ਡਾ.ਦੇਵਿੰਦਰ ਸੈਫ਼ੀ,
ਪਿੰਡ ਮੋਰਾਂਵਾਲੀ, ਜ਼ਿਲ੍ਹਾ ਫਰੀਦਕੋਟ
ਮੋਬਾ. 9417826954
(ੳ) ਪ੍ਰਕਾਸ਼ਿਤ ਪੁਸਤਕਾਂ
(1) ਦੁਪਹਿਰ ਦਾ ਸਫ਼ਾ ; ਚੇਤਨਾ ਪ੍ਰਕਾਸ਼ਨ, ਲੁਧਿਆਣਾ (2005), ਆਰਸੀ ਪਬਲਿਸ਼ਰਜ਼, ਦਿੱਲੀ (2009), ਪੀ.ਸੀ.ਐਚ.ਐਸ, ਕੈਨੇਡਾ (2017) – (ਕਵਿਤਾ)
(2) ਇਕਬਾਲ ਰਾਮੂਵਾਲੀਆ ਕਾਵਿ : ਉਤਰਆਧੁਨਿਕ ਪਰਿਪੇਖ ; ਆਰਸੀ ਪਬਲਿਸ਼ਰਜ਼, ਦਿੱਲੀ (2007) – (ਆਲੋਚਨਾ)
(3) ਸੁਤਿੰਦਰ ਸਿੰਘ ਨੂਰ : ਸਿਧਾਂਤ ਤੇ ਸਮੀਖਿਆ ; ਆਰਸੀ ਪਬਲਿਸ਼ਰਜ਼, ਦਿੱਲੀ (2009) – (ਮੈਟਾ ਆਲੋਚਨਾ)
(4) ਨੀਤਸ਼ੇ ਦਾ ਮਹਾਂਮਾਨਵ ; ਆਰਸੀ ਪਬਲਿਸ਼ਰਜ਼, ਦਿੱਲੀ (2010, 2011, 2012, 2013, 2014 ਅਤੇ 2016)
* ਸੋਧਿਆ ਐਡੀਸ਼ਨ – (ਪੀ.ਸੀ.ਐਚ.ਐਸ) – ਮਹਾਂਮਾਨਵ : ਨੀਤਸ਼ੇ ਦੇ ‘ਸੁਪਰਮੈਨ’ ਦੀ ਪੁਨਰਸਿਰਜਨਾ (2017) – (ਫ਼ਿਲਾਸਫ਼ੀ-ਵਾਰਤਕ)
(5) ਸਾਹਿਤ ਸਿਧਾਂਤਕਾਰੀ ਅਤੇ ਪੰਜਾਬੀ ਸਿਧਾਂਤਕਾਰ ; ਯੂਨੀਸਟਾਰ ਪਬਲਿਸ਼ਰਜ਼, ਚੰਡੀਗੜ੍ਹ (2013) – (ਸਿਧਾਂਤਕਾਰੀ)
(6) ਆਉ ਬਾਤਾਂ ਸੁਣੀਏ ; ਆਰਸੀ ਪਬਲਿਸ਼ਰਜ਼, ਦਿੱਲੀ (2013)
ਵੱਡਿਆਂ ਦੀਆਂ ਮੱਤਾਂ ; ਦੀਪਕ ਪਬਲਿਸ਼ਰਜ਼, ਜਲੰਧਰ, 2019 – (ਕਹਾਣੀਆਂ)
****************
“ਮਹਾਂਮਾਨਵ” ਦਾ ਨਵਾਂ ਐਡੀਸ਼ਨ, 2020 Autumn Art (India) ਵੱਲੋਂ
* ਸਾਹਿਤ, ਸਿੱਖਿਆ ਅਤੇ ਕਲਾ ਨਾਲ ਸੰਬੰਧਿਤ ਇੱਕ ਡੀ.ਵੀ.ਡੀ – (ਮਹਿਕ ਅਗਨ ਦੀ)
* ਡਾ.ਦੇਵਿੰਦਰ ਸੈਫ਼ੀ ਪੰਜਾਬੀ ਦੇ ਨਿਵੇਕਲੇ ਅੰਦਾਜ਼ ਵਾਲੇ ਸ਼ਾਇਰ, ਸਾਹਿਤ ਅਧਿਏਤਾ ਅਤੇ ਚਿੰਤਨ ਸੰਬੰਧੀ ਪੁਨਰ ਚਿੰਤਨ ਕਰਨ ਵਾਲੀ ਸ਼ਖ਼ਸੀਅਤ ਦਾ ਨਾਮ ਹੈ | ਡਾ. ਸੈਫ਼ੀ ਦੀ ਸ਼ਾਇਰੀ ਅੱਗ ਦੀ ਲਾਟ ਵਾਂਗ ਬਲਦੀ ਹੈ| ਉਹਨਾਂ ਦੀ ਸ਼ਾਇਰੀ ਵਿਚਲਾ ਸੁਹਜ ਅਤੇ ਤਿੱਖੀ ਤਨਜ਼ ਪਾਠਕ ਤੇ ਸਰੋਤੇ ਨੂੰ ਅੰਦਰ ਤੱਕ ਝੰਜੋੜਦੇ ਹਨ
* ਆਪ ਜੀ ਦੇ ਸਾਹਿਤਕ, ਸਮਾਜਿਕ, ਵਿੱਦਿਅਕ ਅਤੇ ਦਾਰਸ਼ਨਿਕ ਚਿੰਤਨ ਨਾਲ ਸੰਬੰਧਿਤ ਖੋਜ-ਪੱਤਰ, ਆਰਟੀਕਲ ਅਤੇ ਕਾਵਿ-ਰਚਨਾਵਾਂ ਵੱਖ ਵੱਖ ਪ੍ਰਤਿਬੱਧ ਰਿਸਾਲਿਆਂ ਅਤੇ ਅਖ਼ਬਾਰਾਂ ਵਿਚ ਨਿਰੰਤਰ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ |
* ਪ੍ਰਮੁੱਖ ਸੰਸਥਾਵਾਂ ਅਤੇ ਮੀਡੀਆ ਦੇ ਮੰਚ ਉਪਰ ਮਾਹਿਰ ਵਕਤਾ ਵਜੋਂ ਉਹ ਭਖਦੇ ਅਤੇ ਜੀਵੰਤ ਮਸਲਿਆਂ ਉਪਰ ਆਪਣਾ ਚਿੰਤਨ ਪੇਸ਼ ਕਰਦੇ ਰਹਿੰਦੇ ਹਨ |
* ਡਾ.ਸੈਫ਼ੀ ਵਾਤਾਵਰਣ ਸ਼ੁਧਤਾ ਅਤੇ ਸਮਾਜ ਸੇਵਾ ਨਾਲ ਸੰਬੰਧਿਤ ਕਈ ਸੰਸਥਾਵਾਂ ਦੇ ਵੱਖ ਵੱਖ ਕਾਰਜਾਂ ਵਿਚ ਸਿਧਾਂਤਕ ਅਤੇ ਵਿਹਾਰਕ ਤੌਰ ‘ਤੇ ਆਪਣਾ ਅਹਿਮ ਯੋਗਦਾਨ ਪਾਉਂਦੇ ਰਹਿੰਦੇ ਹਨ
**************************************
ਸੰਧੀ ਸੁਝਾਅ
ਕ੍ਰਿਸ਼ਨ ਪਾਨ, ਗਣੇਸ਼ ਬੀੜੀ, ਸੁਦਰਸ਼ਨ ਗੁਟਕਾ,
ਹਨੂੰਮਾਨ ਮੈਟਰਨਿਟੀ ਹਸਪਤਾਲ,
ਦਿਗੰਬਰ ਕਲਾਥ ਹਾਊਸ,
ਬਾਬਾ ਫ਼ਰੀਦ ਗੰਨ ਹਾਊਸ,
ਗੁਰੂ ਨਾਨਕ ਗੁਡਜ਼ ਕੈਰੀਅਰ,
ਦੇ ਮਾਲਿਕ
ਅਵਤਾਰਾਂ, ਦੇਵਤਿਆਂ, ਗੁਰੂਆਂ, ਫ਼ਕੀਰਾਂ ਨੂੰ
ਸੰਧੀ ਦੇ ਸੁਝਾਅ ਦੇਣ ਲੱਗੇ
ਦੇਖੋ
ਅਸੀਂ ਹਰ ਥਾਂ ‘ਤੇ ਤੁਹਾਨੂੰ ਅੱਗੇ ਰੱਖਦੇ ਹਾਂ
ਸਾਡੇ ਨਾਲ ਰਹੋ
ਜੇ ਆਪਣਾ ਨਾਂ ਚੱਲਦਾ ਰੱਖਣਾ ਏ
ਤੁਹਾਡਾ ਨਾਂ
ਸਾਡਾ ਵਪਾਰ
ਇਕੱਠੇ ਰਹਿਣ
ਏਕੇ ਵਿਚ ਬਰਕਤ ਹੁੰਦੀ ਏ
**********************
ਕਵੀ ਦੀ ਖੁਦਕੁਸ਼ੀ ~
ਲੋੜ੍ਹੇ ਦੀ ਤਪਸ਼ ਨੇ ਉਸਨੂੰ ਕਵੀ ਬਣਾ ਦਿੱਤਾ
ਲੋਕਾਂ ਦਾ ਪਿਆਰ ਤੇ ਪਤਵੰਤੇ ਸੱਜਣਾਂ ਦੀ ਮਿਹਰ
ਉਹਨੂੰ ਢਾਰਿਆਂ ‘ਚੋਂ ਕੱਢ ਮਹਿਲਾਂ ਤਕ ਲੈ ਆਈ
ਫਿਰ ਕੁਰਸੀ ਵਾਲਿਆਂ ਅੱਗੇ ਉਹਦੀ ਕਦਰ ਪੁਆਈ
ਇਕ ਐਵਾਰਡ ਦਿੰਦਿਆਂ
ਕੁਰਸੀ ਵਾਲਿਆਂ ਨੇ ਕਵੀ ਨੂੰ ਕੁਝ ਸੁਝਾਅ ਦਿੱਤੇ,
“ਤੇਰੇ ਵਿਚ ਕੁਝ ਤਪਸ਼ ਵਧੇਰੇ ਹੈ
ਇਸ ਨਾਲ ਸਾਡੇ ਮਹਿਲਾਂ ਦੇ, ਏ.ਸੀ ਸੜ ਸਕਦੇ ਨੇ
ਤੇ ਨਾਲ ਹੀ
ਤੇਰੀ ਮਹਿਮਾ ਦੇ ਫੁੱਲ ਵੀ ਝੜ ਸਕਦੇ ਨੇ
ਅਗਲਾ ਐਵਾਰਡ ਜਲਦੀ ਮਿਲੇਗਾ
ਪਰ ਪਹਿਲਾਂ ਕੁਝ ਤਪਸ਼ ਘਟਾ
ਪੁਰਾਣੀਆਂ ਸੋਚਾਂ ਦਾ ਕੁਝ ਰੰਗ ਵਟਾ
ਇਸ ਤਪਸ਼ ਵਿਚ ਐਵੇਂ ਆਪਣਾ ਆਪਾ ਸਾੜ ਬਹੇਂਗਾ
ਸਾਰੀ ਉਮਰ ਢਾਰਿਆਂ ‘ਤੇ ਪੋਚਾ ਫੇਰਦਾ ਰਹੇਂਗਾ
ਜਿਸ ਪਿੰਡ ਦੀ ਮਿੱਟੀ ਨਾਲ ਪਿਆਰ ਕਰਦੈਂ
ਉਸੇ ਥੱਲੇ ਦੱਬ ਜਾਏਂਗਾ
ਕਦੇ ਮਹਿਕਦੀਆਂ ਗੁਲਜ਼ਾਰਾਂ ਤਕ ਨਾ ਆਏਂਗਾ |”
ਕਵੀ ਆਪਣੀ ਤਪਸ਼ ਨੂੰ ਅਲਵਿਦਾ ਆਖ ਕੇ
ਕੁਰਸੀ ਵਾਲਿਆਂ ਨੂੰ ਨਮਸਕਾਰ ਕਰਕੇ
ਗਲ਼ ਵਿਚ ਹਾਰ ਪੁਆਉਣ ਲੱਗਾ
ਇਸ ਵੇਲੇ
ਕਵੀ ਦੇ ਦਿਲ ਨੇ ਤੜ੍ਹਪ ਕੇ ਕਿਹਾ
“ਕਵੀ ਸਾਹਿਬ !
ਤੁਸੀਂ ਰਹੋ ਇਹਨਾਂ ਲੂੰਬੜੀਆਂ ਨਾਲ ਕਾਂ ਬਣਕੇ
ਮੈਂ ਖ਼ੁਦਕੁਸ਼ੀ ਕਰਦਾ ਹਾਂ “
***********************
ਮੁਹੱਬਤੀ ਬੋਲੀਆਂ ~
ਤੇਰੇ ਵਰਗੀ ਜੇ ਲਿਖੀ ਜਾਏ ਕਵਿਤਾ
ਬੰਦਗ਼ੀ ਨੂੰ ਫ਼ਲ ਲੱਗ ਜੇ
ਦੇਖੋ ਪਿਆਰ ਕੀ ਕ੍ਰਿਸ਼ਮੇ ਕਰਦਾ
ਚਿਹਰਿਆਂ ਦੇ ਚੰਨ ਘੜਦਾ
ਉਹਨੇ ਸੁਪਨੇ ‘ਚ ਪਲਕਾਂ ਨੂੰ ਚੁੰਮਿਆ
ਤੇ ਨੀਂਦ ਨੂਰੋ ਨੂਰ ਹੋ ਗਈ
ਗੱਲ ਕਰ ਵੇ ਪਿਆਰ ਵਾਲੀ ਕੋਈ
ਹਉਕਿਆਂ ਨੂੰ ਚਿੱਤ ਕਰਦਾ
ਅਸਾਂ ਕੱਤ ਕੇ ਸਵਾਸਾਂ ਦੀਆਂ ਪੂਣੀਆਂ
ਪਿਆਰ ਦਾ ਗਲੋਟਾ ਲਾਹ ਲਿਆ
ਮੈਥੋਂ ਪੁੱਛਦਾ ਮੁਹੱਬਤਾਂ ਦੇ ਫ਼ਾਇਦੇ
ਉਹ ਜਦੋਂ ਦਾ ਵਪਾਰੀ ਬਣਿਆ
ਕਾਹਤੋਂ ਬੰਦਿਓਂ ਸੂਰ ਬਣ ਚੱਲਿਓਂ
ਚਿੱਕੜਾਂ ‘ਤੇ ਕਰ ਕਬਜ਼ਾ
**********************
ਪੁਸਤਕ ਰਹੀ ਪੁਕਾਰ ~
ਪੁਸਤਕ ਰਹੀ ਪੁਕਾਰ, ਸੱਜਣ ਜੀ ਸੁਣ ਕੇ ਜਾਇਓ
ਅੱਖਰ-ਜੋਤ ਜਗਾ ਕੇ ਪਿਆਰੇ
ਖੜ੍ਹੀ ਹੈ ਤੇਰੇ ਦੁਆਰ
ਸੱਜਣ ਜੀ ਸੁਣ ਕੇ ਜਾਇਓ…
ਕਰੇ ਪੁਕਾਰ ਇਹ ਪਾਠਕ ਤਾਈਂ
ਮੇਰਾ ਵਰਕ ਪਲਟਦਾ ਜਾਈਂ
ਮੈਂ ਪਈ ਤੇਰੀ ਛੋਹ ਉਡੀਕਾਂ
ਮੈਨੂੰ ਨਜ਼ਰਾਂ ਸੰਗ ਛੁਹਾਈਂ
ਛੋਹ ਮੇਰੀ ਦਾ ਜਲਵਾ ਤੇਰਾ ਅੱਗਾ ਦਿਊ ਸਵਾਰ
ਸੱਜਣ ਜੀ ਸੁਣ ਕੇ ਜਾਇਓ…
ਕਰੇ ਪੁਕਾਰ ਇਹ ਲੇਖਕ ਤਾਈਂ
ਸੱਚ ਦਾ ਵਣਜ ਕਮਾਈਂ
ਘੜਨੀ ਸਿੱਖੀਂ ਕਲਮ ਤੂੰ ਦਿਲ ਦੀ
ਫਿਰ ਕਾਤਿਬ ਸਦਵਾਈਂ
ਜਨਮ ਲਵਾਂ ਤੇਰੀ ਸੁੱਚੀ ਰੂਹ ‘ਚੋਂ, ਹੋਜਾਂ ਵਕਤੋਂ ਪਾਰ
ਸੱਜਣ ਜੀ ਸੁਣ ਕੇ ਜਾਇਓ…
ਕਰੇ ਪੁਕਾਰਾਂ ਇਹ ਯੁਗ ਤਾਈਂ
ਮੇਰਾ ਸੀਨੇ ਸੇਕ ਟਿਕਾਈਂ
ਸਾੜ ਦਿਆਂਗੀ ਕੁਫ਼ਰ ਤੇਰਾ
ਮੇਰੇ ਨਾਲ ਮੁਹੱਬਤਾਂ ਪਾਈਂ
ਪੀ ਕੇ ‘ਸੈਫ਼ੀ’ ਸਾਫ਼ੀ ਮੇਰੀ ਮਿਟ ਜਾਊ ਅੰਧ ਗੁਬਾਰ
ਸੱਜਣ ਜੀ ਸੁਣ ਕੇ ਜਾਇਓ…
*******************
ਤੌਫ਼ੀਕ
ਜੇ ਸਾਈਂ ਤੌਫ਼ੀਕ ਦੇਵੇ ਤਾਂ
ਜੀਵਨ-ਲਿੱਪੀ ਪੜ੍ਹਸਾਂ
ਉਮਰਾ ਦੇ ਹਰਫ਼ਾਂ ਵਿਚ ਕੋਈ
ਅਰਥ-ਮਜੀਠੀ ਭਰਸਾਂ
ਰੌਸ਼ਨ ਕਰਕੇ ਸ਼ਮ੍ਹਾ-ਹਕੀਕੀ
ਮਸਤਕ ਮਮਟੀ ਧਰਸਾਂ
ਮੂਲ ਪਛਾਣ ਕੇ ਮਨ-ਮੰਦਰ ਦਾ
ਜਿੰਦ ਨੂੰ ਸੁੱਚੀ ਕਰਸਾਂ
ਜਾ ਕੇ ਫਿਰ ਕਿਸੇ ਮਾਰੂਥਲ ‘ਤੇ
ਮੇਘਲਿਆ ਵਤ ਵਰਸ੍ਹਾਂ
ਢੂੰਡ ਢੂੰਡੇਂਦਿਆਂ ਰਾਹ ਵਿਚ ‘ਸੈਫ਼ੀ’
ਅੱਧ-ਵਿਚਾਲੇ ਈ ਮਰਸਾਂ
-ਡਾ.ਦੇਵਿੰਦਰ ਸੈਫ਼ੀ
*************************************
ਇਕ-ਤੁਕੀ ਬੋਲੀਆਂ ~
ਹਾਰ ਪਾ ਕੇ ਸ਼ਹੀਦ ਵਾਲੇ ਬੁੱਤ ਨੂੰ
ਉਹ ਫੇਰ ਫਾਂਸੀ ਦੇ ਚੱਲਿਆ
ਉਹੋ ਪੱਥਰ ਬਣਾਈ ਜਾਵੇ ਸਿਰਾਂ ਦੇ
ਨਵ-ਨਿਰਮਾਣ ਵਾਸਤੇ
ਜਦੋਂ ਅਕਲ ਵਿਕਾਊ ਉਹਨੇ ਕਰਤੀ
ਜ਼ਮੀਰ ਉਹਦੀ ਗਸ਼ ਖਾ ਗਈ
ਸੇਵਾ ਦੇਸ਼ ਦੀ ਬਿਮਾਰ ਜਦੋਂ ਹੋ ਗਈ
ਖ਼ਬਰਾਂ ‘ਚੋੋਂ ਸਾਹ ਲੱਭਦੀ
ਦਾਨ ਕਰਕੇ ਗ੍ਰਹਿ ਖੁਸ਼ ਕਰਦਾ
ਜੋ ਲਹੂ ਪੀਵੇ ਜੋਕ ਬਣਕੇ
ਵਧੇ ਢਿੱਡਾਂ ਨੂੰ ਰਾਸ ਬੜਾ ਆਇਆ
ਝੂਲਦਾ ਤਿਰੰਗਾ ਦੇਸ਼ ਦਾ
ਖੂਹ ਪੁੱਟ ਕੇ ਕੱਢਣ ਗਿਆ ਪਾਣੀ
ਉਹ ਕਬਰਾਂ ਹੀ ਖੋਦ ਆ ਗਿਆ
ਉਹਦੇ ਕੰਨਾਂ ਵਿਚ ਕਿੱਲ ਠੁੱਕੇ ਲੋਭ ਦੇ
ਸੱਚ ਵਾਲੀ ਹੂਕ ਨਾ ਸੁਣੇ
ਪੈਰ ਪੈਰ ‘ਤੇੇ ਜ਼ੁਬਾਨ ਜੀਹਦੀ ਬਦਲੇ
ਬੰਦਾ ਉਹਨੂੰ ਕਿੰਜ ਆਖੀਏ
ਉਹੋ ਛਿਲਕੇ ਸੰਭਾਲਦਾ ਹੀ ਰਹਿ ਗਿਆ
ਗਿਰੀਆਂ ਗਵਾ ਕੇ ਬਹਿ ਗਿਆ
ਮੇਰੇ ਦੇਸ਼ ਦੀ ਸਹਿਕਦੀ ਸਿੱਖਿਆ
ਥਲਾਂ ਵਿੱਚੋਂ ਨੀਰ ਲੱਭਦੀ
ਕਦੇ ਬਿਰਖਾਂ ਦੇ ਗਲ ਲੱਗ ਮਿਲਜੀਂ
ਓ ਸਾਹੋਸਾਹੀ ਹੋਣ ਵਾਲਿਆ
ਜੇ ਤੂੰ ਟੁੱਟਣੋਂ ਬਚਾਉਣੇ ਤਾਰੇ
ਮੁਹੱਬਤੀ ਅਕਾਸ਼ ਸਾਂਭ ਲੈ
ਉਹਨਾਂ ਦਿਲਾਂ ਵਿਚ ਚਮਕਣ ਤਾਰੇ
ਜੋ ਬਣਗੇ ਅਕਾਸ਼ ਵਾਂਗਰਾਂ
~ ਡਾ.ਦੇਵਿੰਦਰ ਸੈਫ਼ੀ
ਕਾਵਿ-ਖ਼ਿਆਲ ~
ਸਾਰੇ ਹੀ ਸੁਆਲਾਂ ਦੇ ਫਿਰ
ਲੱਭਣ ਸਾਰੇ ਜੁਆਬ
ਦਿਲ ਦਰਿਆ ਵਿਚ ਡੁੱਬ ਕੇ ਜਦ ਵੀ
ਹੋਈਏ ਲਾਜਵਾਬ
***
ਕੁੱਲੀ ਗੁੱਲੀ ਜੁੱਲੀ ਦੀ ਤਾਂ
ਪਿੱਛੇ ਰਹਿ ਗਈ ਲੋੜ
ਤਨ ਮਨ ਧਨ ਸਭ ਖਾਈ ਜਾਵੇ
ਵਾਹ ਵਾਹ ਦੀ ਇਕ ਹੋੜ੍ਹ
****
ਮਹਿਕਾਂ ਵਰਗੀ ਜਿੰਦ ਦੁਆਲੇ
ਉਮਰਾਂ ਜਿੱਡੇ ਚੱਕਰ
ਹਰ ਇਕ ਬੰਦਾ ਕੰਧ ਉਸਾਰੇ
ਮਾਰਨ ਲਈ ਇਕ ਟੱਕਰ
****
ਗਿਣਤੀ ਮਿਣਤੀ ਕੁਝ ਨਈਂ ਪਿਆਰੇ
ਹੋ ਜਾ ਬੇਹਿਸਾਬ
ਹਰ ਪਲ ਤੇਰਾ ਸ਼ਬਾਬ ਹੋਏਗਾ
ਹੋ ਜਾ ਬੇਨਕਾਬ
****
ਐਵੇਂ ਲੋਕੀ ਆਖਣ ਪਵੇ ਨਾ
ਪਾਣੀ ਵਿਚ ਲਕੀਰ
ਲੈ ਦਲਾਲੀ ਉਹਨਾਂ ਸਾਡੇ
ਪਾਣੀ ਦਿੱਤੇ ਚੀਰ
****
ਕਰੇ ਨਿਆਂ ਔਰੰਗਜ਼ੇਬ
ਹੱਥ ‘ਚ ਫੜ੍ਹ ਤਲਵਾਰ
ਆਖੇ ਮੇਰੇ ਫੈਸਲੇ
ਦੀਨ ਧਰਮ ਦਾ ਸਾਰ
~ ਡਾ.ਦੇਵਿੰਦਰ ਸੈਫੀ
“ਮਹਾਂਮਾਨਵ” ਦਾ ਨਵਾਂ ਐਡੀਸ਼ਨ, 2020 Autumn Art (India) ਵੱਲੋਂ
ज़िन्दगी ज़िंदाबाद कलम जिंदाबाद ।।













