾ ਹਾਂ
ਖੁਦ ਨੂੰ
ਕਵਿਤਾ ਨਾਲ ਪਰਨਾਂਦਾ ਹਾਂ
**********************
          ਆਵਾਮ 
         (ਕਵਿਤਾ)

ਆਵਾਮ ਨੂੰ ਕੌਣ ਦੱਸਦਾ ਹੈ
ਸਰਹਦ ਤੋਂ ਪਰਲੇ ਪਾਰ
ਦੁਸ਼ਮਣ ਹੀ ਦੁਸ਼ਮਣ ਹਨ
ਉਹਨਾਂ ਦੀਆਂ ਰਗਾਂ ਵਿੱਚ
ਖੂਨ ਨਹੀਂ
ਜ਼ਹਿਰ ਦੌੜਦਾ ਹੈ
ਓਧਰ ਇਨਸਾਨ ਨਹੀਂ 
ਸ਼ੈਤਾਨ ਹੀ ਸ਼ੈਤਾਨ  ਵਸਦੇ ਹਨ
ਆਵਾਮ ਨੂੰ ਕਿਉਂ
ਨਹੀਂ ਦੱਸਿਆ ਜਾਂਦਾ
ਸਰਹਦ ਤੋਂ ਪਾਰ ਵੀ
ਰਹਿੰਦੇ ਹਨ ਮਨੁੱਖ ਹੀ
ਤੇ ਉਹਨਾਂ ਦੇ ਅੰਦਰ ਵੀ 
ਧੜਕ ਰਿਹਾ ਹੈ
ਇਸੇ ਤਰਾਂ ਦਾ ਦਿਲ ਹੀ
********************

     ਇਸ਼ਕ 
   (ਕਵਿਤਾ)

ਐ ਮੇਰੀ ਸ਼ਾਇਰੀ 
ਪਹਿਲਾਂ ਤੂੰ ਗ਼ਜ਼ਲ ਵਰਗੀ ਸੈਂ
ਇਕਦਮ ਬਹਿਰ ਵਿਚ,
 ਰਾਗ ਵਿਚ
ਮੇਰੀ ਤਾਲ ਨਾਲ ਸੁਰ
ਤੇਰਾ ਹਰ ਕਦਮ ਕਾਫ਼ੀਆ ਸੀ
ਤੇਰਾ ਹਰ ਬੋਲ ਰਦੀਫ ਸੀ
ਉਦੋਂ ਤੂੰ ਬਹੁਤ ਖੂਬਸੂਰਤ ਸੈਂ
ਮੈਂ ਥਾਂ ਥਾਂ ਤੇਰੀ ਵਫ਼ਾ ਦੀ
ਸਿਫ਼ਤ ਗਾਂਦਾ ਸਾਂ
ਤੈਥੋਂ ਬਲਿਹਾਰੇ ਜਾਂਦਾ ਸਾਂ
ਫ਼ੇਰ ਪਤਾ ਨਹੀਂ 
ਕੀ ਹੋਇਆ
ਤੂੰ ਬਹਿਰੋਂ ਬਾਹਰ ਹੋਣ ਲੱਗੀ 
ਤੂੰ ਭੁੱਲ ਗਈ ਕਾਫ਼ੀਏ ਵਿਚ ਚਲਣਾ
ਰਦੀਫ਼ ਵਿਚ ਬੋਲਣਾ
 ਹੁਣ ਤੂੰ 
 ਮੇਰੇ ਦੱਸੇ ਛੰਦਾਂ ਤੋਂ
ਮੁਕਤ ਹੋ ਗਈ ਸੈਂ
ਆਪਣੀ ਹੀ ਲੈਅ ਤੇ
ਸੁਰ ਲੈ ਕੇ
ਬਣ ਗਈ ਸੈਂ
ਖੁਲ੍ਹੀ ਕਵਿਤਾ

ਹੁਣ ਮੈਨੂੰ ਗ਼ਜ਼ਲ ਦੇ 
ਆਸ਼ਿਕ ਨੂੰ ਇਹ ਕਵਿਤਾ 
ਬੇਵਫ਼ਾ ਲੱਗਣ ਲੱਗੀ
ਮੈਂ ਭੁੱਲ ਗਿਆ ਸਾਂ 
ਗਾਉਣਾ
ਤੇਰੀ ਸਿਫ਼ਤ ਦੇ ਗੀਤ

ਫ਼ੇਰ ਇਕ ਦਿਨ ਤੂੰ!
ਮੈਨੂੰ  ਇਹ ਆਖ 
ਮੁਕਤ ਕਰ ਦਿੱਤਾ
ਕਿ ਜਾਹ ! ਝੂਠੇ ਆਸ਼ਕਾ!
ਤੈਨੂੰ ਇਸ਼ਕ ਕਰਨਾ ਵੀ 
ਨਹੀਂ ਆਉਂਦਾ
ਇਸ਼ਕ ਬੰਧਨ ਵਿਚ ਬਨ੍ਹਣਾ ਨਹੀਂ
ਆਜ਼ਾਦ ਕਰਨਾ ,
ਆਜ਼ਾਦ ਹੋਣਾ ਹੁੰਦਾ ਏ
ਜੜ੍ਹ ਰਵਾਇਤਾਂ ਨੂੰ 
ਤੋੜਨਾ ਹੁੰਦਾ ਏ ਇਸ਼ਕ
ਜਿਸ ਦਿਨ ਤੈਨੂੰ ਇਹ ਸਭ
ਸਮਝ ਆਵੇਗਾ
ਉਸ ਦਿਨ ਤੂੰ ਸਮੇਂ ਦੇ ਹਾਣ ਦੀ
ਖੁਲ੍ਹੀ ਕਵਿਤਾ ਵਰਗਾ
ਬਣ  ਜਾਵੇਂਗਾ
***********************

      ਦਿੱਲੀਏ 
     (ਕਵਿਤਾ)
 ‎

ਦਿੱਲੀਏ
ਕੀ ਤੂੰ ਭੁੱਲ ਗਈ ਏਂ
ਦੇਗ ਵਿਚ ਉਬਲਦਾ
 ਦਿਆਲਾ
ਰੂੰ ਵਿਚ ਸੜਦਾ 
 ਸਤੀ ਦਾਸ
ਆਰੇ ਨਾਲ ਚਿਰਦਾ 
 ਮਤੀ ਦਾਸ
ਜਾਂ ਉਹ ਚਾਂਦਨੀ ਚੌਂਕ
ਜਿੱਥੇ ਧੜ ਤੋਂ ਵੱਖਰਾ ਕੀਤਾ
ਗਿਆ ਸੀ 
ਗੁਰੂ ਦਾ ਸੀਸ

ਚਲੋ ਹੋ ਸਕਦੈ
ਤੂੰ ਭੁਲ ਗਈ ਹੋਵੇਂ 
ਇਹ ਸਭ
ਪਰ ਚੁਰਾਸੀ ਤਾਂ ਹਾਲੇ ਕੱਲ੍ਹ 
ਹੀ ਬੀਤਿਆ
ਸੜਦੇ ਟਾਇਰਾਂ ਦੀ ਬੋਅ
ਕਾਇਮ ਹੈ ਹਵਾ ਵਿਚ
 ਓਸੇ ਤਰ੍ਹਾਂ
ਅਜੇ ਤਾਂ ਉਦਾਂ ਹੀ ਪਏ ਨੇ 
ਸਾਡੇ ਫ਼ਟ ਹਰੇ
ਲਹੂ ਮਿਝ ਨਾਲ ਗੰਧਲੀ
ਪਈ ਹੈ ਧਰਤੀ
ਹਾਲੇ ਤੀਕਰ
ਅਜੇ ਤਾਂ ਅਦਾਲਤ ਵਿਚ ਪੈ
ਰਹੀਆਂ ਨੇ 
ਤਰੀਕਾਂ ਵੀ

ਦਿੱਲੀਏ 
ਤੂੰ ਏਨੀ ਛੇਤੀ ਫਿਰ ਕਿਉਂ
ਮੰਗਣ ਲਗਦੀ ਹੈਂ ਖ਼ੂਨ
ਕੀ ਕੁਝ ਸਮੇਂ ਬਾਅਦ
ਜਾਗ ਪੈਂਦਾ ਹੈ
ਤੇਰੇ ਅੰਦਰੋਂ ਸੁੱਤਾ ਹੋਇਆ
ਕੋਈ ਪਿਛਾਚ
ਤੇ ਇਹ ਆਦਮਖੋਰ 
ਉਦੋਂ ਤਕ ਮੂੰਹ ਅੱਡੀ 
ਰੱਖਦਾ ਹੈ
ਜਿੰਨੀ ਦੇਰ ਮਨੁੱਖਤਾ
ਤ੍ਰਾਹ ਤ੍ਰਾਹ ਨਹੀਂ ਕਰ 
ਉਠਦੀ
*****************
  ਭਾਰਤ ਮਾਂ ਦਾ ਸ਼ਬਦ ਚਿੱਤਰ
          (ਕਵਿਤਾ)


ਤਿੰਨ ਰੰਗੇ ਕੱਪੜੇ ਦੀ
ਰੇਸ਼ਮੀ ਸਾੜੀ ਵਿਚ
ਲਿਪਟੀ ਹੋਈ
ਮੱਥੇ ਤੇ ਬਿੰਦੀ 
ਲਾ ਕੇ ਖਲੋਤੀ 
ਸੋਹਣੀ ਜਿਹੀ ਕੋਈ
ਮੁਟਿਆਰ
ਭਾਰਤ ਮਾਂ ਕਿੰਵੇ 
ਹੋ ਸਕਦੀ ਏ

ਚਿਤਰਕਾਰ 
ਦਾ ਚਿੱਤਰ
ਐਨਾ ਬੇਮਾਨੀ
ਕਿੰਵੇ ਹੋ ਸਕਦਾ ਏ
ਸੱਚ ਤੋਂ ਐਨਾ ਦੂਰ
ਸ਼ਾਇਦ ਉਸ ਕੋਈ 
ਸੁਪਨਾ ਸਿਰਜਿਆ ਹੋਵੇ
ਪਰ ਮੈਂ
ਕਿੰਵੇ ਮੰਨ ਲਵਾਂ
 ਇਸਨੂੰ ਭਾਰਤ ਮਾਂ

ਇਹ  ਕੌਣ ਹੈ?
ਜੋ ਕਚਹਿਰੀਆਂ ‘ਚ
ਕੁਰਸੀ ਦੇ ਪਾਵਿਆਂ ਨਾਲ ਬੱਝੇ
ਜੱਜਾਂ ਅੱਗੇ
ਨਿਆਂ ਲਈ ਹਾੜੇ ਕੱਢਦੀ ਹੈ
 ‎
ਇਹ ਕੌਣ ਹੈ ਜੋ
ਤੈਮੂਰ, ਗਜ਼ਨੀ  ਤੇ ਬਾਬਰ ਹੱਥੋਂ
ਹੀ ਨਹੀਂ ਆਪਣੇ ਜਾਇਆਂ ਦੇ ਹੱਥੋਂ ਵੀ
ਨਿਰਵਸਤਰ ਹੁੰਦੀ 
ਅੰਗ ਅੰਗ ਤੁੜਵਾਉਂਦੀ
ਜ਼ਾਰ ਜ਼ਾਰ ਰੋਂਦੀ  ਹੈ

ਇਹ ਕੌਣ ਹੈ
ਜੋ ਆਪਣੇ ਹੱਕਾਂ ਲਈ
ਆਵਾਜ਼ ਉਠਾਉਂਦੀ
ਜ਼ਾਬਰਾਂ ਹੱਥੋਂ
ਹਰ ਵਾਰ
ਸਿਰ ਪੜਵਾਉਂਦੀ
ਲਹੂਲੁਹਾਨ ਹੁੰਦੀ ਹੈ

ਇਹ ਕੌਣ ਹੈ ਜੋ
ਸੈਂਕੜਿਆਂ ਵਾਰ
ਮਜ਼ਹਬਾਂ ਦੇ ਜ਼ਹਿਰ ਨਾਲ
ਤੜਪਦੀ , ਵਿਲਕਦੀ , ਸਿਸਕਦੀ
ਮੂੰਹੋਂ ਝਗ ਉਲਟਦੀ ਹੈ

ਇਹ ਕੌਣ ਹੈ ਜੋ
ਬਹੁਤ  ਨਾਂਹ ਨਾਂਹ 
ਕਰਦੀ ਵੀ
ਨੀਮ ਹਕੀਮਾਂ ਪਾਸੋਂ ਹੀ 
ਆਪਣੇ ਅੰਦਰ ਜਨਮੀਆਂ
 ਕੈਂਸਰਾਂ  ਤੇ ਟੀ ਬੀ ‘ਆਂ
ਦਾ ਇਲਾਜ਼ ਕਰਵਾਉਂਦੀ ਹੈ।

 ਇਹ ਕੌਣ ਹੈ 
ਜੋ ਮਜਬੂਰੀ ਵਸ
ਪਿੱਠ ਪਿੱਛੇ ਬੰਨ੍ਹ ਕੇ ਬਾਲ ਨਿੱਕਾ
 ਸਿਰ ਤੇ ਬੱਠਲ ਢੋਂਦੀ
 ਪੌੜੀਆਂ ਚੜ੍ਹਦੀ
 ਕਾਰਪੋਰੇਟ ਲਈ ਲੁੱਟ ਦੇ ਕੇਂਦਰ
 ‎ਸਥਾਪਿਤ ਕਰਦੀ ਹੈ 

ਇਹ ਕੌਣ ਹੈ  ‎
ਜੋ ਹਰ ਵਾਰ
ਵੋਟਾਂ ਲਈ ਵਿਕਦੀ
ਸੱਚ ਨੂੰ ਝੂਠ ਨਾਲ ਹਿਕਦੀ
ਲੋਕਰਾਜ ਲਈ ਸਿਕਦੀ ਹੈ

ਮੇਰੇ ਚਿਤਰਕਾਰ ਦੋਸਤ
ਕੀ ਤੂੰ ਭਾਰਤ ਮਾਂ ਦਾ 
ਇਸ ਤਰ੍ਹਾਂ ਦਾ ਵੀ
ਕੋਈ ਚਿੱਤਰ ਚਿਤਰ
ਸਕਦਾ ਹੈਂ
ਜੇ ਚਿਤਰ ਸਕਦਾ ਏਂ
ਤਾਂ ਮੈਨੂੰ ਜ਼ਰੂਰ ਭੇਂਟ ਕਰ
ਨਹੀਂ ਤਾਂ ਮੇਰੇ ਵੱਲੋਂ
ਭਾਰਤ ਮਾਂ ਦਾ ਇਹ
ਸ਼ਬਦ ਚਿੱਤਰ ਕਬੂਲ ਕਰ…..ਸੁਰਜੀਤ ਸਿੰਘ ਸਿਰੜੀ



2 Comments

  1. Unknown

    June 12, 2020 at 6:47 pm

    ਬਹੁਤ ਖੂਬਸੂਰਤ ਰਚਨਾਵਾਂ ਹਰ ਰਚਨਾ ਅਵਾਮ ਦਾ ਦਰਦ ਬਿਆਨਦੀ ਹੈ ।

    Reply

  2. Unknown

    June 12, 2020 at 6:47 pm

    ਬਹੁਤ ਖੂਬਸੂਰਤ ਰਚਨਾਵਾਂ ਹਰ ਰਚਨਾ ਅਵਾਮ ਦਾ ਦਰਦ ਬਿਆਨਦੀ ਹੈ ।

    Reply

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …