Home updates ਇੱਕ ਨਿਵੇਕਲੀ ਪਿਰਤ ਪਾਉਂਦਾ ਰਸਦੀਪ ਤੇ ਰਾਜਵੀਰ ਦਾ ਵਿਆਹ

ਇੱਕ ਨਿਵੇਕਲੀ ਪਿਰਤ ਪਾਉਂਦਾ ਰਸਦੀਪ ਤੇ ਰਾਜਵੀਰ ਦਾ ਵਿਆਹ

5 second read
0
0
269

ਇੱਕ ਨਿਵੇਕਲੀ ਪਿਰਤ ਪਾਉਂਦਾ ਰਸਦੀਪ ਤੇ ਰਾਜਵੀਰ ਦਾ ਵਿਆਹ

ਅਧਿਆਪਕ ਕੌਮ ਦਾ ਨਿਰਮਾਤਾ ਹੁੰਦਾ ਹੈ  ਅਤੇ ਇਹ ਵੀ ਸੱਚ ਹੈ ਕਿ ਅਧਿਆਪਕ ਇੱਕ ਮੱਚਦੀ ਹੋਈ ਮੋਮਬੱਤੀ ਵਾਂਗ ਹੁੰਦਾ ਹੈ ਜੋ ਆਪਣਾ ਆਪ ਬਾਲ਼ ਕੇ ਦੂਜਿਆਂ ਨੂੰ ਰੌਸ਼ਨੀ ਦਿੰਦਾ ਹੈ। ਉਕਤ ਸਤਰਾਂ ਨੂੰ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਠੇ ਇੰਦਰ ਸਿੰਘ ਵਿਖੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਅਧਿਆਪਨ ਜਿਹੇ ਪਵਿੱਤਰ ਕਾਰਜ ਵਿੱਚ ਆਪਣੀ ਸੇਵਾ ਨਿਭਾ ਰਹੇ ਹਰਿਆਣਾ ਦੇ ਡੱਬਵਾਲੀ ਨੇੜਲੇ ਪਿੰਡ ਅਲੀਕਾਂ ਦੇ ਸਰਦਾਰ ਬਲਵੀਰ ਸਿੰਘ ਅਤੇ ਸਰਦਾਰਨੀ ਪਰਮਜੀਤ ਕੌਰ ਦੇ ਲਾਡਲੇ ਰਸਦੀਪ ਸਿੰਘ ਦਾ ਵਿਆਹ ਗੁਆਂਢੀ ਪਿੰਡ ਮਸੀਤਾਂ ਦੀ ਬੀਬਾ ਰਾਜਵੀਰ ਕੌਰ, ਜੋ ਇੱਕ ਅਧਿਆਪਕਾ ਹੈ, ਸਪੁੱਤਰੀ ਮਾਸਟਰ ਜਸਵੰਤ ਸਿੰਘ ਨਾਲ਼ ਮਿਤੀ:-31.10.2021 ਨੂੰ ਬੜੇ ਹੀ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ਼ ਹੋਏ ਵਿਆਹ ਨੇ ਪ੍ਰਤੱਖ ਕਰ ਵਿਖਾਇਆ।


ਇਹ ਵਿਆਹ ਸ਼ਾਇਦ ਅਜੋਕੇ ਸਮੇਂ ਵਿੱਚ ਪਹਿਲਾ ਅਜਿਹਾ ਵਿਆਹ ਹੋਵੇਗਾ, ਜਿਸ ਵਿੱਚੋਂ ਪੰਜਾਬ ਦਾ ਪੂਰਾ ਸੱਭਿਆਚਾਰ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। ਜਿਵੇਂ ਕਹਿੰਦੇ ਹਨ ਕਿ ਪਿੰਡ ਦਾ ਪਤਾ ਤਾਂ ਗ੍ਹੀਰਿਆਂ ਤੋਂ ਹੀ ਲੱਗ ਜਾਂਦਾ ਹੈ, ਉਸੇ ਤਰ੍ਹਾਂ ਵਿਆਹ ਦੀ ਸਾਦਗੀ ਦਾ ਅੰਦਾਜ਼ਾ ਵਿਆਹ ਦੇ ਸੱਦਾ-ਪੱਤਰ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਜਿਸ ਵਿੱਚ ਵਿਆਹ ਸਮਾਗਮ ਦੀ ਰੂਪ-ਰੇਖਾ ਤੋਂ ਇਲਾਵਾ ਬਿਲਕੁੱਲ ਹੇਠਾਂ ਸਾਫ਼-ਸਾਫ਼ ਲਿਖਿਆ ਹੋਇਆ ਸੀ ਕਿ ਵਿਆਹ ਵਿੱਚ ਨਸ਼ਾ ਕਰਕੇ ਆਉਣ ਦੀ ਮਨ੍ਹਾਹੀ ਹੈ ਅਤੇ ਨਸ਼ਾ ਮੰਗ ਕੇ ਬਿਲਕੁੱਲ ਸ਼ਰਮਿੰਦਾ ਨਾ ਕੀਤਾ ਜਾਵੇ। ਡੀ.ਜੀ. ਵਾਲ਼ੇ ਨੂੰ ਕਿਸੇ ਵੀ ਲੱਚਰ ਜਾਂ ਭੜਕਾਊ ਗੀਤ ਦੀ ਫ਼ਰਮਾਇਸ਼ ਨਾ ਕੀਤੀ ਜਾਵੇ ਅਤੇ ਕਿਸੇ ਵੀ ਕਿਸਮ ਦਾ ਹਥਿਆਰ ਲਿਆਉਣ ਤੋਂ ਵੀ ਵਰਜਿਆ ਗਿਆ ਸੀ। ਵਿਆਹ ਤੋਂ ਇੱਕ ਦਿਨ ਪਹਿਲਾਂ ਟੋਕਣੀ ਉੱਪਰ ਆਟੇ ਦੇ ਦੀਵੇ ਬਣਾ ਕੇ ਜਗਾਈ ਗਈ ਜਾਗੋ ਆਧੁਨਿਕ ਸਮੇਂ ਦੀ ਡਿਜੀਟਲ ਜਾਗੋ ਨੂੰ ਗੋਡਿਆਂ ਥੱਲੇ ਲੈਂਦੀ ਜਾਪੀ। ਜਾਗੋ ਕੱਢਦੇ ਸਮੇਂ ਪਰਿਵਾਰਕ ਬੋਲੀਆਂ ਦੀ ਛਹਿਬਰ ਲਾ ਕੇ ਕੋਈ ਪੰਜਾਹ ਸਾਲ ਪੁਰਾਣੇ ਪੰਜਾਬ ਦਾ ਮਾਹੌਲ ਸਿਰਜ ਦਿੱਤਾ। ਅਗਲੇ ਦਿਨ ਸਵੇਰੇ ਦਿਨ ਚੜ੍ਹਦੇ ਨਾਲ਼ ਹੀ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਗਈ ਅਤੇ ਬਾਅਦ ਵਿੱਚ ਮਟਦਾਦੂ ਪਿੰਡ ਵਿਖੇ ਸਥਿਤ ਰੰਧਾਵਾ ਪੈਲੇਸ ਵਿੱਚ ਬਾਕੀ ਰਸਮਾਂ ਦੀ ਪੂਰਤੀ ਲਈ ਪਹੁੰਚ ਕੀਤੀ ਗਈ।

ਸੱਚ ਜਾਣਿਓ! ਪੈਲੇਸ ਪਹੁੰਚ ਕੇ ਵਿਆਹ ਘੱਟ ਤੇ ਕਿਸੇ ਸੱਭਿਆਚਾਰਕ ਮੇਲੇ ਦਾ ਝਲਕਾਰਾ ਜ਼ਿਆਦਾ ਪੈ ਰਿਹਾ ਸੀ। ਰਸਦੀਪ ਸਿੰਘ ਤੇ ਉਸਦੇ ਸਾਥੀ ਤੇ ਪਰਿਵਾਰਕ ਮੈਂਬਰ ਪੁਰਾਤਨ ਪੁਸ਼ਾਕਾਂ ਵਿੱਚ ਸਜੇ ਹੋਏ ਸਨ। ਕੁੜਤੇ ਚਾਦਰਿਆਂ ਤੇ ਟੌਰੇ ਵਾਲ਼ੀਆਂ ਪੱਗਾਂ ਵਿੱਚ ਸਜੀ ਜਵਾਨੀ ਪਾਟੀਆਂ ਜੀਨਾਂ ਨੂੰ ਮਿੱਟੀ ਰੋਲਦੀ ਨਜ਼ਰੀਂ ਆਈ। ਪੈਲੇਸ ਦੇ ਅੰਦਰ ਦਾਖ਼ਲ ਹੁੰਦਿਆਂ ਹੀ ਸੱਜੇ ਪਾਸੇ ਕਿਤਾਬਾਂ ਦੀ ਪ੍ਰਦਰਸ਼ਨੀ ਤੇ ਵਿਰਾਸਤੀ ਲੋਕ ਸਾਜ ਤੇ ਸੁਆਣੀਆਂ ਦਾ ਸਮਾਨ ਜਿਵੇਂ ਚਰਖ਼ਾ, ਰਿੜਕਣਾ, ਦਰੀਆਂ, ਖੇਸ, ਫੁਲਕਾਰੀਆਂ ਤੇ ਹੋਰ ਕਈ ਤਰ੍ਹਾਂ ਦਾ ਦਿਲ-ਖਿੱਚਵਾਂ ਸਾਜੋ ਸਮਾਨ ਸਜਿਆ ਹੋਇਆ ਸੀ ਅਤੇ ਖੱਬੇ ਪਾਸੇ ਸਮੇਂ ਦੀ ਮੁੱਖ ਲੋੜ ਹਰਿਆਵਲ ਨੂੰ ਬਹਾਲ ਰੱਖਣ ਲਈ ਗਮਲਿਆਂ ਸਮੇਤ ਸਜਾਵਟੀ ਲਈ ਗਮਲਿਆਂ ਸਮੇਤ ਸਜਾਵਟੀ ਬੂਟੇ ਅਤੇ ਹੋਰ ਛਾਂਦਾਰ ਬੂਟੇ ਮੁਫ਼ਤ ਵੰਡੇ ਜਾ ਰਹੇ ਸਨ। ਵਿਆਹ ਵਿੱਚ ਆਰਕੈਸਟਰਾ ਵਾਲ਼ੇ ਮੰਚ ‘ਤੇ ਨਾਟਕ ਦਾ ਮੰਚਨ ਪਹਿਲਾਂ ਕਦੇ ਵੀ ਨਹੀਂ ਵੇਖਿਆ/ਸੁਣਿਆ ਪਰ ਰਸਦੀਪ ਦੇ ਵਿਆਹ ਵਿੱਚ ਇਹ ਵੀ ਅਨੌਖੀ ਹੀ ਪਿਰਤ ਵੇਖਣ ਨੂੰ ਮਿਲੀ। ਜਿਸ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵ ਨੂੰ ਦਰਸਾਉਂਦਾ ਕਰਨ ਲੱਧਾ ਦੀ ਨਿਰਦੇਸ਼ਨਾ ਹੇਠ ਤਿਆਰ ਲਘੂ ਨਾਟਕ ਮਿੱਟੀ ਰੁਦਨ ਕਰੇ ਖੇਡ ਕੇ ਬਰਾਤੀਆਂ ਤੇ ਮੇਲੀਆਂ/ਮੇਲਣਾਂ ਨੂੰ ਬਹੁਤ ਹੀ ਵਧੀਆ ਤੇ ਪ੍ਰਭਾਵਸ਼ਾਲੀ ਸੁਨੇਹਾ ਦਿੱਤਾ ਗਿਆ।


ਇਹ ਵਿਆਹ ਫ਼ੁਕਰਪੁਣੇ ਤੇ ਦਿਖਾਵੇ ਦੇ ਆਡੰਬਰਾਂ ਵਿੱਚ ਫਸੀ ਅਜੋਕੀ ਪੀੜ੍ਹੀ ਨੂੰ ਨਵੀਂ ਸੇਧ ਦੇਣ ਵਾਲ਼ਾ ਸਾਬਤ ਹੋਇਆ। ਕਰਜ਼ਾ ਚੁੱਕ ਕੇ ਕੀਤੇ ਗਏ ਵਿਆਹਾਂ ਵਿੱਚ ਮੁਫ਼ਤ ਦੀ ਸ਼ਰਾਬ ਪੀ ਕੇ ਚੱਲੀ ਗੋਲੀ ਘਰਾਂ ਦੇ ਘਰ ਬਰਬਾਦ ਕਰ ਦਿੰਦੀ ਹੈ। ਮਜ਼ਬੂਰੀ ਵੱਸ ਅੱਧਨੰਗੀਆਂ ਡਾਂਸਰ ਕੁੜੀਆਂ ‘ਤੇ ਮੰਚ ‘ਤੇ ਚੜ੍ਹ ਕੇ ਨੋਟਾਂ ਦੇ ਨੋਟ ਲੁਟਾਉਣ ਵਾਲ਼ੇ ਹੋਸ਼ ਆਈ ‘ਤੇ ਖ਼ੁਦ ਹੀ ਠੱਗੇ ਮਹਿਸੂਸ ਕਰਦੇ ਹਨ ਪਰ ਇਸ ਵਿਆਹ ਵਿੱਚ ਅਜਿਹਾ ਕੁੱਝ ਵੀ ਨਹੀਂ ਸੀ ਤੇ ਅਜਿਹੀਆਂ ਅਲਾਮਤਾਂ ਤਾਂ ਕੋਹਾਂ ਦੂਰ ਹੀ ਸਨ। ਵਿਆਹ ਸਮਾਗਮ ਵਿੱਚ ਸ਼ਾਮਲ ਹਰੇਕ ਮਹਿਮਾਨ ਦੇ ਬੁੱਲ੍ਹਾਂ ‘ਤੇ ਇਸ ਪਹਿਲੀ ਕਿਸਮ ਦੇ ਵਿਆਹ ਦੀਆਂ ਸਿਫ਼ਤਾਂ ਹੀ ਸਿਫ਼ਤਾਂ ਸਨ। ਲੋੜ ਹੈ ਹਰੇਕ ਨੌਜਵਾਨ ਨੂੰ ਰਸਦੀਪ ਸਿੰਘ ਤੇ ਰਾਜਵੀਰ ਕੌਰ ਤੋਂ ਅਜਿਹੀ ਸੇਧ ਲੈਣ ਦੀ ਤੇ ਜੇ ਕਿਤੇ ਪੂਰੇ ਪੰਜਾਬ ਵਿੱਚ ਅਜਿਹੀ ਪਿਰਤ ਪੈ ਜਾਵੇ ਤਾਂ ਪੰਜਾਬ ਮੁੜ ਤੋਂ ਤਰੱਕੀ ਵਿੱਚ ਭਾਰਤ ਦਾ ਮੋਹਰੀ ਸੂਬਾ ਹੋਵੇਗਾ।


ਪ੍ਰਤੱਖ ਦਰਸ਼ਕ ਤੇ ਲੇਖਕ:- ਜਗਮੇਲ ਸਿੰਘ ਕਲਿਆਣ, ਬਠਿੰਡਾ 9041397506

 

Leave a Reply

Your email address will not be published. Required fields are marked *

Check Also

विद्यार्थियों में शिक्षा की अलख जगाने के लिए वरच्युस ज्ञान कोष कार्यक्रम का आगाज -भव्य समारोह में 32 जरूरतमंद छात्राओं में निशुल्क पुस्तकों का किया वितरण

अभी उड़ना है ऊंचा पँखो को खोल के रख…. आज किताब दिवस पर डबवाली की प्रमुख सामाजिक संस्थ…