ਦੋ ਨੀਹਾਂ ਤੋਂ ਸ਼ਬਦ,
ਦੁਨੀਆਂ ਬਣਿਆ ਏ|
ਜ਼ਿੰਦਗੀ ਦੀ ਕਿਲਕਾਰੀ,
ਮੌਤ ਨੇ ਪਰਦਾ ਤਣਿਆ ਏ |
ਜ਼ਿੰਦਗੀ ਹੈ ਇੱਕ ਦਰਿਆ ,
ਹਰ ਕੋਈ ਵਗਣਾ ਚਾਹੁੰਦਾ ਏ,
ਇੱਕ ਦੂਜੇ ਤੋਂ ਵਾਹਲਾ ਸੋਹਣਾ,
ਹਰ ਕੋਈ ਲੱਗਣਾ ਚਾਹੁੰਦਾ ਏ |
ਟਾਈ ਲੱਗੀ ਸੀ ਪੈਂਟ ਕੋਟ,
ਬੜਾ ਹੀ ਸੋਹਣਾ ਸੂਟ ਸੀ |
ਪੈਰਾਂ ਚ ਪਾਏ ਹੋਏ ਉਹਨੇ,
ਮਹਿੰਗੇ ਬਰਾਂਡਡ ਬੂਟ ਸੀ |
ਇਤਰ ਵਾਲੀਆਂ ਖੂਸ਼ਬੋਆਂ
ਚੜ੍ਹੀਆਂ ਅਸਮਾਨੀ ਸੀ |
ਅੱਖਾਂ ਤੇ ਕਾਲੀ ਐਨਕ,
ਲੱਗੀ ਹੋਈ ਅਰਮਾਨੀ ਸੀ |
ਵੱਡੀ ਸਾਰੀ ਕੋਠੀ ਵਿੱਚ,
ਠਾਠ ਨਾਲ ਰਹਿੰਦਾ ਸੀ |
ਡਰਾਇਵਰ ਤਾਕੀ ਖੋਲਦਾ,
ਵੱਡੀ ਗੱਡੀ ਚ ਬਹਿੰਦਾ ਸੀ |
ਦਫ਼ਤਰ ਦੇ ਵਿੱਚ ਰੋਹਬ,
ਬੜਾ ਡੁੱਲ੍ ਡੁੱਲ੍ ਪੈਂਦਾ ਸੀ |
ਮੇਰੇ ਵਰਗਾ ਹੈ ਕੌਣ ਓਏ ,
ਇਹ ਭੁਲੇਖਾ ਰਹਿੰਦਾ ਸੀ |
ਹੱਥ ਚ ਫਾਇਲ ਫੜ੍ਹੀ ਸੀ ,
ਬਾਬਾ ਜੀ ਦਫ਼ਤਰ ਵੜੇ ਸੀ|
ਸਾਇਨ ਕਰਾਉਣ ਲਈ ਉਹ,
ਸਾਬ ਜੀ ਦੇ ਕੋਲ ਖੜੇ ਸੀ |
ਖਚਰਾ ਜਾ ਹੱਸਕੇ ਕਹਿੰਦਾ,
ਬਜੁਰਗਾ ਸਮਝ ਨਾ ਲੱਗਦੀ ਏ,
ਮੇਰੀ ਤਾਂ ਇੱਥੇ ਇੱਕ ਘੁੱਗੀ ,
ਵੀਹ ਹਜ਼ਾਰ ਚ ਵੱਜਦੀ ਏ |
ਬਾਬਾ ਬਾਹਰ ਆ ਗਿਆ ,
ਸੱਚੀਂ ਕਾਲਜਾ ਖੁੱਸਿਆ ਸੀ |
ਅਫ਼ਸਰ ਬੰਦਾ ਕਿਹੋ ਜਿਹਾ,
ਕਿਸੇ ਨੇ ਬਾਬੇ ਨੂੰ ਪੁੱਛਿਆ ਸੀ |
ਬਾਹਲਾ ਹੀ ਘਟੀਆ ਬੰਦਾ,
ਮੈਥੋਂ ਤਾਂ ਮੰਗਦਾ ਵੱਢੀ ਸੀ |
ਬਾਹਰ ਆ ਕੇ ਬਾਬੇ ਨੇ ,
ਆਪਣੀ ਭੜਾਸ ਕੱਢੀ ਸੀ|
ਬਰਾਂਡਡ ਸੂਟ ਬੂਟ ਦਾ ਰੰਗ ,
ਹੁਣ ਫਿੱਕਾ ਪੈ ਗਿਆ ਸੀ |
ਉਹ ਬਣਦਾ ਸੀ ਸੋਹਣਾ ,
ਬਾਬਾ ਗੰਦਾ ਕਹਿ ਗਿਆ ਸੀ |
ਨਿੰਮੋਝੂਣਾ ਜਾ ਹੋ ਕੇ ਬਾਬੇ ਨੇ,
ਫੜ੍ਹ ਲਿਆ ਫੇਰ ਰਸਤਾ ਸੀ |
ਮਹਿੰਗੇ ਕੱਪੜਿਆਂ ਦੇ ਵਿੱਚੋਂ,
ਬੰਦਾ ਨਿਕਲਿਆ ਸਸਤਾ ਸੀ |
ਫਿਰ ਇੱਕ ਹੋਰ ਅਫ਼ਸਰ ਬਦਲਕੇ,
ਉਸ ਦਫ਼ਤਰ ਵਿੱਚ ਆਇਆ ਸੀ |
ਸਾਦਾ ਜਿਹਾ ਹੀ ਉਹ ਬੰਦਾ ਸੀ,
ਸਾਦਾ ਜਿਹਾ ਪਹਿਰਾਵਾ ਪਾਇਆ ਸੀ |
ਬਾਬਾ ਜੀ ਨੇ ਉਹਦੇ ਕੋਲ ਵੀ,
ਜਾ ਕੇ ਫੇਰ ਅਰਜ਼ ਗੁਜਾਰੀ ਸੀ |
ਬਾਬਾ ਜੀ ਨੂੰ ਬਿਠਾ ਕੇ ਉਸਨੇ ,
ਸੇਵਾਦਾਰ ਨੂੰ ਆਵਾਜ਼ ਮਾਰੀ ਸੀ |
ਸਤਿਕਾਰ ਸਹਿਤ ਬਾਬਾ ਜੀ ਨੂੰ ,
ਫੇਰ ਸਾਰੀ ਗੱਲ ਸਮਝਾਈ ਸੀ |
ਫਾਇਲ ਵੀ ਸਾਇਨ ਸੀ ਕਰਤੀ ,
ਨਾਲੇ ਬਾਬੇ ਨੂੰ ਚਾਹ ਪਿਲਾਈ ਸੀ |
ਦਫ਼ਤਰ ਤੋਂ ਬਾਹਰ ਆਇਆ ,
ਬਾਬਾ ਜੀ ਚਾਂਈ ਚਾਂਈ ਸੀ |
ਅਫ਼ਸਰ ਬੰਦਾ ਕਿਵੇ ਆ ਇਹ ,
ਬਾਬੇ ਨੂੰ ਪੁੱਛਦਾ ਗਰਾਂਈ ਸੀ |
ਅਫ਼ਸਰ ਦੀ ਕੀ ਗੱਲ ਭਾਈ
ਤੈਨੂੰ ਮੈਂ ਦੱਸਾਂ ਵੀਰਾ ਓਏ ,
ਬੰਦਾ ਕਾਹਦਾ ਭਾਈ ਉਹ,
ਉਹ ਤਾਂ ਨਿਰਾ ਹੀਰਾ ਓਏ |
ਪਹਿਲੇ ਦੀ ਮਾੜੀ ਸੋਚ ਨੇ ,
ਬਾਬੇ ਨੂੰ ਬੜਾ ਠੱਗਿਆ ਸੀ ,
ਬਰਾਂਡਡ ਸੂਟ ਚ ਵੀ ਤਾਹੀਂਓ,
ਉਹ ਘਟੀਆ ਲੱਗਿਆ ਸੀ |
ਦੂਜੇ ਦੀ ਚੰਗੀ ਸੋਚ ਨੇ ਹੀ,
ਬਾਬਾ ਖੁਸ਼ੀ ਨਾਲ ਭਰਤਾ ਸੀ |
ਤਾਂਹੀ ਸਾਦਾ ਜਿਹਾ ਉਹ ਬੰਦਾ ,
ਹੀਰੇ ਦੇ ਬਰਾਬਰ ਕਰਤਾ ਸੀ |
ਸੂਟ ਬੂਟ ਤੇ ਟਾਈ ਨਾਲ ,
ਜੇ ਕਿਸੇ ਗੁਣ ਨੀ ਗੁੰਦੇ ਜੀ |
ਮਹਿੰਗੇ ਕੱਪੜਿਆਂ ਨਾਲ,
ਬੰਦੇ ਮਹਿੰਗੇ ਨੀ ਹੁੰਦੇ ਜੀ |
‘ਚਾਹਲ’ ਦੀ ਕਲਮ ਦਾ ,
ਬਸ ਇਹੀ ਕਹਿਣਾ ਜੀ |
ਚੰਗੀ ਸੋਚ ਤੇ ਸਾਦਗੀ ਹੀ,
ਹੁੰਦੀ ਬੰਦੇ ਦਾ ਗਹਿਣਾ ਜੀ |
ਜਸਵਿੰਦਰ ਚਾਹਲ
9876915035


