Home News Point ਸਿਰਸਾ ਵਿਖੇ ਹੋਇਆ ਵਿਸ਼ਾਲ ਸਾਹਿਤਕ ਸਮਾਗਮ ਚਰਚਾ, ਪੁਸਤਕ ਲੋਕ-ਅਰਪਣ ਅਤੇ ਕਵਿਤਾ ਪਾਠ ਦਾ ਹੋਇਆ ਆਯੋਜਨ

ਸਿਰਸਾ ਵਿਖੇ ਹੋਇਆ ਵਿਸ਼ਾਲ ਸਾਹਿਤਕ ਸਮਾਗਮ ਚਰਚਾ, ਪੁਸਤਕ ਲੋਕ-ਅਰਪਣ ਅਤੇ ਕਵਿਤਾ ਪਾਠ ਦਾ ਹੋਇਆ ਆਯੋਜਨ

12 second read
0
1
355

ਸਿਰਸਾ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨਾਲ ਸੰਬੰਧਤ ਪੰਜਾਬੀ ਲੇਖਕ ਸਭਾ, ਸਿਰਸਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ, ਸਿਰਸਾ ਵੱਲੋਂ 29 ਮਈ, 2022 ਨੂੰ ਸ਼੍ਰੀ ਯੁਵਕ ਸਾਹਿਤਯ, ਸਦਨ ਸਿਰਸਾ ਵਿਖੇ ਸਾਂਝੇ ਤੌਰ ‘ਤੇ ਇਕ ਵਿਸ਼ਾਲ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਸਮਾਗਮ ਵਿਚ ‘ਅਜੋਕੇ ਸਮਿਆਂ ਵਿਚ ਲੇਖਣ ਅਤੇ ਲੇਖਕਾਂ ਦੀਆਂ ਜ਼ਿੰਮੇਵਾਰੀਆਂ’ ਵਿਸ਼ੇ ਉਪਰ ਚਰਚਾ, ਵਿਰਕ ਪੁਸ਼ਪਿੰਦਰ ਦੇ ਕਾਵਿ-ਸੰਗ੍ਰਹਿ ਦਾ ਲੋਕ-ਅਰਪਣ ਅਤੇ ਪੰਜਾਬੀ-ਹਿੰਦੀ ਭਾਸ਼ੀ ਕਵੀਆਂ ਉਪਰ ਆਧਾਰਿਤ ਕਵਿਤਾ ਪਾਠ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਬੁੱਧ ਅਗਾਂਹਵਧੂ ਚਿੰਤਕ ਕਾ. ਸੁਵਰਨ ਸਿੰਘ ਵਿਰਕ, ਹਿੰਦੀ ਦੇ ਪ੍ਰਤਿਬੱਧ ਪ੍ਰਗਤੀਸ਼ੀਲ ਲੇਖਕ ਪ੍ਰੋ. ਹਰਭਗਵਾਨ ਚਾਵਲਾ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਮੀਤ ਪ੍ਰਧਾਨ, ਹਰਿਆਣਾ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਕਾਰਜਕਾਰਨੀ ਮੈਂਬਰ ਡਾ. ਹਰਵਿੰਦਰ ਸਿੰਘ ਸਿਰਸਾ, ਯੁਵਾ ਕਵਿੱਤਰੀ ਵਿਰਕ ਪੁਸ਼ਪਿੰਦਰ, ਪੰਜਾਬੀ ਲੇਖਕ ਸਭਾ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ, ਸਿਰਸਾ ਦੇ ਪ੍ਰਧਾਨ ਰਮੇਸ਼ ਸ਼ਾਸਤਰੀ ਉਪਰ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।

ਸਮਾਗਮ ਦਾ ਆਗ਼ਾਜ਼ ਪਰਮਾਨੰਦ ਸ਼ਾਸਤਰੀ ਵੱਲੋਂ ਪ੍ਰੋਗਰਾਮ ਦੀ ਰੂਪਰੇਖਾ ਤੋਂ ਜਾਣੂੰ ਕਰਵਾਉਣ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਉਪਰੰਤ ਸਾਕਸ਼ੀ ਮੋਂਗਾ ਵੱਲੋਂ ਸੰਤ ਕਬੀਰ ਜੀ ਦੇ ਦੋਹਿਆਂ ਅਤੇ ਕੁਲਦੀਪ ਸਿਰਸਾ ਵੱਲੋਂ ਪੰਜਾਬੀ ਦੇ ਸਮਰੱਥ ਸ਼ਾਇਰ ਜਗਤਾਰ ਦੀ ਗ਼ਜ਼ਲ ਦੀ ਭਾਵਪੂਰਤ ਪ੍ਰਸਤੁਤੀ ਨਾਲ ਹੋਇਆ। ਇਸ ਉਪਰੰਤ ‘ਦੇਸ ਹਰਿਆਣਾ’ ਪਤ੍ਰਿਕਾ ਦੇ ਸਾਵਿਤਰੀ ਬਾਈ – ਜੋਤੀਬਾ ਫੁਲੇ ਦੇ ਭਾਸ਼ਣ ਅਤੇ ਪੱਤਰ ਵਿਸ਼ੇਸ਼ ਅੰਕ ਨੂੰ ਲੋਕ-ਅਰਪਿਤ ਕੀਤਾ ਗਿਆ ਜਿਸਦੀ ਸੰਖੇਪ ਜਾਣ-ਪਛਾਣ ਪਤ੍ਰਿਕਾ ਦੇ ਸਲਾਹਕਾਰ ਮੰਡਲ ਦੇ ਮੈਂਬਰ ਪਰਮਾਨੰਦ ਸ਼ਾਸਤਰੀ ਨੇ ਕਰਵਾਈ। ਸਮਾਗਮ ਦੇ ਪਹਿਲੇ ਸੈਸ਼ਨ ਵਿਚ ‘ਅਜੋਕੇ ਸਮਿਆਂ ਵਿਚ ਲੇਖਣ ਅਤੇ ਲੇਖਕਾਂ ਦੀਆਂ ਜ਼ਿੰਮੇਵਾਰੀਆਂ’ ਵਿਸ਼ੇ ਉਪਰ ਭਾਵਪੂਰਤ ਚਰਚਾ ਪ੍ਰਸਤੁਤ ਕਰਦੇ ਹੋਏ ਪ੍ਰੋ. ਹਰਭਗਵਾਨ ਚਾਵਲਾ ਨੇ ਮਨੁੱਖੀ ਸਭਿਅਤਾ ਅਤੇ ਇਸਦੇ ਸਾਹਿਤਕ-ਇਤਿਹਾਸਕ ਪੜਾਵਾਂ ਦਾ ਕ੍ਰਮਵਾਰ, ਤਰਕ ਭਰਪੂਰ ਅਤੇ ਵਿਗਿਆਨਕ ਨਜ਼ਰੀਏ ਤੋਂ ਵਿਸ਼ਲੇਸ਼ਣ ਪ੍ਰਸਤੁਤ ਕਰਦਿਆਂ ਇਸ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ। ਪ੍ਰੋ. ਚਾਵਲਾ ਨੇ ਕਿਹਾ ਕਿ ਲੇਖਣ ਹਮੇਸ਼ਾ ਸੁਹਜ ਭਾਵਨਾ ਵਿੱਚੋਂ ਪੈਦਾ ਹੁੰਦਾ ਹੈ। ਸੱਤਿਅਮ-ਸ਼ਿਵਮ-ਸੁੰਦਰਮ ਦੇ ਧਾਰਣੀ ਲੇਖਕ ਨੂੰ ਹਮੇਸ਼ਾ ਸਮਾਜਕ ਨਿਆਂ, ਮਨੁੱਖੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਪੱਖ ਵਿਚ ਡਟੇ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੇਖਕ ਨੂੰ ਹਮੇਸ਼ਾ ਹਾਸ਼ੀਆਗਤ ਆਵਾਮ, ਵੰਚਿਤਾਂ ਅਤੇ ਸ਼ੋਸ਼ਿਤਾਂ ਦੀ ਧਿਰ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੀਤੇ ਤੋਂ ਸਬਕ ਤਾਂ ਸਿੱਖਿਆ ਜਾ ਸਕਦਾ ਹੈ ਪਰ ਉਸ ਵਿੱਚੋਂ ਅਜੋਕੇ ਸਮੇਂ ਦੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਤਲਾਸ਼ਿਆ ਜਾ ਸਕਦਾ।
ਸਮਾਗਮ ਦੇ ਦੂਸਰੇ ਸੈਸ਼ਨ ਵਿਚ ਬਾਬਾ ਫ਼ਰੀਦ ਕਾਲਜ, ਦਿਉਣ ਵਿਖੇ ਕਾਰਜਰਤ ਪ੍ਰੋ. ਵਿਰਕ ਪੁਸ਼ਪਿੰਦਰ ਦੇ ਨਵ-ਪ੍ਰਕਾਸ਼ਿਤ ਪਲੇਠੇ ਕਾਵਿ-ਸੰਗ੍ਰਹਿ ‘ਜੇਕਰ ਦੇਖਦੀ ਨਾ’ ਨੂੰ ਲੋਕ-ਅਰਪਿਤ ਕੀਤਾ ਗਿਆ। ਲੋਕ-ਅਰਪਣ ਰਸਮ ਉਪਰੰਤ ਕਾ. ਸੁਵਰਨ ਸਿੰਘ ਵਿਰਕ ਨੇ ਇਸ ਕਾਵਿ-ਸੰਗ੍ਰਹਿ ਦੀ ਸਮੀਖਿਆ ਬਾਰੇ ਇਕ ਵਿਸਤ੍ਰਿਤ ਪੇਪਰ ਪ੍ਰਸਤੁਤ ਕੀਤਾ। ਉਹਨਾਂ ਕਿਹਾ ਕਿ ‘ਜੇਕਰ ਦੇਖਦੀ ਨਾ’ ਸੰਗ੍ਰਹਿ ਦੀਆਂ ਕਵਿਤਾਵਾਂ ਵਿਰਕ ਪੁਸ਼ਪਿੰਦਰ ਦਾ ਪਹਿਲਾ ਪਲੇਠਾ ਜਤਨ ਹੋਣ ਦੇ ਬਾਵਜ਼ੂਦ ਉਮੀਦ ਉਪਰ ਖ਼ਰਾ ਉਤਰਦੀਆਂ ਹਨ। ਉਹਨਾਂ ਕਿਹਾ ਕਿ 53 ਕਵਿਤਾਵਾਂ ਉਪਰ ਆਧਾਰਿਤ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਸੁੰਦਰਤਾ ਦੇ ਸੰਕਲਪ ਨੂੰ ਕਿਰਤ ਦੇ ਜ਼ਾਵੀਏ ਤੋਂ ਪਰਖਿਆ ਗਿਆ ਹੈ। ਕਿਸਾਨੀ ਅੰਦੋਲਨ ਅਤੇ ਔਰਤ ਮਨ ਦੇ ਵਿਸ਼ਿਆਂ ਨਾਲ ਸੰਬੰਧਤ ਇਹ ਕਵਿਤਾਵਾਂ ਸਿਹਤਮੰਦ ਜੀਵਨ ਮੁੱਲਾਂ ਨਾਲ ਲਬਰੇਜ਼ ਹਨ। ਉਹਨਾਂ ਵਿਰਕ ਪੁਸ਼ਪਿੰਦਰ ਨੂੰ ਮੁਬਾਰਕਬਾਦ ਦੇਂਦਿਆਂ ਕਿਹਾ ਕਿ ਵਿਰਕ ਪੁਸ਼ਪਿੰਦਰ ਪਾਸੋਂ ਪੰਜਾਬੀ ਕਾਵਿ ਸੰਸਾਰ ਨੂੰ ਹੋਰ ਵੱਡੀਆਂ ਉਮੀਦਾਂ ਦੀ ਦਰਕਾਰ ਬਣੀ ਰਹੇਗੀ। ਇਸ ਮੌਕੇ ਆਪਣੀ ਕਾਵਿ ਸਿਰਜਣ ਪ੍ਰਕਿਰਿਆ ਤੋਂ ਜਾਣੂੰ ਕਰਵਾਉਂਦੇ ਹੋਏ ਵਿਰਕ ਪੁਸ਼ਪਿੰਦਰ ਨੇ ਕਿਹਾ ਕਿ ਉਹਨਾਂ ਨੇ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਕਿਸਾਨੀ ਅੰਦੋਲਨ ਅਤੇ ਔਰਤ ਮਨ ਦੀ ਬਾਤ ਪਾਉਂਦਿਆਂ ਅਜੋਕੇ ਦੌਰ ਦਾ ਸਹੀ ਤਰਜ਼ਮਾ ਕਰਨ ਦਾ ਜਤਨ ਕੀਤਾ ਹੈ। ਉਹਨਾਂ ਨੇ ਇਸ ਕਾਵਿ ਸੰਗ੍ਰਹਿ ਨੂੰ ਏਨੀ ਖ਼ੂਬਸੂਰਤੀ ਨਾਲ ਲੋਕ-ਅਰਪਿਤ ਕਰਨ ਲਈ ਆਯੋਜਕਾਂ ਦਾ ਤਹਿ-ਦਿਲ਼ੋਂ ਸ਼ੁਕਰੀਆ ਅਦਾ ਕੀਤਾ ਅਤੇ ‘ਜੇਕਰ ਦੇਖਦੀ ਨਾ’ ਸਿਰਲੇਖ ਸਮੇਤ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ। ਸਮਾਗਮ ਦੇ ਇਸ ਸੈਸ਼ਨ ਦਾ ਸੰਚਾਲਨ ਪੰਜਾਬੀ ਲੇਖਕ ਸਭਾ, ਸਿਰਸਾ ਦੇ ਸਕੱਤਰ ਡਾ. ਹਰਵਿੰਦਰ ਸਿੰਘ ਸਿਰਸਾ ਨੇ ਕੀਤਾ।


ਸਮਾਗਮ ਦੇ ਤੀਜੇ ਹਿੱਸੇ ਵਿਚ ਪੰਜਾਬੀ-ਹਿੰਦੀ ਭਾਸ਼ੀ ਕਵੀਆਂ ਉਪਰ ਆਧਾਰਿਤ ਕਾਵਿ-ਗੋਸ਼ਠੀ ਹੋਈ ਜਿਸਦਾ ਪ੍ਰਗਤੀਸ਼ੀਲ ਲੇਖਕ ਸੰਘ, ਸਿਰਸਾ ਦੇ ਸਕੱਤਰ ਸੁਰਜੀਤ ਸਿਰੜੀ ਨੇ ਬਾਖ਼ੂਬੀ ਖ਼ੂਬਸੂਰਤ ਅੰਦਾਜ਼ ਵਿਚ ਸੰਚਾਲਨ ਕੀਤਾ। ਕਾਵਿ-ਗੋਸ਼ਠੀ ਵਿਚ ਵਿਰਕ ਪੁਸ਼ਪਿੰਦਰ, ਗੀਤਾਂਜਲੀ, ਡਾ. ਹਰਮੀਤ ਕੌਰ, ਡਾ. ਆਰਤੀ ਬਾਂਸਲ, ਛਿੰਦਰ ਕੌਰ ਸਿਰਸਾ, ਰਵਿੰਦਰ ਕੌਰ ਸਚਦੇਵਾ, ਸੁਰੇਸ਼ ਬਰਨਵਾਲ, ਵੀਰੇਂਦਰ ਭਾਟੀਆ, ਦਿਨੇਸ਼ ਹਰਮਨ, ਹੀਰਾ ਸਿੰਘ, ਸੁਰਜੀਤ ਸਿਰੜੀ, ਅਤੇ ਹਰਵਿੰਦਰ ਸਿੰਘ ਸਿਰਸਾ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ।
ਪ੍ਰਗਤੀਸ਼ੀਲ ਲੇਖਕ ਸੰਘ, ਸਿਰਸਾ ਦੇ ਪ੍ਰਧਾਨ ਰਮੇਸ਼ ਸ਼ਾਸਤਰੀ ਨੇ ਸਮਾਗਮ ਦੇ ਸਮਾਪਨ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਭਨਾਂ ਹਾਜ਼ਰੀਨ ਪ੍ਰਤੀ ਸ਼ੁਕਰਾਨੇ ਦਾ ਇਜ਼ਹਾਰ ਕਰਦਿਆਂ ਭਵਿੱਖ ਵਿਚ ਵੀ ਅਜਿਹਾ ਸਹਿਯੋਗ ਬਣਾਏ ਰੱਖਣ ਦੀ ਉਮੀਦ ਜਤਾਈ। ਇਸ ਮੌਕੇ ਸ਼ੀਲ ਕੌਸ਼ਿਕ, ਸਰਬਜੀਤ ਕੌਰ, ਡਾ. ਮੇਘਾ, ਪ੍ਰੋ. ਹਰਪ੍ਰੀਤ ਕੌਰ, ਹਰਬੰਸ ਕੌਰ ਐਡਵੋਕੇਟ, ਪਿੰਕੀ ਰਾਣੀ, ਅੰਸ਼ਦੀਪ ਕੌਰ, ਗੀਤਾਂਜਲੀ, ਮੁਸਕਾਨ, ਕੀਰਤੀ ਸੋਨੀ, ਕੀਰਤੀ ਸਚਦੇਵਾ, ਦਿਲਜੋਤ, ਆਸਥਾ, ਪ੍ਰੋ. ਰੂਪ ਦੇਵਗੁਣ, ਰਾਜ ਕੁਮਾਰ ਨਿਜ਼ਾਤ, ਗੁਰਤੇਜ ਸਿੰਘ ਬਰਾੜ ਐਡਵੋਕੇਟ, ਗਿਆਨ ਪ੍ਰਕਾਸ਼ ਪਿਊਸ਼, ਮੇਜਰ ਸ਼ਕਤੀ ਰਾਜ ਕੌਸ਼ਿਕ, ਕਰਨੈਲ ਸਿੰਘ, ਡਾ. ਸ਼ੇਰ ਚੰਦ, ਡਾ. ਸਿਕੰਦਰ ਸਿੰਘ ਸਿੱਧੂ, ਡਾ. ਗੁਰਪ੍ਰੀਤ ਸਿੰਘ, ਹਰੀਸ਼ ਸੇਠੀ ਝਿਲਮਿਲ, ਪਰਵੀਨ ਬਾਗਲਾ, ਲਾਜ ਪੁਸ਼ਪ, ਗੁਰਜੀਤ ਸਿੰਘ ਮਾਨ, ਸੁਰਿੰਦਰਪਾਲ ਸਾਥੀ, ਪ੍ਰੋ. ਰਾਜੇਂਦਰ ਕੁਮਾਰ ਭੰਵਰੀਆ, ਡਾ. ਵਿਕਰਮ ਬਾਂਸਲ, ਡਾ. ਯਾਦਵਿੰਦਰ ਸਿੰਘ, ਪ੍ਰੋ. ਸੁਰਿੰਦਰ ਪਾਲ ਸ਼ਰਮਾ, ਜਗਦੇਵ ਫੌਗਾਟ, ਅਰਵੇਲ ਸਿੰਘ ਵਿਰਕ, ਗੁਰਸਾਹਿਬ ਸਿੰਘ ਸਿੱਧੂ, ਕੁਲਜੀਤ ਸਿੰਘ, ਹਮਜਿੰਦਰ ਸਿੰਘ ਸਿੱਧੂ, ਅਨੀਸ਼ ਕੁਮਾਰ, ਨਵਨੀਤ ਸਿੰਘ ਰੈਣੂ, ਮੁਖਤਿਆਰ ਸਿੰਘ ਚੱਠਾ, ਹਰਭਜਨ ਸਿੰਘ ਚੱਠਾ, ਮਨਦੀਪ ਮਿੰਟਾ, ਪਰਮਿੰਦਰ ਸਿੰਘ, ਕਾ. ਭਜਨ ਲਾਲ, ਕਾ. ਰਾਜ ਕੁਮਾਰ ਸ਼ੇਖੂਪੁਰੀਆ, ਰੋਹਤਾਸ਼ ਸ਼ੇਖੂਪੁਰੀਆ, ਭੂਪ ਸਿੰਘ ਪੀਟੀਆਈ, ਅਮਰਜੀਤ ਸਿੰਘ, ਵਿਮਲ ਮੌਸੂਨ, ਸੁਨੀਲ ਕੁਮਾਰ, ਪੋਖਰ ਸਿੰਘ, ਤੇਜੇਂਦਰ ਲੋਹੀਆ, ਹਰਦਿਆਲ ਬੇਰੀ, ਸਤਵੰਤ ਸਿੰਘ, ਇਕਬਾਲ ਸਿੰਘ ਆਦਿ ਸਮੇਤ ਸਿਰਸਾ, ਹਿਸਾਰ, ਫਤਿਹਾਬਾਦ ਅਤੇ ਨੇੜੇ-ਤੇੜੇ ਦੇ ਪ੍ਰਬੁੱਧ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿਚ ਹਾਜ਼ਰ ਹੋ ਇਸ ਸਮਾਗਮ ਨੂੰ ਸਫ਼ਲ ਅਤੇ ਸਾਰਥਕ ਬਣਾਇਆ।

ਰਿਪੋਰਟ: ਡਾ. ਹਰਵਿੰਦਰ ਸਿੰਘ ਸਿਰਸਾ (9416253570)

Leave a Reply

Your email address will not be published. Required fields are marked *

Check Also

लायंस क्लब अक्स द्वारा 25 फरवरी को आयोजित होने वाले “अक्स आशीर्वाद सामूहिक कन्यादान समारोह” मे भिवानी की बजेगी शहनाई, मोगा और बठिंडा के कलाकार करवाएंगे विरासत से रुबरु

25 फरवरी को संस्कृति, सभ्यता और विरासत मेला थीम पर आयोजित होगा सामूहिक विवाह समारोह लायंस …