ਮਾਂ ਦੀ ਕੁੱਖੋਂ ਜਨਮ ਲੈ ਕੇ ,
ਇਹ ਦੇਖ ਲੈਂਦੇ ਸੰਸਾਰ ਨੇ |
ਸੱਚੀਂ ਰੱਬੀ ਰੂਪ ਹੁੰਦੇ ਬੱਚੇ ,
ਲੈਂਦੇ ਮੋਹ ਤੇ ਪਿਆਰ ਨੇ |
ਪਹਿਲੀ ਵਾਰ ਚੁੱਕ ਮਿੱਟੀ ,
ਜਿਹੜੀ ਮੂੰਹ ‘ਚ ਪਾਈ ਸੀ |
ਉਸ ਉੱਤੇ ਰੁੜ੍ਹਨਾ ਸਿੱਖਿਆ,
ਤੁਰਨੇ ਦੀ ਜਾਂਚ ਆਈ ਸੀ |
ਬਚਪਨ ਸੁੰਗੜ ਕੇ ਹੁਣ ,
ਛੋਟਾ ਜਿਹਾ ਰਹਿ ਗਿਆ |
ਛੋਟੇ ਜਿਹੇ ਮੋਢਿਆਂ ਵਿੱਚ,
ਬੜਾ ਭਾਰੀ ਬੈਗ ਪੈ ਗਿਆ |
ਬਸ ਫੇਰ ਸ਼ੁਰੂ ਹੋ ਜਾਂਦੀ ਐ,
ਇੱਕ ਦੌੜ ਤੇ ਇੱਕ ਜੰਗ ਜੀ |
ਪੜ੍ਹਾਈ ਪੜ੍ਹਨਾ ਤੇ ਪੜ੍ਹ ਲੈ ,
ਬਾਕੀ ਫਿੱਕੇ ਸਭ ਰੰਗ ਜੀ |
ਕਿੰਨੇ ਪਰਸੈਂਟ, ਕਿਹੜਾ ਗਰੇਡ
ਚਾਰੇ ਪਾਸੇ ਇਹੀ ਗੱਲਾਂ ਨੇ |
ਫਲਾਣੇ ਬੱਚੇ ਨੇ ਦੇਖ ਭਾਈ ,
ਕਿੰਨੀਆਂ ਮਾਰੀਆਂ ਮੱਲਾਂ ਨੇ |
ਸੁਪਨਾ ਇੱਕ ਦੇਖਿਆ ਅਸੀਂ,
ਹੁਣ ਤੂੰ ਹੀ ਪੂਰਾ ਕਰਨਾ ਹੈ |
ਇੰਜਨੀਅਰ ਜਾਂ ਡਾਕਟਰ ਤੋਂ,
ਸਾਨੂੰ ਘੱਟ ਨਹੀਂਓ ਸਰਨਾ ਹੈ |
ਕਦੇ ਵੀ ਥੋਪਿਓ ਨਾ ਫੈਸਲੇ ,
ਤੇ ਸੋਚਾਂ ਰੱਖਿਓ ਨਾ ਤੰਗ ਜੀ |
ਕੀ ਪਤਾ ਇਹ ਜ਼ਿੰਦਗੀ ‘ਚ,
ਭਰਨਗੇ ਕਿਹੜੇ ਰੰਗ ਜੀ |
ਇਹ ਰੁਤਬੇ ਤਾਂ ਬਾਅਦ ‘ਚ,
ਪਹਿਲਾਂ ਦੱਸੋ ਕਿਰਤ ਮਹਾਨ |
‘ਚਾਹਲ’ ਸਭ ਕੁਝ ਬਣ ਜਾਣਗੇ,
ਬਸ ਬਣ ਜਾਣ ਨੇਕ ਇਨਸਾਨ |
ਜਸਵਿੰਦਰ ਚਾਹਲ
9876915035



