Home updates ਯਾਦਾਂ ਨਾਨਕੇ ਪਿੰਡ ਦੀਆ.. Chhinder kaur (Shinder)

ਯਾਦਾਂ ਨਾਨਕੇ ਪਿੰਡ ਦੀਆ.. Chhinder kaur (Shinder)

26 second read
0
0
36

ਧੀਆਂ ਦੇ ਮੋਹ ਸਦਕਾ ਉਹ ਸਾਰੀ ਉਮਰ ਟੱਪਰੀਵਾਸ ਰਿਹਾ !
             Chhinder kaur (Shinder)

ਬੜੇ ਚਿਰਾਂ ਬਾਦ ਗੇੜਾ ਲੱਗਾ ਸੀ ਉਸ ਪਿੰਡ  ਦਾ ਜਿੱਥੇ ਕਦੀ ਮੇਰਾ ਨਾਨਾ ਰਹਿੰਦਾ ਹੁੰਦਾ ਸੀ। ਨਾਨੇ ਦੇ ਨੇੜਲੇ ਸਾਕਾਂ ਚੋਂ ਕਈ ਮਾਮੇ ਮਾਸੀਆਂ ਮਿਲੀਆਂ। ਬਾਪੂ ਬਲੀ ਸਿੰਘ ਗੁਰਾਇਆ ਦੇ ਭੋਗ ਤੇ ਕੱਠ ਏਨਾਂ ਸੀ ਕਿ ਤਿਲ ਧਰਨ ਦੀ ਥਾਂ ਨਹੀਂ ਸੀ। ਲੰਗਰ ਛਕ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਕੁਛ ਚਿਰ ਕੀਰਤਨ ਸੁਨਣ ਨੂੰ ਮਨ ਕੀਤਾ । ਅਜੇ ਜਾਕੇ ਬੈਠੀ ਹੀ ਸਾਂ ਕਿ ਇੱਕ ਦਮ ਕਿਸੇ ਨੇ ਆਕੇ ਪਿਛੋਂ ਦੀ ਮੇਰੇ ਮੋਢੇ ਉੱਤੇ ਹੱਥ ਰੱਖਿਆ । ਮੈਂ ਮੂੰਹ ਭੁਵਾਂ ਕੇ ਵੇਖਿਆ ਮੇਰੇ ਪਛਾਨਣ ਤੋਂ ਪਹਿਲਾਂ ਉਸ ਦੁਵਾਂ ਹੱਥਾਂ ਨਾਲ ਸਿਰ ‘ਤੇ ਪਿਆਰ ਦਿੱਤਾ ਤੇ ਆਖਣ ਲੱਗੀ ਤੂੰ ਸੁੱਚਾ ਸਿੰਘ ਦੀ ਦੋਹਤਰੀ ਭੈਣ ਜੱਸੋ ਦੀ ਧੀ ਏਂ ਨਾ । ਉਹਦੇ ਇਹਨਾਂ ਆਖਣ ਨਾਲ ਮੈਂ ਵੀ ਝੱਟ ਪਿਛਾਣ ਗਈ । ਉਹ ਮੇਰੀ ਛੋਟੀ ਮਾਸੀ ਦੀ ਬਚਪਨ ਦੀ ਸਹੇਲੀ ਸੀ ਤੇ ਮੈਂ ਜਦੋਂ ਛੋਟੀ ਹੁੰਦੀ ਨਾਨਕੇ ਜਾਂਦੀ ਸਾਂ ਤੇ ਮੈਨੂੰ ਸਾਂਵੇ ਖੇਡਣ ਨਾਲ ਲੈ ਜਾਂਦੀਆਂ ਸਨ ਉਨਾਂ ਆਪ ਨਈਂ ਸਨ ਨੱਚਦੀਆਂ ਜਿੰਨਾ ਮੈਨੂੰ ਨਚਾ ਲੈਂਦੀਆਂ ਸਨ।

ਉਹ ਮੈਨੂੰ ਘੁੱਟ ਕੇ ਮਿਲੀ ਤੇ ਸੁੱਖ ਸਾਂਧ ਪੁੱਛਣ ਤੋਂ ਬਾਅਦ ਹੋਰ ਵੀ ਬੜੀਆਂ ਗੱਲਾਂ ਕੀਤੀਆਂ।

ਹੁਣ ਮੈਨੂੰ ਚੈਨ ਨਈਂ ਸੀ ਆ ਰਿਹਾ।ਮੇਰਾ ਜੀਅ ਕਰੇ ਕੀ ਮੈਂ ਆਪਣੇ ਨਾਨੇ ਦਾ ਘਰ ਵੇਖ ਕੇ ਆਵਾਂ।
ਨਾਨੇ ਦੇ ਮਰਨ ਤੋਂ ਬਾਅਦ ਬੀਜੀ ਹੁਰਾਂ ਨੇ ਇਸ ਪਿੰਡ ਚੋਂ ਨਾਨੇ ਵਾਲੀ ਜਮੀਨ ਵੇਚ ਕੇ ਆਪਣੇ ਟੱਕ ਨਾਲ ਲੱਗਦੀ ਜਮੀਨ ਖਰੀਦ ਲਈ ਸੀ ਤੇ ਨਾਨੇ ਦਾ ਘਰ ਵੀ ਕਈ ਚਿਰਾਂ ਬਾਦ ਵੇਚ ਦਿੱਤਾ ਸੀ। ਆਪਣੀ ਛੋਟੀ ਭੈਣ ਜਿੰਦਰ ਨੂੰ ਨਾਲ ਲੈਕੇ ਮੈਂ ਨਾਨੇ ਦੇ ਘਰ ਵੱਲ ਟੁਰ ਪਈ।
ਸਾਰੇ ਘਰਾਂ ਦੇ ਬੂਹੇ ਬੰਦ ਸਨ । ਓੱਦਣ ਨਾਲ ਲੱਗਦੇ ਪਿੰਡਾਂ ਦੇ ਪਿੰਡ ਭੋਗ ‘ਤੇ ਗਏ ਸਨ। ਪਰ ਮੇਰੇ ਨਾਨੇ ਦੇ ਘਰ ਦਾ ਬੂਹਾ ਖੁੱਲ੍ਹਾ ਸੀ । ਉਥੇ ਹੁਣ ਕਾਮੇ ਰਹਿੰਦੇ ਸਨ। ਅਸੀਂ ਦੋਵੇਂ ਭੈਣਾਂ ਜਦੋਂ ਅੰਦਰ ਵੜੀਆਂ ਤੇ ਸਾਡੀ ਭੁੱਬ ਨਿਕਲ ਗਈ। ਬਾਹਰਲਾ ਬੂਹਾ ਬਦਲ ਕੇ ਲੋਹੇ ਦਾ ਲਾ ਦਿੱਤਾ ਗਿਆ ਸੀ ਤੇ ਅੰਦਰਲੇ ਕਮਰੇ ਉਸੇ ਤਰ੍ਹਾਂ ਸਨ। ਉਸੇ ਤਰ੍ਹਾਂ  ਉੱਥੇ ਮੱਝਾਂ ਗਾਵਾਂ ਬੱਝੀਆਂ ਸਨ ।ਕਾਮੇ ਪੱਠੇ ਪਾ ਰਹੇ ਸਨ। ਰਸੋਈ ਦੇ ਨਾਲ ਲੱਗਦਾ ਢਾਰਾ ਢਾਹ ਦਿੱਤਾ ਗਿਆ ਸੀ । ਰਸੋਈ ਵਿਚ ਟੋਕਾ ਫਿੱਟ ਕੀਤਾ ਸੀ। ਜਿਹੜੀ ਪਰਛੱਤੀ ‘ਤੇ ਪਿੰਨੀਆਂ ਵਾਲੀਆਂ ਲੋਹੇ ਦੀਆਂ ਪੀਪੀਆਂ ਪਈਂਆਂ ਹੁੰਦੀਆਂ ਸਨ ਉਥੇ ਹੁਣ ਟੋਕੇ ਤਿੱਖੇ ਕਰਨ ਵਾਲੇ ਸੰਦ ਤੇ ਕਾਲਾ ਤੇਲ ਤੇ ਗਰੀਸ ਪਈ ਸੀ।

ਇੰਝ ਜੀਅ ਕਰੇ ਕਿ ਤੀਹ ਸਾਲ ਪਹਿਲਾਂ ਇਸੇ ਘਰ’ਚ ਵੱਸਦੇ ਜੀਆ ਚੋਂ ਕੋਈ ਆਵੇ ਤੇ ਬਾਹੋਂ ਫੜਕੇ ਅੰਦਰ ਲੈ ਜਾਏ । ਅਸੀਂ ਆਪੇ ਅੰਦਰ ਵੜ ਕੇ ਛੱਤਾਂ ਕੰਧਾਂ ਨੂੰ ਵੇਖਿਆ ਤੇ ਫੇਰ ਮੱਝਾਂ ਗਾਵਾਂ ਵੱਲ ਹੋਈਆਂ !ਅਸੀਂ ਇੱਕ -ਇੱਕ ਸ਼ੈ ਨੂੰ ਮਹਿਸੂਸ ਕਰ ਰਹੀਆਂ ਸਾਂ !

ਏਨੇ ਨੂੰ ਕੋਈ ਸਿਆਣੀ ਜਿਹੀ ਔਰਤ ਆਈ ਤੇ ਆਖਣ ਲੱਗੀ ਬੀਬੀ ਭੈਣਾਂ ਸੁੱਚਾ ਸਿੰਘ ਦੀਆਂ ਦੋਹਰੀਆਂ ਲੱਗਦੀਆਂ ਹੋ ਵੇਖਣ ਨੂੰ। ਮੈਂ ਆਖਿਆ ਮਾਸੀ ਆਹੋ!
ਪਰ ਅਸੀਂ ਤੁਹਾਨੂੰ ਪਛਾਣਿਆ ਨਹੀਂ।
ਉਹ ਆਖਣ ਲੱਗੀ ਤੁਸੀਂ ਛੋਟੀਆਂ ਸੋ ਜਦੋ ਮੇਰੀ ਵੱਡੀ ਭੈਣ ਮਾਣਕੀ ਤੇਰੇ ਨਾਨੇ ਦੇ ਘਰ ਦੇ ਨਾਲ ਲੱਗਦੇ ਕੱਚੇ ਕੋਠੇ’ਚ ਰਹਿੰਦੀ ਸੀ । ਜਦੋਂ ਉਸ ਮਾਣਕੀ ਦਾ ਨਾਂ ਲਿਆ ਤੇ ਮੈਂ ਪੁੱਛਿਆ ਮਾਣਕੀ ਕਿੱਥੇ ਆ ।
ਉਸ ਭਰੇ ਮਨ ਨਾਲ ਦੱਸਿਆ ਕਿ ਮਾਣਕੀ ਮਰੀ ਨੂੰ ਕਈ  ਸਾਲ ਹੈ ਗਏ ਨੇ । ਅਗੋਂ ਮੈਂ ਪੁੱਛਿਆ ਉਹਦੀਆਂ
ਕੁੜੀਆਂ ਦਾ ਕੀ ਬਣਿਆ।
ਏਨੇ ਨੂੰ ਮਾਣਕੀ ਦੇ ਚੇਹਰੇ ਮੋਹਰੇ ਵਰਗੀ ਮਾਣਕੀ ਦੀ ਧੀ ਸਾਨੂੰ ਆਣ ਮਿਲੀ ਜੋ ਕੁਦਰਤੀ ਆਪਣੇ ਸੋਹਰਿਓਂ ਆਈ ਸੀ। ਮਾਣਕੀ (ਉਹਦੀ ਮਾਂ) ਦੇ ਮਰਨ ਪਿੱਛੋਂ ਉਹ ਕਦੀ ਆਪਣੀ ਮਾਸੀ ਨੂੰ ਮਿਲਣ ਪਿੰਡ ਆ ਜਾਂਦੀ ਏ । ਅਸਲ ਵਿੱਚ ਮਾਣਕੀ ਮੇਰੇ ਨਾਨੇ ਦੇ ਘਰ ਪੀਹਣ ਕਰ ਆਉਂਦੀ ਸੀ ਕੱਚਾ ਵਿਹੜਾ ਲਿੱਪ ਆਉਂਦੀ ਸੀ ਜਦੋ ਮੇਰੀ ਛੋਟੀ ਮਾਸੀ ਵੀ ਵਿਆਹੀ ਗਈ ਸੀ।
ਉੱਥੇ ਬੈਠੀ ਨੂੰ ਮੇਰੀਆਂ ਅੱਖਾਂ ਅੱਗੇ ਉਹ ਸਾਰੀਆਂ ਗੱਲਾ ਘੁੰਮ ਗਈਆਂ ਜੋ ਮੈਨੂੰ ਇੱਕ ਦਿਨ ਬੀਜੀ ਨੇ ਦੱਸੀਆਂ ਸਨ।

1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਲੱਖਾਂ ਲੋਕਾਂ ਵਾਂਗੂੰ ਉੱਜੜ ਕੇ ਟੱਪਰੀਵਾਸਾਂ ਵਾਂਗ ਆਪਣੀ ਚੰਹੁ ਸਾਲਾਂ ਦੀ ਧੀ ਤੇ ਤਿੰਨਾਂ ਮਹੀਨਿਆਂ ਦੇ ਆਪਣੇ ਪੁੱਤਰ ਤੇ ਉਸਦੀ ਮਾਂ ਨਾਲ ਅਲਵਰ(ਰਾਜਸਥਾਨ)ਆ ਵੱਸਿਆ ਸੀ ਮੇਰਾ ਨਾਨਾ ਸਰਦਾਰ ਸੁੱਚਾ ਸਿੰਘ ਸ਼ਿਂਗਾਰੀ  ।ਹੋਰ ਵੀ ਸ਼ਰੀਕਾ ਭਾਈਚਾਰਾ ਉਥੇ ਹੀ ਵੱਸ ਗਿਆ। ਰਲ ਮਿਲਕੇ ਜ਼ਿੰਦਗੀ ਬਸਰ ਹੋਣ ਲੱਗ ਪਈ ਸੀ। ਸਮਾਂ ਆਪਣੀ ਚਾਲੇ ਚੱਲਦਾ ਰਿਹਾ।

ਪੁੱਤਰ ਮੱਝਾਂ ਗਾਵਾਂ ਨੂੰ ਪੱਠੇ ਪਾਉਣ ਤੇ ਪਾਣੀ ਪਿਆਉਣ ਜੋਗਾ ਹੋ ਗਿਆ ਸੀ। 
ਰੱਬ ਦੀਆਂ ਲਿਖੀਆਂ ਕੌਣ ਮੇਟੇ !ਇੱਕ ਦਿਨ ਮੱਝ ਨੂੰ ਪਾਣੀ ਪਿਆਉਣ ਲੱਗਿਆਂ ਨਲਕਾ ਗੇੜਦੇ ਨੇ ਸੰਗਲ ਪੈਰ ਹੇਠ ਦੱਬ ਲਿਆ। ਮੱਝ ਪਾਣੀ ਪੀਂਦਿਆਂ ਭੱਜ ਟੁਰੀ ਤੇ ਉਹ ਬਾਲ ( ਬਲਕਾਰ) ਭੁੜਕ ਕੇ ਨਾਲ ਲੱਗਦੇ ਗੰਦੇ ਪਾਣੀ ਦੇ ਭਰੇ ਟੋਏ’ਚ ਡਿੱਗ ਕੇ ਮੁੱਕ ਗਿਆ। ਉਸ ਤੋਂ ਬਾਦ ਰੱਬ ਨੇ ਇੱਕ ਧੀ ਹੋਰ ਝੋਲੀ ਪਾਈ। ਪਰ ਹੁਣ ਉਹਦਾ ਜੀਅ ਨਈਂ ਸੀ ਲੱਗਦਾ ਉਸ ਪਿੰਡ ।ਉਹ ਸਭ ਕੁਝ ਵੇਚ ਵੱਟਕੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਬੁੱਢੀਮੈੜੀ ਆ ਵੱਸਿਆ ਸੀ। ਕਈ ਸਾਲ ਇਸੇ ਪਿੰਡ ਵਿਚ ਰਿਹਾ। ਫਿਰ ਇੱਕ ਹੋਰ ਧੀ ਦੀ ਆਮਦ ਹੋਈ।
ਕਿਸੇ ਨੇ ਦੱਸ ਪਾਈ ਕਿ ਪਟਿਆਲੇ ਕੋਲ ਕੋਈ ਪਿੰਡ ਹੈ
ਉਸ ਪਿੰਡ ਹਰ ਘਰ ਵਿੱਚ ਮੁੰਡੇ ਪੈਦਾ ਹੁੰਦੇ ਨੇ ।ਉਹ ਭਲਾ ਮਾਨਸ ਇੱਕ ਵਾਰ ਫੇਰ ਸਭ ਕੁਝ ਵੇਚ ਵੱਟਕੇ ਉਸ ਪਿੰਡ ਜਾ ਵੱਸਿਆ। 
ਉਹਨੂੰ ਧੀਆਂ ਮਾੜੀਆਂ ਨਈਂ ਸਨ ਲੱਗਦੀਆਂ।
ਪਰ ਉਹ ਫ਼ਿਕਰਮੰਦ ਸੀ ਕਿ ਉਹਦੇ ਜਹਾਨੋਂ ਟੁਰ ਜਾਣ ਬਾਦ ਉਹਦੀਆਂ ਧੀਆਂ ਦਾ ਪੇਕਾ ਕੌਣ ਹੋਵੇਗਾ।ਇਸ ਕਰਕੇ ਉਹ ਇੱਕ ਪੁੱਤਰ ਦੀ ਦਾਤ ਚਾਹੁੰਦਾ ਸੀ। 
ਕਿਤੇ ਵੀ ਜਾਈਏ ਕਿਸਮਤ ਨਾਲ ਰਹਿੰਦੀ ਏ। ਉਸ ਪਿੰਡ ਜਾਕੇ ਵੀ ਰੱਬ ਨੇ ਆਪਣਾ ਫ਼ੈਸਲਾ ਨਾ ਬਦਲਿਆ ਤੇ ਇੱਕ ਹੋਰ ਧੀਆਂ ਦੇ ਦਿੱਤੀਆਂ !ਉਹ ਟੁਟਿਆ-ਭੱਜਿਆ ਫੇਰ ਬੁੱਢੀਮੈੜੀ ਆ ਵੱਸਿਆ। ਜਮੀਨ ਖਰੀਦ ਲਈ। ਧੀਆਂ ਦੀ ਕਿਸਮਤ ਨੂੰ ਸਭ ਕੁੱਝ ਫੇਰ ਬਣ ਗਿਆ। ਪਿੰਡ ਵਾਲੇ ਆਹਂਦੇ ਹੁੰਦੇ ਸਨ ਕਿ ਪੁੱਠੇ ਹੱਥਾਂ ਨਾਲ ਵੀ ਬੀਆ ਸੁੱਟ ਆਉਂਦਾ ਏ ਤਾਂ ਵੀ ਫਸਲ ਸੋਹਣੀ ਹੋ ਜਾਂਦੀ ਸੂ। ਇਹਦੀਆਂ ਧੀਆਂ ਦੀ ਕਿਸਮਤ ਨੂੰ। 
ਵੱਡੀ ਧੀ ਅਜੇ 15 ਸਾਲਾਂ ਦੀ ਹੋਈ ਸੀ ਕਿ ਰਿਸ਼ਤੇ ਦਾਰੀ ਵਿਚੋਂ  ਕੱਠੇ ਉਜੜ ਕੇ ਇਕੋ ਥਾਂ ਅਲਵਰ ਆ ਵਸੇ ਇਕ ਪਰਿਵਾਰ ਨੇ ਮੰਗ ਕੇ ਰਿਸਤਾ ਲਿਆ ਵੱਡੀ ਧੀ ਦਾ। ਵਿਆਹ ਹੋ ਗਿਆ। ਦੋ ਦਿਨ ਬਰਾਤ ਰਹੀ  ਤੇ ਡੋਲੀ ਟੋਰ ਦਿੱਤੀ। ਕੁਝ ਦਿਨਾਂ ਬਾਦ ਫੇਰ ਆਖੇ ਕਿ ਧੀ ਨੂੰ ਦੂਰ ਵਿਆਹ ਦਿੱਤਾ । ਹੁਣ ਇਸ ਪਿੰਡ ਜੀ ਨਈਂ ਲਗਦਾ। ਫੇਰ ਸਭ ਕੁਝ ਵੇਚ ਵੱਟਕੇ ਅਲਵਰ ਜਾ ਵੱਸਿਆ। 
ਹੁਣ ਦੋ ਹੋਰ ਧੀਆਂ ਜਵਾਨ ਹੋ ਗਈਂਆਂ ਸਨ। ਤੇ ਸਭ ਤੋਂ ਛੋਟੀਆਂ ਦੋਵੇਂ ਵੀ ਵੱਡੀਆਂ ਹੋ ਰਹੀਆਂ ਸਨ ।ਬੁੱਢਮੈੜੀ ਦੇ ਨੇੜੇ ਪਾਕਿਸਤਾਨ ਤੋਂ ਆਕੇ ਵਸਿਆ ਬਾਪੂ ਤਾਰਾ ਸਿੰਘ ਅਲਵਰ ਜਾਕੇ ਦੋ ਧੀਆਂ ਦੇ ਰਿਸ਼ਤੇ ਮੰਗ ਕੇ ਬੁੱਢੀਮੈਡੀ ਦੇ ਨਾਲ ਲੱਗਦੇ ਪਿੰਡ ਦੇ ਵਸਨੀਕ ਇਕ ਚੰਗੇ ਜ਼ਮੀਂਦਾਰ ਪਰਿਵਾਰ ਨਾਲ ਸਬੰਧਤ ਸਰਦਾਰ ਬਲਵੰਤ ਸਿੰਘ ਹੰਜਰਾ ਦੇ ਪੁੱਤਰਾਂ ਦੀ ਤਲੀ ਤੇ ਆਪੇ ਰਪਈਆ ਧਰ ਗਿਆ! ਛੁਵ੍ਹਾਰਾ ਵੀ ਲਾ ਗਿਆ। ਸੋ ਮੇਰੀ ਬੀਜੀ ਤੇ ਮਾਸੀ ਇੱਕੋ ਘਰ ਵਿਆਹਿਆਂ ਆਈਆਂ। ਜੋ ਭੈਣਾਂ ਘੱਟ ਤੇ ਇਕ ਦੂਜੀ ਦੀ ਮਾਂ ਬਣ ਕੇ ਰਹਿ ਰਹੀਆਂ ਨੇ ਅੱਜ ਤੱਕ!ਬੀਜੀ ਦਾ ਮੁਕਲਾਵਾ ਸਾਲ ਬਾਦ ਟੋਰਿਆ ਸੀ ਨਾਨੇ ਨੇ। ਬੀਜੀ ਨੂੰ ਟੋਰਨ ਤੋਂ ਬਾਦ ਨਾਨਾ ਫਿਰ ਆਖੇ ,ਏਡੀ ਦੂਰ ਧੀਆਂ ਵਿਆਹ ਕੇ ਮੇਰਾ ਉਹਨਾਂ ਤੋਂ ਬਿਨਾਂ ਅਲਵਰ ਵਾਲੇ ਘਰ ਵਿੱਚ ਜੀਅ ਨਈਂ ਲਗਦਾ।
ਇੱਕ ਵਾਰ ਫੇਰ ਸਭ ਕੁਝ ਵੇਚ ਵੱਟਕੇ ਬੁੱਢੀਮੈੜੀ ਆ ਵੱਸਿਆ। ਏਥੇ ਆਕੇ ਜ਼ਮੀਨ ਖਰੀਦੀ! ਮੇਰੀ ਬੇਬੇ (ਦਾਦੀ)
ਨੂੰ ਮੇਰਾ ਨਾਨਾ ਭੁਆ ਆਹੰਦਾ ਹੁੰਦਾ ਸੀ ! ਮੇਰੇ ਨਾਨਕੇ ਤੇ ਦਾਦਕੇ ਬਿਲਕੁਲ ਨੇੜੇ -ਨੇੜੇ ਸਨ! ਬੁੱਢੀਮੈੜੀ ਤੋਂ ਛਿਪਦੇ ਵੱਲ ਨਹਿਰੋਂ ਪਾਰ ਪੈਲੀ ਵਿੱਚ ਡੇਰਾ ਸੀ ਸਾਡਾ ਜਿੱਥੇ ਮੇਰੇ ਬਾਪੂ ਜੀ (ਦਾਦਾ )ਤੇ ਦਾਦੇ ਦਾ ਵੱਡੇ ਭਰਾ ਦਾ ਪਰਿਵਾਰ ਕੱਠੇ
ਰਹਿੰਦੇ ਸਨ ! ਖੂਹ ਵਾਲ਼ਿਆਂ ਦੇ ਨਾਂ ਤੋਂ ਜਾਣੇ ਜਾਂਦੇ ਸਨ !ਨਾਨਾ ਅਕਸਰ ਹੀ ਸ਼ਾਮ ਵੇਲੇ ਮੱਝਾਂ ਹੱਥੀਂ ਚੋਅ ਕੇ ਦੁੱਧ ਬੀਜੀ ਹੁਰਾਂ ਨੂੰ ਦੇਣ ਆਉਂਦਾ ਸੀ !ਤੇ ਮੇਰਾ ਵੱਡਾ ਬਾਪੂ ਮੱਝਾਂ ਹਿੱਕ ਕੇ ਘਰ ਲੈ ਜਾਂਦਾ ਸੀ ! ਵੱਡੇ ਬਾਪੂ ਦਾ ਵਿਆਹ ਨਹੀਂ ਸੀ ਹੋਇਆਂ! ਪਿੰਡ ਦਾ ਕੋਈ ਨਿਆਣਾ ਐਸਾ ਨਹੀਂ ਸੀ ਜੋ ਵੱਡੇ ਬਾਪੂ ਦੇ ਬਨਾਏ ਲੱਕੜ ਦੇ ਗੱਡਿਆਂ ਨਾਲ ਨਾ ਖੇਡ੍ਹਿਆ ਹੇਵੇ !  
ਜਿੰਨਾ ਚਿਰ ਜਿਉਂਦੇ ਰਹੇ ਦੋਵੇਂ ਭਰਾ ਕੱਠੇ ਰਹੇ! ਨਾਨੀ ਬਿਮਾਰ ਰਹਿਂਦੀ ਹੁੰਦੀ ਸੀ ! ਬੀਜੀ ਤੇ ਮਾਸੀਆਂ ਵਾਰੋ ਵਾਰ ਪੇਕੇ ਆਉਂਦੀਆਂ ਸਨ ਤੇ ਪੇਕੇ ਘਰ ਦੇ ਜ਼ਰੂਰੀ ਕੰਮ ਕਰ ਕੇ ਕੁਛ ਚਿਰ ਮਾਪਿਆਂ ਨੂੰ ਸੁਖ ਦੇ ਕੇ ਪਰਤ ਜਾਂਦੀਆਂ ਸਨ ਆਪੋ ਆਪਣੇ ਘਰੀਂ! ਧੀਆਂ ਵਾਸਤੇ ਇਹੋ ਦਸਤੂਰ ਹੈ 
ਨਾਨੀ ਦੇ ਸਿਰਹਾਣੇ ਅਕਸਰ ਹੀ ਮਿੱਟੀ ਦੇ ਕੁੱਜੇ  ਵਿੱਚ ਦੋ ਤਿੰਨ ਤਰ੍ਹਾਂ ਦੇ ਫਲ ਪਏ ਹੁੰਦੇ ਸਨ! ਅਸੀਂ ਜਦੋਂ ਵੀ ਜਾਣਾ ਬੇਬੇ ਨੇ ਸਾਰੇ ਫਲ ਸਾਨੂੰ ਖਾਣ ਲਈ ਦੇ ਦੇਣੇ!
ਫਿਰ ਬੇਬੇ ਨੇ ਹੌਲੀ ਹੌਲੀ ਮੱਠੇ ਸੇਕ ‘ਤੇ ਰੋਟੀਆਂ ਪਕਾਣੀਆਂ ਸਾਡੇ ਲਈ ਤੇ ਬਾਪੂ ਨੇ ਆਖਣਾ , ਇਹਨੂੰ ਦੀਵੇ ਨੂੰ ਤੇਜ਼ ਕਰ 
ਏਨੇ ਮੱਠੇ ਸੇਕ ਤੇ ਰੋਟੀਆਂ ਕਿੱਦਣ ਪੱਕੀਆਂ ਤੇ ਕਿੱਦਣ ਮੇਰੀਆਂ ਦੋਹਤਰੀਆਂ ਨੇ ਖਾਦ੍ਹੀਆਂ  ! ਅਸੀਂ ਹੱਸ ਪੈਣਾ ਤੇ ਪੀਪੀਆਂ ਵਿੱਚ ਪਈਆਂ ਖੋਏ ਦੀਆਂ ਪਿੰਨੀਆਂ ਆਪੇ ਲੈਕੇ
ਖਾ ਲੈਣੀਆਂ! ਅੋਦੋਂ ਪਿੰਡਾਂ ਵਿੱਚ ਦੁੱਧ ਵੇਚਣ ਦਾ ਰਿਵਾਜ ਨਹੀਂ ਸੀ ! ਇਸ ਕਰਕੇ ਹਰ ਮੌਸਮ ‘ਚ ਖੋਇਆ ਜਾਂ ਖੋਏ ਦੀਆਂ ਪਿੰਨੀਆਂ ਬਣਦੀਆਂ ਸਨ! 
ਇੱਕ ਵਾਰ ਨਾਨੀ ਬੜੀ ਬਿਮਾਰ ਹੋ ਗਈ ! ਨਾਲ ਦੇ ਪਿੰਡੋਂ ਡਾਕਟਰ ਨੂੰ ਸੱਦਿਆ !
ਡਾਕਟਰ ਟੀਕਾ ਲਾਉਣ ਲੱਗਾ ਪਰ ਉਹਦੇ ਕੋਲ ਸਰਿੰਜ ਹੀ ਕੋਈ ਨਾ ! ਉਸ ਦਿਨ ਨਾਨੀ ਨੂੰ ਡਾਕਟਰ ਨੇ ਟੀਕਾ ਪਿਆ ਕੇ
ਬਚਾ ਲਿਆ!
ਨਾਨੇ ਨੇ ਆਪਣੇ ਹੱਥੀਂ ਆਪਣੇ ਵੱਡੇ ਭਰਾ, ਸਾਡੀ ਨਾਨੀ, ਆਪਣੀ ਛੋਟੀ ਧੀ ਯਾਨੀ ਸਾਡੀ ਛੋਟੀ ਮਾਸੀ ਤੇ ਹੋਰ ਵੀ ਕਈ ਜੀਆਂ ਦੀ ਹੱਥੀਂ ਸੇਵਾ ਕੀਤੀ ਹੱਥੀਂ ਟੋਰੇ ਤੇ ਅੱਖਾਂ ਅੱਗੇ ਜਹਾਨੋਂ ਜਾਂਦਿਆਂ ਵੇਖਿਆ ! 
ਆਪ ਜਿੱਦਣ ਮੁੱਕਾ ਉੱਕਾ ਹੀ ਕੱਲਾ ਸੀ 
ਸੁੱਤਾ ਹੀ ਸੌਂ ਗਿਆ ! ਸਵੇਰੇ ਸਭ ਨੂੰ ਪਤਾ ਲੱਗਾ ਤੇ ਚੌਕੀਦਾਰ ਜਾ ਕੇ ਬੀਜੀ ਹੋਰਾਂ ਨੂੰ ਦੱਸਣ ਗਿਆ! ਉਸ ਦਿਨ ਬੀਜੀ ਤੇ ਮਾਸੀਆਂ ਦੀ ਹਾਲਤ ਜਰੀ ਨਹੀਂ ਸੀ ਜਾਂਦੀ! 
ਜਿੱਦਣ ਮੇਰੇ ਪਾਪਾ ਮੁੱਕੇ ਸਨ ਉੱਦਣ ਸਮਝ ਆਈ ਕੇ ਬਾਪ ਦੇ ਮਰਨ ਤੇ ਕੀ ਹਾਲ ਹੁੰਦਾ ਏ! ਮੈਨੂੰ ਉਸ ਦਿਨ ਬੀਜੀ ਦਾ ਰੋਣ ਸਮਝ ਆਇਆ ਸੀ! ਮੈਂ ਤੇ ਆਪਣੇ ਬਾਪ ਨੂੰ ਆਖੀਰੀ ਵੇਖਿਆ ਹੀ ਨਹੀਂ ਸੀ ਤੇ ਉੱਨਾਂ ਜਿੰਨਾਂ ਰੋਣਾ ਕਿੱਥੇ ਸੀ ! ਖ਼ੈਰ ਜਿਉਂਦੇ ਜੀਅ ਭੁੱਲਣ ਵਾਲ਼ੀਆਂ ਨਹੀਂ ਇਹ ਚੀਜ਼ਾਂ!
ਐਨਾਂ ਕੁਛ ਸੋਚ ਕੇ ਮੇਰੀਆਂ ਅੱਖਾਂ ਭਰ ਆਈਆਂ! ਮੇਰੀ ਨਿੱਕੀ ਭੈਣ ਦੀਆਂ ਵੀ ਅੱਖਾਂ ਭਰ ਆਈਆਂ!
ਏਨੇ ਨੂੰ ਸਾਡਾ ਧਿਆਨ ਮਾਮੇ ਤਾਰ ਦੀ ਹੱਟੀ ਵੱਲ ਹੋ ਗਿਆ
ਅਸੀਂ ਦੋਵੇਂ ਭੈਣਾਂ ਹੱਟੀ ‘ ਤੇ ਟੁਰ ਗਈਆਂ ! ਇਸ ਹੱਟੀ ਤੇ ਬੜੀ ਵਾਰ ਜਾਈਦਾ ਸੀ ਛੋਟੇ ਹੁੰਦਿਆਂ!
ਜਦੋਂ ਮੇਰਾ ਵਿਆਹ ਹੋਇਆ ਮੈਂ ਏਸੇ ਪਿੰਡ ਚੋਂ ਲੰਘ ਕੇ ਸੌਹਰੇ ਜਾਂਦੀ ਸਾਂ ! ਮੇਰਾ ਨਾਨਕਾ ਪਿੰਡ ਪੇਕੇ ਤੇ ਸੌਹਰੇ ਪਿੰਡ ਦੇ ਵਿਚਕਾਰ ਸੀ ! ਜਦੋਂ ਵੀ ਇਹਨਾਂ ਨੇ (ਕੁਲਵੰਤ ਸਿੰਘ) ਮੈਨੂੰ ਪੇਕਿਆਂ ਤੋਂ ਲੈਣ ਆਉਣਾ ! ਅਸੀਂ ਏਸੇ ਰਾਹੇ ਜਾਣਾ ! ਮਾਮੇ ਤਾਰ ਨੂੰ ਮਿਲ ਕੇ ਨਾਨੇ ਦੇ ਘਰ ਅੱਗੋਂ ਟੱਪ ਕੇ ਜਾਈ ਦਾ ਸੀ ! ਕਈ ਵਾਰ ਨਾਨੇ ਦੇ ਕਈ ਹਾਣੀ ਬਾਪੂ ਮਾਮੇ ਤਾਰ ਦੀ ਹੱਟੀ’ ਤੇ ਮਿਲ ਪੈਂਦੇ ਸਨ! ਜੋ ਹੁਣ ਨਹੀਂ ਰਹੇ!
ਖ਼ੈਰ, ਮਾਮੇ ਤਾਰ ਨੇ ਸਾਨੂੰ ਪਛਾਣ ਲਿਆ ਤੇ ਸਿਰ’ ਤੇ ਦੁਵਾਂ ਹੱਥਾਂ ਨਾਲ ਪਿਆਰ ਦੇ ਕੇ ਸਾਡੇ ਨਾਨੇ ਦੀਆਂ ਗੱਲਾਂ ਕਰਨ ਲੱਗ ਪਿਆ। ਮੁੜਨ ਲੱਗੀਆਂ ਅਸੀਂ ਇਕ ਵਾਰ ਫੇਰ ਨਾਨੇ ਦੇ ਘਰ ਦਾ ਹਰ ਇਕ ਕਮਰਾ ਵੇਖਿਆ ! ਬਾਹਰਲਾ ਢਾਅਰਾ ਵੀ ਚੰਗੀ ਤਰ੍ਹਾਂ ਵੇਖਕੇ ਆਈਆਂ ਜਿੱਥੇ ਪਿੰਡ ਦੇ ਸਰਕਾਰੀ ਸਕੂਲ ਦਾ ਮਾਸਟਰ ਤੇ ਉਹਦਾ ਪਰਿਵਾਰ ਰਹਿੰਦੇ ਸਨ !
ਜੋ ਮੇਰੇ ਨਾਨੇ ਦੇ ਬੜੇ ਸਹਿਯੋਗੀ ਸਨ !
ਮਾਣਕੀ ਦੀ ਧੀ ਤੇ ਮਾਸੀ ਨੂੰ ਮਿਲ ਕੇ ਅਸੀਂ ਜੀਵਨ ਦਾ ਇਕ ਨਾ ਮੁੱਕਣ ਵਾਲਾ ਸੱਚ ਲੈ ਕੇ ਫੇਰ ਉਸੇ ਮੇਲੇ ਵਿੱਚ ਜਾਹ ਰਲੀਆਂ! ਕਿੰਨਾ ਹੀ ਚਿਰ ਚੁੱਪੀ ਨਾ ਟੁੱਟੀ!

ਅਚਾਣਚੱਕ ਛੋਟੇ ਭਰਾ ਨੇ ਆਕੇ ਘੁੱਟ ਕੇ ਜੱਫੀ ਪਾਈ ਤੇ ਆਖਣ ਲੱਗਾ ਮੈਨੂੰ ਪਤਾ ਏ ਤੁਸੀਂ ਨਾਨੇ ਦੇ ਘਰੋਂ ਹੋ ਕੇ ਆਈਆਂ ਹੋ ! ਆਉ ਹੁਣ ਆਪਣੇ  ਘਰ ਚੱਲੀਏ! ਹੋਰ ਵੀ ਕਈ ਆਪਣੇ ਜੀਆਂ ਨੂੰ ਮਿਲ ਕੇ ਅਸੀਂ ਆਪਣੀਆਂ-ਆਪਣੀਆਂ ਗੱਡੀਆਂ ਪੇਕੇ ਪਿੰਡ ਵੱਲ ਮੋੜ ਲਈਆਂ ! ਜਿੱਥੇ ਸੁੱਚਾ ਸਿੰਘ ਦੀ ਧੀ ਮੇਰੇ ਬੀਜੀ ਸਾਨੂੰ ਉਡੀਕ ਰਹੇ ਸਨ !

Chhinder kaur (Shinder)

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …