
ਦਿਵਾਲ਼ੀ ਮੌਕੇ ਤਰਕਸ਼ੀਲਾਂ ਨੇ ਲਾਈ ਕਿਤਾਬਾਂ ਦੀ ਸਟਾਲ….
ਕਾਲਾਂਵਾਲੀ ਦੇ ਬਜ਼ਾਰ ਵਿਚ ਦਿਵਾਲ਼ੀ ਦੇ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਕਾਲਾਂਵਾਲੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਗਈ। ਇਹ ਜਾਣਕਾਰੀ ਦਿੰਦੇ ਹੋਇਆਂ ਸੂਬਾ ਆਗੂ ਮਾ ਅਜਾਇਬ ਜਲਾਲਆਣਾ ਨੇ ਦੱਸਿਆ ਕਿ ਅੱਜ ਦੇ ਵਿਗਿਆਨ ਦੇ ਯੁੱਗ ਅੰਦਰ ਪ੍ਰਦੂਸ਼ਣ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ ਜਿਸ ਕਰਕੇ ਅਜਿਹੇ ਤਿਉਹਾਰਾਂ ਤੇ ਅਸੀਂ ਪਟਾਖਿਆਂ ਦੇ ਵਿਕਲਪ ਦੇ ਤੌਰ ਤੇ ਕਿਤਾਬਾਂ ਪੇਸ਼ ਕੀਤੀਆਂ ਹਨ।ਕਿਉਂਕਿ ਪਟਾਖੇ ਜਿੱਥੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੇ ਹਨ ਓਥੇ ਕਿਤਾਬਾਂ ਮਨੁੱਖੀ ਦਿਮਾਗ ਨੂੰ ਰੋਸ਼ਨ ਕਰਦੀਆਂ ਹਨ।
ਇਕਾਈ ਵਿੱਤ ਮੁਖੀ ਮਾ ਜਗਦੀਸ਼ ਸਿੰਘਪੁਰਾ ਅਤੇ ਦਰਸ਼ਨ ਜਲਾਲਆਣਾ ਨੇ ਦੱਸਿਆ ਸਾਡਾ ਅੱਜ ਲੋਕ ਵਿਖਾਵੇ ਅਤੇ ਅੰਨ੍ਹੀ ਦੌੜ ਦੀ ਬਜਾਏ ਠੰਡੇ ਦਿਮਾਗਾਂ ਨਾਲ਼ ਸੋਚਣਾ ਬਣਦਾ ਹੈ, ਕਿ ਅਸੀਂ ਭਵਿੱਖ ਲਈ ਕੀ ਸਿਰਜ ਰਹੇ ਹਾਂ, ਨਵੇਂ ਯੁੱਗ ਵਿਚ ਜਿੱਥੇ ਕੰਨ ਪਾੜਵੀਆਂ ਅਵਾਜ਼ਾਂ ਨੂੰ ਵਿਗਿਆਨ ਦੇ ਯੰਤਰਾਂ ਰਾਹੀਂ ਧਵਨੀ ਮੁਕਤ ਕੀਤਾ ਜਾਂਦਾ ਹੈ ਉਲਟੇ ਓਥੇ ਅਸੀਂ ਬੱਚਿਆਂ ਲਈ ਬੰਬ ਪਟਾਖੇ ਚਲਾਉਣ ਲਈ ਲਿਆਕੇ ਦਿੰਦੇ ਹਾਂ। ਸੋ ਕਿਤਾਬਾਂ ਮਨੁੱਖੀ ਗਿਆਨ ਵਿੱਚ ਵਾਧਾ ਕਰਦੀਆਂ ਹਨ।ਜਿਸ ਸਮਾਜ ਨੇ ਤਰੱਕੀ ਕੀਤੀ ਹੈ ਉਹ ਸਿਰਫ ਕਿਤਾਬਾਂ ਦੀ ਬਦੌਲਤ ਕੀਤੀ ਹੈ।
ਇਕਾਈ ਮੁਖੀ ਮਾ ਸ਼ਮਸ਼ੇਰ ਚੋਰਮਾਰ ਨੇ ਕਿਹਾ ਸਾਡੇ ਦੇਸ਼ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਾਹ ਦੇ ਰੋਗੀ ਹਨ।ਅਜਿਹੇ ਸਮੇਂ ਮਨੁੱਖਾਂ ਅਤੇ ਕੁਦਰਤੀ ਜੀਵ ਜੰਤੂਆਂ ਲਈ ਜ਼ਹਿਰੀਲੀ ਹਵਾ ਅਤੇ ਤੇਜ਼ ਅਵਾਜ਼ਾਂ ਬਹੁਤ ਹੀ ਖ਼ਤਰਨਾਕ ਹਨ। ਸਾਹ ਦੇ ਮਰੀਜਾਂ ਨੂੰ ਹੁਣ ਆਪਣੇ ਕਮਰਿਆਂ ਵਿਚ ਹਵਾਸ਼ੋਧ ਯੰਤਰ ਤੱਕ ਲਾਕੇ ਸਾਹ ਲੈਣੇ ਪੈ ਰਹੇ ਹਨ, ਇਸ ਲਈ ਅਸੀਂ ਅਜਿਹੇ ਤਿਉਹਾਰਾਂ ਤੇ ਪਟਾਖਿਆਂ ਦੀ ਥਾਂ ਕਿਤਾਬਾਂ ਨੂੰ ਇੱਕ ਬਿਹਤਰ ਵਿਕਲਪ ਪੇਸ਼ ਕਰਨ ਲਈ ਸਾਡੇ ਵੱਲੋਂ ਇਸ ਮੌਕੇ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ।
ਇਸਤੋਂ ਇਲਾਵਾ ਭਗਵਾਨ ਦਾਸ ਗੁਰਤੇਜ ਸਿੰਘ ਨਾਇਬ ਸਿੰਘ ਨੇ ਇਸ ਨੇ ਇਸ ਪ੍ਰਦਰਸ਼ਨੀ ਲਈ ਸਹਿਯੋਗ ਕੀਤਾ।